ਹਫ਼ਤਾਵਾਰੀ ਗੁਰਮਤਿ ਕਲਾਸ ’ਚ ਖਾਲਸਾ ਸਾਜਨਾ ਦਿਵਸ ’ਤੇ ਪਾਇਆ ਚਾਨਣਾ
ਹਫਤਾਵਾਰੀ ਗੁਰਮਤਿ ਕਲਾਸ ’ਚ ਖਾਲਸਾ ਸਾਜਨਾ ਦਿਵਸ ਤੇ ਪਾਇਆ ਚਾਨਣਾ
Publish Date: Sun, 26 Apr 2026 11:06 PM (IST)
Updated Date: Sun, 26 Apr 2026 11:10 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਵੱਲੋਂ ਕੰਵਰ ਸਤਨਾਮ ਸਿੰਘ ਖਾਲਸਾ ਕੰਪਲੈਕਸ ਬਸਤੀ ਸ਼ੇਖ ਮਾਡਲ ਹਾਊਸ ਰੋਡ ਜਲੰਧਰ ਵਿਖੇ ਲਾਈ ਗਈ ਹਫ਼ਤਾਵਾਰੀ ਗੁਰਮਤਿ ਕਲਾਸ ਦੀ ਆਰੰਭਤਾ ਅਭਿਨੀਤ ਕੌਰ ਵੱਲੋਂ ਮੂਲਮੰਤਰ ਦਾ ਜਾਪ ਕਰ ਕੇ ਕੀਤੀ ਗਈ। ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਦੇ ਲੜਕੀਆਂ ਦੇ ਕਵੀਸ਼ਰੀ ਜਥੇ ਵੱਲੋਂ ਖਾਲਸਾ ਸਾਜਨਾ ਦਿਵਸ ਸਬੰਧੀ ਕਵੀਸ਼ਰੀ ਨਾਲ ਹਾਜ਼ਰੀ ਭਰੀ। ਡਾ. ਸਤਿੰਦਰਪਾਲ ਸਿੰਘ ਨੇ ਸਿਹਤ ਨਾਲ ਸਬੰਧਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਗੁਰਮਤਿ ਕਲਾਸ ਨਾਲ ਜਿੱਥੇ ਅਸੀਂ ਗੁਰੂ ਦੇ ਗਿਆਨ ਨਾਲ ਆਪਣੇ ਮਨ ਨੂੰ ਤਕੜਾ ਕਰਨਾ ਹੈ ਉੱਥੇ ਨਾਲ ਹੀ ਅਸੀਂ ਆਪਣੇ ਤਨ ਦੀ ਖੁਰਾਕ ਦਾ ਵੀ ਖਿਆਲ ਰੱਖਣਾ ਹੈI ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਸਰੀਰਕ ਤੰਦਰੁਸਤੀ ਵਾਸਤੇ ਹੀ ਮਲ ਅਖਾੜੇ ਬਣਾਏ ਸਨ। ਉਨ੍ਹਾਂ ਕਿਹਾ ਕਿ ਮਨ ਦੀ ਖੁਰਾਕ ਲਈ ਗੁਰਬਾਣੀ ਤੋਂ ਵੱਡਾ ਹੋਰ ਕੋਈ ਭੋਜਨ ਨਹੀਂ ਹੈ। ਨਿਮਰਤ ਕੌਰ ਨੇ ਗੁਰੂ ਨਾਨਕ ਦੇਵ ਜੀ ਦੀਆ ਸਿੱਖਿਆਵਾਂ ਅਤੇ ਸਾਡਾ ਕਿਰਦਾਰ ਵਿਸ਼ੇ ’ਤੇ ਕਿਹਾ ਕਿ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਜੋ ਸਿੱਖਿਆਵਾਂ ਦੇ ਕੇ ਫੋਕਟ ਦੇ ਕਰਮ ਕਾਂਡਾ ਤੋਂ ਬਾਹਰ ਕੱਢਿਆ ਸੀ, ਅੱਜ ਅਸੀਂ ਫਿਰ ਉਨ੍ਹਾਂ ਵਿੱਚ ਹੀ ਫਸੇ ਹੋਏ ਹਾਂ, ਸਾਨੂੰ ਉਹੋ ਜਿਹੇ ਸਿੱਖ ਦਾ ਕਿਰਦਾਰ ਨਹੀਂ ਲੱਭਦਾ, ਜਿਸ ਨੂੰ ਗੁਰੂ ਜੀ ਨੇ ਆਪ ਆਪਣੇ ਹੱਥੀਂ ਘੜਿਆ ਸੀ। ਰਛਪਾਲ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਿੰਨ ਸੁਨਹਿਰੀ ਉਪਦੇਸ਼ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤਾਂ ਦੀ ਵਿਆਖਿਆ ਕੀਤੀ ਅਤੇ ਕਿਹਾ ਕਿ ਸਾਨੂੰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਪ੍ਰਿੰਸੀਪਲ ਮਨਦੀਪ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਗਏ ਉੱਥੇ ਕੋਈ ਇਤਿਹਾਸਕ ਸਥਾਨ, ਕੋਈ ਗੁਰਦੁਆਰੇ ਨਹੀਂ ਬਣਵਾਏ, ਸਗੋਂ ਇੱਕ ਸਚਿਆਰ ਮਨੁੱਖ ਦੀ ਘਾੜਤ ਘੜਨ ਉੱਪਰ ਜ਼ੋਰ ਦਿੱਤਾ ਅਤੇ ਘਰ-ਘਰ ਅੰਦਰ ਧਰਮਸਾਲ ਬਣਾ ਦਿੱਤੀ।