ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਅਤੇ ਗੈਂਗਸਟਰਵਾਦ ਦੀ ਸਮੱਸਿਆ ਗੰਭੀਰ ਹੋ ਚੁੱਕੀ ਹੈ, ਜਦਕਿ ਸੂਬੇ ਦੀ ਆਰਥਿਕ ਹਾਲਤ ਵੀ ਡਗਮਗਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਰੀ ਕਰਜ਼ੇ ਦੇ ਬਾਵਜੂਦ ਸਿੱਖਿਆ ਤੇ ਸਿਹਤ ਖੇਤਰ ਵਿੱਚ ਵਾਅਦੇ ਪੂਰੇ ਨਹੀਂ ਹੋਏ।
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨਵੇਂ ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸ਼ਨੀਵਾਰ ਨੂੰ ਹੁਸ਼ਿਆਰਪੁਰ ਦੌਰੇ ਦੌਰਾਨ ਸਪੱਸ਼ਟ ਕੀਤਾ ਕਿ ਪਾਰਟੀ ਦਾ ਮੁੱਖ ਟੀਚਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਭਾਜਪਾ ਹੁਣ ਤੋਂ ਹੀ ਸੰਗਠਨਾਤਮਕ ਮਜ਼ਬੂਤੀ ਅਤੇ ਰਣਨੀਤੀ ‘ਤੇ ਕੰਮ ਕਰ ਰਹੀ ਹੈ।
ਉਹ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਨਿਵਾਸ ਸਥਾਨ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਸਨ। ਢਿੱਲੋਂ ਨੇ ਸਾਂਪਲਾ ਨੂੰ ਆਪਣਾ ਪਰਮ ਮਿੱਤਰ ਅਤੇ ਸੀਨੀਅਰ ਆਗੂ ਦੱਸਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਤਜਰਬੇ ਦਾ ਲਾਹਾ ਲੈ ਕੇ ਪਾਰਟੀ ਨੂੰ ਮਜ਼ਬੂਤ ਕਰਨਗੇ।
ਆਮ ਆਦਮੀ ਪਾਰਟੀ ‘ਤੇ ਤਿੱਖਾ ਹਮਲਾ
ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਅਤੇ ਗੈਂਗਸਟਰਵਾਦ ਦੀ ਸਮੱਸਿਆ ਗੰਭੀਰ ਹੋ ਚੁੱਕੀ ਹੈ, ਜਦਕਿ ਸੂਬੇ ਦੀ ਆਰਥਿਕ ਹਾਲਤ ਵੀ ਡਗਮਗਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਰੀ ਕਰਜ਼ੇ ਦੇ ਬਾਵਜੂਦ ਸਿੱਖਿਆ ਤੇ ਸਿਹਤ ਖੇਤਰ ਵਿੱਚ ਵਾਅਦੇ ਪੂਰੇ ਨਹੀਂ ਹੋਏ।
ਕਿਸਾਨੀ ਅਤੇ ਫਸਲੀ ਵਿਭਿੰਨਤਾ ‘ਤੇ ਫੋਕਸ
ਕਿਸਾਨੀ ਮੁੱਦੇ 'ਤੇ ਬੋਲਦਿਆਂ ਢਿੱਲੋਂ ਨੇ ਗੁਆਂਢੀ ਸੂਬੇ ਹਰਿਆਣਾ ਦੀ ਮਿਸਾਲ ਦਿੱਤੀ। ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਫਲਾਂ-ਸਬਜ਼ੀਆਂ ਸਮੇਤ 25 ਫਸਲਾਂ 'ਤੇ ਐਮਐਸਪੀ ਦੇ ਰਹੀ ਹੈ, ਜਦਕਿ ਪੰਜਾਬ ਵਿੱਚ ਸਿਰਫ਼ ਦੋ ਫਸਲਾਂ (ਕਣਕ-ਝੋਨਾ) 'ਤੇ ਐਮਐਸਪੀ ਮਿਲਦੀ ਹੈ ਅਤੇ ਉਹ ਵੀ ਕੇਂਦਰ ਸਰਕਾਰ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹੁਣ ਫਸਲਾਂ ਦੀ ਡਾਇਵਰਸੀਫਿਕੇਸ਼ਨ (ਵਿਭਿੰਨਤਾ) ਵੱਲ ਜਾਣ ਦੀ ਸਖ਼ਤ ਲੋੜ ਹੈ ਕਿਉਂਕਿ ਝੋਨਾ ਹੁਣ ਸਰਪਲਸ ਹੋ ਰਿਹਾ ਹੈ। ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਆਉਂਦੀ ਹੈ, ਤਾਂ ਉਹ ਮੱਕੀ ਅਤੇ ਦਾਲਾਂ ਵਰਗੀਆਂ ਬਦਲਵੀਂ ਫਸਲਾਂ ਨੂੰ ਉਤਸ਼ਾਹਿਤ ਕਰਨਗੇ ਅਤੇ ਉਨ੍ਹਾਂ 'ਤੇ ਐਮਐਸਪੀ ਦੇਣ ਦੇ ਨਾਲ-ਨਾਲ ਖਰੀਦ ਦੀ ਪੂਰੀ ਸੌ ਫੀਸਦੀ ਗਾਰੰਟੀ ਵੀ ਦੇਣਗੇ।
ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ‘ਤੇ ਜਵਾਬ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਬਿਆਨ—ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਹਾਈਕਮਾਂਡ ਨੇ ਪ੍ਰਧਾਨਗੀ ਦੀ ਨਿਯੁਕਤੀ ਵੇਲੇ ਸੂਬੇ ਦੇ ਸੀਨੀਅਰ ਲੀਡਰਾਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ‘ਤੇ ਪ੍ਰਤੀਕਿਰਿਆ ਦਿੰਦਿਆਂ ਢਿੱਲੋਂ ਨੇ ਕਿਹਾ ਕਿ "ਕੈਪਟਨ ਅਮਰਿੰਦਰ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਸੀਨੀਅਰ ਆਗੂ ਹਨ, ਉਹ ਮੇਰੇ ਵੱਡੇ ਭਰਾ ਵਰਗੇ ਹਨ ਅਤੇ ਮੈਂ ਉਨ੍ਹਾਂ ਦੀ ਦਿਲੋਂ ਇੱਜ਼ਤ ਕਰਦਾ ਹਾਂ। ਉਨ੍ਹਾਂ ਦਾ ਪਹਿਲਾ ਟਵੀਟ ਦੇਖੋ, ਜਿਸ ਵਿੱਚ ਉਨ੍ਹਾਂ ਨੇ ਮੈਨੂੰ ਮੁਬਾਰਕਬਾਦ ਦਿੱਤੀ ਹੈ। ਰਹੀ ਗੱਲ ਸਲਾਹ-ਮਸ਼ਵਰੇ ਦੀ, ਤਾਂ ਭਾਜਪਾ ਦਾ ਆਪਣਾ ਇੱਕ ਜਥੇਬੰਦਕ ਸਿਸਟਮ ਹੈ। ਇਸ ਨਿਯੁਕਤੀ ਬਾਰੇ ਤਾਂ ਖ਼ੁਦ ਮੈਨੂੰ ਵੀ ਪਹਿਲਾਂ ਪਤਾ ਨਹੀਂ ਸੀ; ਜਦੋਂ ਮੈਂ ਸਵੇਰੇ ਸਟੇਟ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਜਾ ਰਿਹਾ ਸੀ, ਉੱਥੇ ਜਾ ਕੇ ਹੀ ਮੈਨੂੰ ਪਤਾ ਲੱਗਾ ਕਿ ਪਾਰਟੀ ਨੇ ਮੈਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਹੈ।"
ਢਿੱਲੋਂ ਨੇ ਅੱਗੇ ਕਿਹਾ ਕਿ ਉਹਨਾਂ ਨੇ ਖ਼ੁਦ ਕਾਂਗਰਸ ਵਿੱਚ 35 ਸਾਲ ਕੰਮ ਕੀਤਾ ਹੈ, ਪਰ ਕਾਂਗਰਸ ਅਤੇ ਭਾਜਪਾ ਦੇ ਸੰਗਠਨ ਵਿੱਚ ਜ਼ਮੀਨ-ਆਸਮਾਨ ਦਾ ਫਰਕ ਹੈ। ਭਾਜਪਾ ਦੇ ਅਨੁਸ਼ਾਸਨ ਅਤੇ ਸੰਗਠਨ ਦਾ ਕੋਈ ਮੁਕਾਬਲਾ ਨਹੀਂ ਹੈ। ਇੱਥੇ ਕੋਈ ਜਾਤ-ਪਾਤ ਜਾਂ ਭੇਦਭਾਵ ਨਹੀਂ ਹੈ, ਅਸੀਂ ਸਾਰੇ ਭਾਈਚਾਰਕ ਸਾਂਝ ਨਾਲ ਇਕੱਠੇ ਹਾਂ।
ਸੰਗਠਨ ਅਤੇ ਪਾਰਟੀ ਸੰਸਕਾਰ ‘ਤੇ ਜ਼ੋਰ
ਢਿੱਲੋਂ ਨੇ ਕਿਹਾ ਕਿ ਭਾਜਪਾ ਇੱਕ ਅਨੁਸ਼ਾਸਿਤ ਅਤੇ ਮਜ਼ਬੂਤ ਸੰਗਠਨ ਹੈ, ਜਿੱਥੇ ਸਾਰੇ ਆਗੂ ਇਕੱਠੇ ਹੋ ਕੇ ਕੰਮ ਕਰਦੇ ਹਨ ਅਤੇ ਕਿਸੇ ਤਰ੍ਹਾਂ ਦੀ ਗੁੱਟਬਾਜ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਜਾਤ-ਪਾਤ ਦੀ ਕੋਈ ਗੁੰਜਾਇਸ਼ ਨਹੀਂ ਅਤੇ ਸਾਰੇ ਭਾਈਚਾਰਕ ਤੌਰ ‘ਤੇ ਇਕੱਠੇ ਹਨ।
ਜਾਖੜ ਦੀ ਤਾਰੀਫ਼, ਕਾਂਗਰਸ ‘ਤੇ ਤਨਜ਼
ਉਨ੍ਹਾਂ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਰਟੀ ਦਾ ਵੋਟ ਸ਼ੇਅਰ ਨੂੰ 8% ਤੋਂ 19% ਤੱਕ ਪਹੁੰਚਾਇਆ ਹੈ। ਨਾਲ ਹੀ ਕਾਂਗਰਸ ‘ਤੇ ਤਨਜ਼ ਕਰਦਿਆਂ ਉਨ੍ਹਾਂ ਕਿਹਾ ਕਿ ਉੱਥੇ ਅੰਦਰੂਨੀ ਕਲੇਸ਼ ਹੈ, ਜਦਕਿ ਭਾਜਪਾ ਵਿੱਚ ਐਸੀ ਸਥਿਤੀ ਨਹੀਂ।
ਗਠਜੋੜ 'ਤੇ ਸਪੱਸ਼ਟੀਕਰਨ ਅਤੇ ਸਥਾਨਕ ਚੋਣਾਂ ਦੇ ਅੰਕੜੇ
ਸ਼ਿਰੋਮਣੀ ਅਕਾਲੀ ਦਲ ਨਾਲ ਗਠਜੋੜ ਦੀਆਂ ਚਰਚਾਵਾਂ 'ਤੇ ਬੋਲਦਿਆਂ ਢਿੱਲੋਂ ਨੇ ਸਾਫ਼ ਕੀਤਾ ਕਿ ਭਾਜਪਾ ਆਪਣੇ ਦਮ 'ਤੇ 117 ਵਿਧਾਨ ਸਭਾ ਸੀਟਾਂ ‘ਤੇ ਇਕੱਲੀ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ, ਬਾਕੀ ਗਠਜੋੜ ਬਾਰੇ ਕੋਈ ਵੀ ਅੰਤਿਮ ਫੈਸਲਾ ਕੇਂਦਰੀ ਹਾਈਕਮਾਂਡ ਵੱਲੋਂ ਹੀ ਲਿਆ ਜਾਵੇਗਾ।
ਉਨ੍ਹਾਂ ਨਗਰ ਨਿਗਮ ਚੋਣਾਂ ਦੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ 2021 ਵਿੱਚ ਭਾਜਪਾ ਦੀਆਂ 49 ਸੀਟਾਂ ਸਨ, ਜੋ ਹੁਣ ਵਧ ਕੇ 169 ਹੋ ਗਈਆਂ ਹਨ ਜੋ ਕਿ 200% ਤੋਂ ਵੱਧ ਦੀ ਗ੍ਰੋਥ ਹੈ।
ਬੜੇ ਹਨੂਮਾਨ ਮੰਦਿਰ ਵਿਖੇ ਨਤਮਸਤਕ
ਹੁਸ਼ਿਆਰਪੁਰ ਪਹੁੰਚ ਕੇ ਸਭ ਤੋਂ ਪਹਿਲਾਂ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਸ਼ਹਿਰ ਦੇ ਪ੍ਰਸਿੱਧ 'ਬੜੇ ਹਨੂਮਾਨ ਮੰਦਿਰ' ਵਿਖੇ ਗਏ। ਉੱਥੇ ਉਨ੍ਹਾਂ ਨੇ ਭਗਵਾਨ ਹਨੂਮਾਨ ਦੇ ਚਰਨਾਂ ਵਿੱਚ ਸੀਸ ਨਿਵਾਇਆ, ਮੱਥਾ ਟੇਕਿਆ ਅਤੇ ਪੰਜਾਬ ਦੀ ਅਮਨ-ਸ਼ਾਂਤੀ, ਖੁਸ਼ਹਾਲੀ ਅਤੇ ਆਪਸੀ ਭਾਈਚਾਰਕ ਸਾਂਝ ਲਈ ਅਰਦਾਸ ਕਰਕੇ ਆਪਣੇ ਸਿਆਸੀ ਦੌਰੇ ਦੀ ਸ਼ੁਰੂਆਤ ਕੀਤੀ।