ਕੇਐੱਮਵੀ ਦੀ ਸਵਿਮਿੰਗ ਅਕੈਡਮੀ ਬਣੀ ਸ਼ਹਿਰ ਵਾਸੀਆਂ ਦੀ ਪਹਿਲੀ ਪਸੰਦ
ਕੇਐੱਮਵੀ ਦੀ ਸਵਿਮਿੰਗ ਅਕੈਡਮੀ ਬਣੀ ਸ਼ਹਿਰ ਵਾਸੀਆਂ ਦੀ ਪਹਿਲੀ ਪਸੰਦ
Publish Date: Mon, 18 May 2026 06:30 PM (IST)
Updated Date: Mon, 18 May 2026 06:30 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਭਾਰਤ ਦੀ ਵਿਰਾਸਤ ਤੇ ਆਟੋਨਾਮਸ, ਸੰਸਥਾ ਕੰਨਿਆ ਮਹਾਂ ਵਿਦਿਆਲਾ, ਜਲੰਧਰ ਸਮੇਂ-ਸਮੇਂ ਤੇ ਅਜਿਹੇ ਕਈ ਉਪਰਾਲੇ ਕਰਦਾ ਹੈ ਜਿਨ੍ਹਾਂ ਰਾਹੀਂ ਲੋਕਾਂ ਵਿੱਚ ਸਿਹਤਮੰਦ ਰਹਿਣ ਦੀ ਮਹੱਤਤਾ ਦਾ ਸੰਦੇਸ਼ ਫੈਲਾਇਆ ਜਾ ਸਕੇ। ਇਸੇ ਲੜੀ ਵਿੱਚ ਕੰਨਿਆ ਮਹਾਂ ਵਿਦਿਆਲਾ ਵਿੱਚ ਕੇ.ਐਮ.ਵੀ. ਸਵਿਮਿੰਗ ਅਕੈਡਮੀ ਨੂੰ ਸਥਾਪਿਤ ਕੀਤਾ ਗਿਆ ਜੋ ਸ਼ਹਿਰ ਵਾਸੀਆਂ ਦੀ ਪਹਿਲੀ ਪਸੰਦ ਬਣ ਰਹੀ ਹੈ। ਡਾਇਰੈਕਟਰ ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਸਵੀਮਿੰਗ ਅਕੈਡਮੀ ਕੰਨਿਆ ਮਹਾਂ ਵਿਦਿਆਲਾ ਵੱਲੋਂ ਸ਼ਹਿਰ ਵਾਸੀਆਂ ਲਈ ਇਕ ਨਿਵੇਕਲਾ ਤੋਹਫ਼ਾ ਹੈ, ਜੋ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿਣ ਵਿਚ ਸਹਾਈ ਹੋ ਰਿਹਾ ਹੈ। ਅਕੈਡਮੀ ਕਾਲਜ ਦੀਆਂ ਵਿਦਿਆਰਥਣਾਂ ਅਤੇ ਬਾਹਰਲੀਆਂ ਵਿਦਿਆਰਥਣਾਂ ਅਤੇ ਔਰਤਾਂ ਲਈ ਆਪਣੀਆਂ ਸ਼ਾਨਦਾਰ ਸਹੂਲਤਾਂ ਨਾਲ ਹਫ਼ਤੇ ਦੇ 6 ਦਿਨ ਬਹੁਤ ਹੀ ਘੱਟ ਫੀਸ ਵਿੱਚ ਖੁੱਲ੍ਹੀ ਰਹਿੰਦੀ ਹੈ। 5 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਤੋਂ ਲੈ ਕੇ 12 ਸਾਲ ਤੱਕ ਦੇ ਲੜਕੇ ਵੀ ਇਸ ਦਾ ਲਾਭ ਲੈ ਰਹੇ ਹਨ। ਇਸ ਅਕੈਡਮੀ ਵਿੱਚ ਜਿੱਥੇ ਪੇਸ਼ੇਵਰ ਮਹਿਲਾ ਅਤੇ ਪੁਰਸ਼ ਕੋਚਾਂ ਵੱਲੋਂ ਕੋਚਿੰਗ ਦਿੱਤੀ ਜਾ ਰਹੀ ਹੈ , ਉੱਥੇ ਨਿੱਜੀ ਕੋਚਿੰਗ ਦਾ ਵੀ ਪ੍ਰਬੰਧ ਕੀਤਾ ਹੈ। ਅਕੈਡਮੀ ਵਿੱਚ ਸਾਫ਼ ਅਤੇ ਸ਼ੁੱਧ ਪਾਣੀ ਦੇ ਨਾਲ-ਨਾਲ ਸਵੱਛਤਾ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਕਾਲਜ ਕੈਂਪਸ ਵਿੱਚ ਬਣੀ ਇਸ ਅਕੈਡਮੀ ਵਿੱਚ ਤੈਰਾਕੀ ਲਈ ਆਉਣ ਵਾਲਿਆਂ ਨੂੰ ਖੁੱਲ੍ਹੀ ਪਾਰਕਿੰਗ ਦੀ ਸਹੂਲਤ ਵੀ ਦਿੱਤੀ ਗਈ ਹੈ।