ਪ੍ਰਿੰਸੀਪਲ ਦਿਵੇਦੀ ਸਰਸਵਤੀ ਸਨਮਾਨ ਨਾਲ ਸਨਮਾਨਿਤ
ਕੇਐੱਮਵੀ ਦੇ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਸਰਸਵਤੀ ਸਨਮਾਨ ਨਾਲ ਸਨਮਾਨਿਤ
Publish Date: Sat, 08 Nov 2025 07:25 PM (IST)
Updated Date: Sat, 08 Nov 2025 07:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਵੀਂ ਦਿੱਲੀ ਵਿਚ ਹੋਈ ਅੰਤਰਰਾਸ਼ਟਰੀ ਆਰੀਆ ਮਹਾਸਭਾ ਦੌਰਾਨ ਕੇਐੱਮਵੀ ਦੇ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੂੰ ਪ੍ਰਸਿੱਧ ਸਰਸਵਤੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਵਿਦਵਾਨ ਸਿੱਖਿਆ ਮਾਹਿਰਾਂ, ਦਰਸ਼ਨ ਸ਼ਾਸਤਰੀਆਂ ਅਤੇ ਬੁੱਧੀਜੀਵੀਆਂ ਵੱਲੋਂ “ਸੁਵਰਨ ਭਾਰਤ ਦੇ ਪੁਨਰ-ਨਿਰਮਾਣ ਵਿੱਚ ਰਿਸ਼ੀ ਪਰੰਪਰਾ ਦਾ ਯੋਗਦਾਨ” ਵਿਸ਼ੇ ‘ਤੇ ਅੰਤਰਰਾਸ਼ਟਰੀ ਵੇਦਿਕ ਖੋਜ ਸੰਮੇਲਨ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮਹਿਮਾਨ ਸਨ। ਪ੍ਰੋ. ਦਿਵੇਦੀ ਨੂੰ ਇਹ ਸਰਸਵਤੀ ਸਨਮਾਨ ਉੱਚ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੀ 40 ਸਾਲ ਤੋਂ ਵੱਧ ਦੀ ਅਣਥੱਕ ਅਤੇ ਸਮਰਪਿਤ ਸੇਵਾ ਲਈ ਦਿੱਤਾ ਗਿਆ। ਹਾਰਵਰਡ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥਣ ਪ੍ਰੋ. ਅਤਿਮਾ ਇੱਕ ਵਿਸ਼ਵ ਪ੍ਰਸਿੱਧ ਸਿੱਖਿਆ ਮਾਹਿਰ ਅਤੇ ਦੂਰਦਰਸ਼ੀ ਵਿਅਕਤੀਤਵ ਦੇ ਮਾਲਕ ਹਨ, ਜਿਨ੍ਹਾਂ ਨੇ ਆਪਣੇ ਪ੍ਰਗਤੀਸ਼ੀਲ ਸੋਚ ਅਤੇ ਨਵੇਂ ਵਿਚਾਰਾਂ ਨਾਲ ਨੌਜਵਾਨ ਦੇ ਸਮੁੱਚੇ ਵਿਕਾਸ ਲਈ ਮੁੱਲ-ਆਧਾਰਿਤ ਤੇ ਵਿਸ਼ਵ ਪੱਧਰੀ ਰੁਝਾਨਾਂ ਅਨੁਸਾਰ ਸਿੱਖਿਆ ਨੀਤੀਆਂ ਤਿਆਰ ਕੀਤੀਆਂ ਹਨ। ਪ੍ਰੋ. ਦਿਵੇਦੀ ਨੂੰ ਇਸ ਤੋਂ ਪਹਿਲਾਂ ਵੀ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਚਾਂ ‘ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ, ਜਿਵੇਂ ਕਿ ਬੈਸਟ ਰਿਸਰਚ ਕੰਟੈਂਟ ਐਵਾਰਡ (ਹਾਰਵਰਡ ਯੂਨੀਵਰਸਿਟੀ, ਅਮਰੀਕਾ), ਰਾਜੀਵ ਗਾਂਧੀ ਐਜੂਕੇਸ਼ਨ ਐਕਸੀਲੈਂਸ ਐਵਾਰਡ (ਨਵੀਂ ਦਿੱਲੀ), ਇੰਡੋ-ਨੇਪਾਲ ਸ਼੍ਰੋਮਣੀ ਐਵਾਰਡ (ਨੇਪਾਲ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਉਪਲੱਬਧੀਆਂ ਲਈ) ਅਤੇ ਅਚੀਵਰ ਆਫ਼ ਦਿ ਮਿਲੇਨੀਅਮ ਐਵਾਰਡ (ਅੰਤਰਰਾਸ਼ਟਰੀ ਅਚੀਵਰਜ਼ ਕਾਨਫਰੈਂਸ, ਬੈਂਕਾਕ, ਥਾਈਲੈਂਡ) ਆਦਿ। ਕੰਨਿਆ ਮਹਾ ਵਿਦਿਆਲਾ (ਸਵਾਇਤ) ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਉਹ ਇਸ ਮਹੱਤਵਪੂਰਨ ਅੰਤਰਰਾਸ਼ਟਰੀ ਸੰਮੇਲਨ ਦੇ ਸਹਿਯੋਗੀਆਂ ਵਿੱਚ ਸ਼ਾਮਲ ਰਿਹਾ। ਤਿੰਨ ਦਿਨਾਂ ਦੇ ਇਸ ਸੰਮੇਲਨ ਵਿੱਚ 1500 ਤੋਂ ਵੱਧ ਖੋਜ ਪੇਪਰ ਪੇਸ਼ ਕੀਤੇ ਗਏ। ਕੰਨਿਆ ਮਹਾ ਵਿਦਿਆਲਾ ਦੀ ਮੈਨੇਜਮੈਂਟ, ਅਧਿਆਪਕਾਂ ਅਤੇ ਵਿਦਿਆਰਥਣਾਂ ਨੇ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੂੰ ਸਰਸਵਤੀ ਸਨਮਾਨ ਪ੍ਰਾਪਤ ਕਰਨ ’ਤੇ ਦਿਲੋਂ ਵਧਾਈ ਦਿੱਤੀ।