ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਡੋਰੀ ਨੂੰ ਸੌਂਪਿਆ ਮੰਗ ਪੱਤਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਿੰਦਰ ਪੰਡੋਰੀ ਨੂੰ ਸੌਂਪਿਆ ਮੰਗ ਪੱਤਰ
Publish Date: Mon, 04 May 2026 09:33 PM (IST)
Updated Date: Mon, 04 May 2026 09:35 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਪਿੰਡ ਕੋਟਲੀ ਗਾਜਰਾਂ ਦੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਵਾਸਤੇ ‘ਆਪ’ ਹਲਕਾ ਇੰਚਾਰਜ ਪਿੰਦਰ ਪੰਡੋਰੀ ਨੂੰ ਮੰਗ ਪੱਤਰ ਸੌਂਪਿਆ ਗਿਆ । ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਤੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਨੇ ਦੱਸਿਆ ਕਿ ਸਰਕਾਰ ਨੇ ਸਾਲ 1956 ਵਿਚ ਸ਼ਾਹਕੋਟ ਦਾਣਾ ਮੰਡੀ ਵਾਸਤੇ ਤਕਰੀਬਨ 100 ਏਕੜ ਜ਼ਮੀਨ ਐਕਵਾਇਰ ਕੀਤੀ ਸੀ ਪਰ ਬਿਨਾਂ ਕਿਸੇ ਠੋਸ ਕਾਰਨ ਦੇ ਮੰਡੀ ਨੂੰ ਬੰਦ ਕਰ ਦਿੱਤਾ ਗਿਆ। ਹੁਣ ਉਹ ਜ਼ਮੀਨ ਆਲੂ ਬੀਜ ਫ਼ਾਰਮ ਦੇ ਨਾਂ ’ਤੇ ਬੇਅਬਾਦ ਪਈ ਹੈ। ਪੰਜਾਬ ਸਰਕਾਰ ਉਸ ਜ਼ਮੀਨ ਨਾਲ ਲੱਗਦੀ 30 ਏਕੜ ਬਹੁ ਫ਼ਸਲੀ ਜ਼ਮੀਨ ਧੱਕੇ ਨਾਲ ਐਕਵਾਇਰ ਕਰਕੇ ਮੰਡੀ ਬੋਰਡ ਨੂੰ ਦੇਣਾ ਚਾਹੁੰਦੀ ਹੈ, ਜਦਕਿ ਇਹ ਰਕਬਾ ਪਹਿਲਾਂ ਐਕਵਾਇਰ ਕੀਤੀ ਜ਼ਮੀਨ ਵਿੱਚੋਂ ਵੀ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਜ਼ਮੀਨ ਦੇ ਮਾਲਕ ਕਿਸਾਨ ਪਹਿਲਾਂ ਹੀ ਥੋੜੀ-ਥੋੜੀ ਜ਼ਮੀਨ ਦੇ ਮਾਲਕ ਹਨ ਤੇ ਉਨ੍ਹਾਂ ਦੇ ਘਰ ਵੀ ਉਸੇ ਜ਼ਮੀਨ ’ਚ ਬਣੇ ਹੋਏ ਹਨ। ਇਸ ਜ਼ਮੀਨ ਵਿੱਚੋਂ ਦੀ ਨਹਿਰੀ ਖਾਲਾ ਵੀ ਨਿਕਲਦਾ ਹੈ ਤੇ ਇਹ ਪੱਕਾ ਖ਼ਾਲਾ ਵੀ ਬੰਦ ਹੋ ਜਾਵੇਗਾ ਜੋ ਅਗਲੇ ਪਿੰਡਾਂ ਤੱਕ ਜ਼ਮੀਨ ਦੀ ਸਿੰਚਾਈ ਕਰਦਾ ਹੈ। ਜੇ ਇੱਥੇ ਮੰਡੀ ਬਣਦੀ ਹੈ ਤਾਂ ਬਰਸਾਤੀ ਦਿਨਾਂ ’ਚ ਪਿਛਲੀਆਂ ਜ਼ਮੀਨਾਂ ਦਰਿਆ ਦਾ ਰੂਪ ਧਾਰਨ ਕਰ ਲੈਣਗੀਆਂ। ਉਹ ਵਿਕਾਸ ਦੇ ਵਿਰੁੱਧ ਨਹੀਂ ਹਾਂ ਜੇ ਸਰਕਾਰ ਨੇ ਮੰਡੀ ਬਣਾਉਣੀ ਹੈ ਤਾਂ ਜਿਹੜੀ 100 ਏਕੜ ਜ਼ਮੀਨ ਪਹਿਲਾਂ ਐਕਵਾਇਰ ਕੀਤੀ ਜਾ ਚੁੱਕੀ ਹੈ ਉੱਥੇ ਮੰਡੀ ਬਣਾਈ ਜਾਵੇ। ਇਸ ਮੌਕੇ ਜ਼ਿਲ੍ਹਾ ਖਜ਼ਾਨਚੀ ਜਗਦੀਸ਼ ਪਾਲ ਸਿੰਘ ਖਾਲਸਾ ਚੱਕ ਬਾਹਮਣੀਆ, ਪ੍ਰਧਾਨ ਨਿਰਮਲ ਸਿੰਘ ਢੰਡੋਵਾਲ, ਪ੍ਰਧਾਨ ਰਜਿੰਦਰ ਸਿੰਘ ਨੰਗਲ ਅੰਬੀਆਂ, ਪੰਡਿਤ ਕ੍ਰਿਸ਼ਨ ਦੇਵ ਮਿਆਣੀ, ਸ਼ੇਰ ਸਿੰਘ, ਤੇਜਾ ਸਿੰਘ ਰਾਮੇ, ਕੁਲਦੀਪ ਸਿੰਘ ਜਾਣੀਆਂ, ਹਰਫੂਲ ਸਿੰਘ ਰਾਜੇਵਾਲ, ਲਵਪ੍ਰੀਤ ਸਿੰਘ ਕੋਟਲੀ ਗਾਜਰਾਂ, ਤੇਜਪਾਲ ਸਿੰਘ, ਜਸਕਰਨ ਸਿੰਘ, ਸਰਬਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਲਖਵਿੰਦਰ ਸਿੰਘ ਕੋਟਲੀ ਗਾਜਰਾਂ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ।