ਅਮਰੀਕਾ-ਇਜ਼ਰਾਈਲ ਹਮਲੇ ਤੋਂ ਬਾਅਦ

ਅਮਰੀਕਾ-ਇਜ਼ਰਾਈਲ ਹਮਲੇ ਤੋਂ ਬਾਅਦ ਗਾਇਬ ਹਨ ਖ਼ਾਮਨੇਈ
ਕਮਜ਼ੋਰੀ ਲੁਕਾਉਣ ਤੇ ਲੋਕੇਸ਼ਨ ਬਚਾਉਣ ਦੀ ਦੋਹਰੀ ਰਣਨੀਤੀ
ਤਹਿਰਾਨ (ਏਐੱਨਆਈ) : ਹੱਥ ਨਾਲ ਲਿਖੀਆਂ ਚਿੱਠੀਆਂ, ਸੀਲਬੰਦ ਲਿਫ਼ਾਫ਼ੇ ਤੇ ਭਰੋਸੇਮੰਦ ਲੋਕਾਂ ਦੀ ਮਨੁੱਖੀ ਲੜੀ ਇਨ੍ਹਾਂ ਦੇ ਸਹਾਰੇ ਅੱਜ ਈਰਾਨ ਦੀ ਸੱਤਾ ਚਲਾਈ ਜਾ ਰਹੀ ਹੈ। ਮੁਜ਼ਤਬਾ ਖ਼ਾਮਨੇਈ ਨੇ ਆਪਣੇ ਪਿਤਾ ਅਲੀ ਖ਼ਾਮਨੇਈ ਦੀ ਮੌਤ ਤੋਂ ਬਾਅਦ ਦੇਸ਼ ਦੀ ਕਮਾਨ ਸੰਭਾਲੀ ਪਰ ਖ਼ੁਦ ਪੂਰੀ ਤਰ੍ਹਾਂ ਜਨਤਕ ਨਜ਼ਰਾਂ ਤੋਂ ਗਾਇਬ ਹਨ। ਨਿਊਯਾਰਕ ਟਾਈਮਸ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੇ ਹੁਕਮ ਆਧੁਨਿਕ ਡਿਜੀਟਲ ਮਾਧਿਅਮਾਂ ਨਾਲ ਨਹੀਂ ਸਗੋਂ ਇਕ ਗੁਪਤ ਮਨੁੱਖੀ ਲੜੀ ਨੈੱਟਵਰਕ ਰਾਹੀਂ ਪਹੁੰਚਾਏ ਜਾ ਰਹੇ ਹਨ ਤਾਂਕਿ ਅਮਰੀਕਾ ਤੇ ਇਜ਼ਰਾਈਲ ਦੀ ਹਾਈਟੈੱਕ ਨਿਗਰਾਨੀ ਤੋਂ ਬਚਿਆ ਜਾ ਸਕੇ ਤੇ ਉਨ੍ਹਾਂ ਦੀ ਲੋਕੇਸ਼ਨ ਦਾ ਕੋਈ ਸੁਰਾਗ ਨਾ ਮਿਲੇ।
ਨਾ ਆਵਾਜ਼, ਨਾ ਚਿਹਰਾ, ਸੁਰੱਖਿਆ ਲਈ ਸਖ਼ਤ ਖ਼ਾਮੋਸ਼ੀ
ਰਿਪੋਰਟ ਅਨੁਸਾਰ ਸੁਪਰੀਮ ਲੀਡਰ ਦਾ ਹੁਣ ਤੱਕ ਕੋਈ ਵੀਡੀਓ ਜਾਂ ਆਡੀਓ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਦੇ ਸੰਦੇਸ਼ ਜਾਂ ਤਾਂ ਲਿਖਤ ਤੌਰ ’ਤੇ ਜਾਰੀ ਹੁੰਦੇ ਹਨ ਜਾਂ ਫਿਰ ਸਰਕਾਰੀ ਟੀਵੀ ’ਤੇ ਪੜ੍ਹ ਕੇ ਸੁਣਾਏ ਜਾਂਦੇ ਹਨ। ਇਸ ਨੂੰ ਇਕ ਸੋਚੀ-ਸਮਝੀ ਰਣਨੀਤੀ ਮੰਨਿਆ ਜਾ ਰਿਹਾ ਹੈ ਤਾਂਕਿ ਪਹਿਲਾਂ ਜਨਤਕ ਸੰਬੋਧਨ ’ਚ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਉਜਾਗਰ ਨਾ ਹੋਵੇ ਤੇ ਦੁਸ਼ਮਨ ਦੇਸ਼ਾਂ ਨੂੰ ਕੋਈ ਤਕਨੀਕੀ ਸੁਰਾਗ ਨਾ ਮਿਲੇ। ਹਾਲਾਤ ਇੰਨੇ ਸੰਵੇਦਨਸ਼ੀਲ ਹਨ ਕਿ ਰਿਵੋਲਿਊਸ਼ਨਰੀ ਗਾਰਡ ਦੇ ਉੱਚ ਕਮਾਂਡਰ ਤੇ ਸੀਨੀਅਰ ਸਰਕਾਰੀ ਅਧਿਕਾਰੀ ਵੀ ਉਨ੍ਹਾਂ ਨੂੰ ਮਿਲਨ ਤੋਂ ਬਚ ਰਹੇ ਹਨ। ਖ਼ਦਸ਼ਾ ਹੈ ਕਿ ਉਨ੍ਹਾਂ ਦੀ ਆਵਾਜਾਈ ਜਾਂ ਸੰਪਰਕ ਦੇ ਜ਼ਰੀਏ ਇਜ਼ਰਾਈਲ ਉਨ੍ਹਾਂ ਦੀ ਲੋਕੇਸ਼ਨ ਟ੍ਰੈਕ ਕਰ ਸਕਦਾ ਹੈ ਤੇ ਇਕ ਹੋਰ ਸਟੀਕ ਹਮਲਾ ਸੰਭਵ ਹੋ ਸਕਦਾ ਹੈ।
ਹਮਲੇ ਦੇ ਜ਼ਖ਼ਮ ਪਰ ਫੈਸਲਿਆਂ ’ਤੇ ਪੂਰੀ ਪਕੜ
ਰਿਪੋਰਟ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ 28 ਫਰਵਰੀ ਨੂੰ ਹੋਏ ਅਮਰੀਕਾ-ਇਜ਼ਰਾਈਲ ਦੇ ਸਾਂਝੇ ਹਮਲੇ ’ਚ ਮੁਜ਼ਤਬਾ ਖ਼ਾਮਨੇਈ ਗੰਭੀਰ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦੇ ਚਿਹਰੇ ਤੇ ਬੁੱਲ੍ਹਾਂ ’ਤੇ ਸੱਟ ਦੇ ਕਾਰਨ ਬੋਲਣ ’ਚ ਦਿੱਕਤ ਹੋ ਰਹੀ ਹੈ। ਇਕ ਪੈਰ ’ਤੇ ਤਿੰਨ ਸਰਜਰੀਆਂ ਤੋਂ ਬਾਅਦ ਹੁਣ ਨਕਲੀ ਪੈਰ ਲਗਾਉਣ ਦੀ ਲੋੜ ਦੱਸੀ ਗਈ ਹੈ ਜਦਕਿ ਜ਼ਖ਼ਮੀ ਹੱਥ ਹੌਲੀ-ਹੌਲੀ ਠੀਕ ਹੋ ਰਿਹਾ ਹੈ। ਇਸ ਦੇ ਬਾਵਜੂਦ ਉਹ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਸਰਗਰਮ ਹਨ ਤੇ ਦੇਸ਼ ਦੇ ਅਹਿਮ ਫੈਸਲਿਆਂ ’ਚ ਲਗਾਤਾਰ ਸ਼ਾਮਲ ਹਨ। ਉਨ੍ਹਾਂ ਦੀ ਦੇਖਭਾਲ ’ਚ ਮਸੂਦ ਪੇਜ਼ੇਸ਼ਕੀਅਨ ਖੁਦ ਸ਼ਾਮਲ ਹਨ ਤੇ ਉਨ੍ਹਾਂ ਦਾ ਟਿਕਾਣਾ ਡਾਕਟਰਾਂ ਦੇ ਮੈਡੀਕਲ ਟੀਮ ਨਾਲ ਘਿਰਿਆ ਹੋਇਆ ਦਸਿਆ ਗਿਆ ਹੈ ਭਾਵ ਇਕ ਅਜਿਹੀ ਲੀਡਰਸ਼ਿਪ ਜੋ ਸਾਹਮਣੇ ਨਹੀਂ ਦਿਸਦੀ ਪਰ ਹਰ ਫੈਸਲੇ ਦੇ ਕੇਂਦਰ ’ਚ ਮੌਜੂਦ ਹੈ।
ਤਣਾਅ ਬਰਕਰਾਰ, ਕੂਟਨੀਤਿਕ ਰਸਤੇ ਬੰਦ
ਈਰਾਨ ਨੇ ਇਨ੍ਹਾਂ ਦਾਅਵਿਆਂ ਨੂੰ ਦੁਸ਼ਮਨ ਦਾ ਪ੍ਰੋਪੇਗੰਡਾ ਦੱਸਦੇ ਹੋਏ ਖਾਰਜ ਕੀਤਾ ਹੈ ਤੇ ਕਿਹਾ ਹੈ ਕਿ ਇਹ ਦੇਸ਼ ਦੀ ਏਕਤਾ ਤੇ ਰਾਸ਼ਟਰੀ ਸੁਰੱਖਿਆ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ। ਹਾਲਾਂਕਿ ਜ਼ਮੀਨੀ ਹਾਲਾਤ ਕੁਝ ਹੋਰ ਹੀ ਸੰਕੇਤ ਦੇ ਰਹੇ ਹਨ। ਅਮਰੀਕਾ ਤੇ ਈਰਾਨ ਵਿਚਾਲੇ ਅਸਹਿਜ ਜੰਗਬੰਦੀ ਜ਼ਰੂਰ ਹੈ ਪਰ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਤਣਾਅ ਸਿਖ਼ਰ ’ਤੇ ਹੈ। ਕੂਟਨੀਤਿਕ ਕੋਸ਼ਿਸ਼ਾਂ ਵੀ ਰੁਕ ਗਈਆਂ ਹਨ ਕਿਉਂਕਿ ਈਰਾਨ ਆਪਣੇ ਪ੍ਰਮਾਣੂ ਅਧਿਕਾਰਾਂ ’ਤੇ ਅਡਿੱਗ ਹੈ ਤੇ ਪ੍ਰਸਤਾਵਿਤ ਮੀਟਿੰਗਾਂ ’ਚ ਸ਼ਾਮਲ ਹੋਣ ਤੋਂ ਨਾਂਹ ਕਰ ਚੁੱਕਾ ਹੈ। ਅਜਿਹੇ ’ਚ ਸੱਤਾ ਦਾ ਇਹ ਖ਼ਾਮੋਸ਼ ਪਰ ਸਖ਼ਤ ਮਾਡਲ ਸਾਫ਼ ਇਸ਼ਾਰਾ ਕਰਦਾ ਹੈ ਕਿ ਈਰਾਨ ਦੀ ਰਣਨੀਤੀ ਹੁਣ ਖੁੱਲ੍ਹ ਕੇ ਨਹੀਂ ਸਗੋਂ ਲੁਕ ਕੇ ਤੇ ਬੇਹੱਦ ਕੰਟ੍ਰੋਲ ਢੰਗ ਨਾਲ ਅੱਗੇ ਵਧ ਰਹੀ ਹੈ, ਜਿਥੇ ਹਰ ਕਦਮ ਸੋਚ-ਸਮਝ ਕੇ ਚੁੱਕਿਆ ਜਾ ਰਿਹਾ ਹੈ।