ਰਾਤ 12 ਵਜੇ ਤੱਕ ਖਾਣ-ਪੀਣ ਵਾਲੀਆਂ ਥਾਵਾਂ ਬੰਦ ਕਰਨ ਦੇ ਹੁਕਮ
ਕਾਨੂੰਨ-ਵਿਵਸਥਾ ਨੂੰ ਧਿਆਨ ’ਚ ਰੱਖਦਿਆਂ ਰਾਤ 12 ਵਜੇ ਤੱਕ ਰੈਸਟੋਰੈਂਟ ਤੇ ਹੋਰ ਖਾਣ-ਪੀਣ ਵਾਲੀਆਂ ਥਾਵਾਂ ਬੰਦ ਕਰਨ ਦੇ ਹੁਕਮ ਜਾਰੀ
Publish Date: Mon, 11 May 2026 11:24 PM (IST)
Updated Date: Mon, 11 May 2026 11:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵੱਲੋਂ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਣ ਲਈ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਅਨੁਸਾਰ ਸਾਰੇ ਰੈਸਟੋਰੈਂਟ, ਕਲੱਬ ਤੇ ਹੋਰ ਲਾਇਸੈਂਸ ਪ੍ਰਾਪਤ ਖਾਣ-ਪੀਣ ਵਾਲੀਆਂ ਥਾਵਾਂ ਨੂੰ ਰਾਤ 12 ਵਜੇ ਤੱਕ ਬੰਦ ਕਰਨਾ ਲਾਜ਼ਮੀ ਹੋਵੇਗਾ। ਹੁਕਮਾਂ ’ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸਾਰੇ ਸਥਾਨਾਂ ਨੂੰ ਧੁਨੀ ਪੱਧਰ 10 ਡੀਬੀ ਤੱਕ ਸੀਮਤ ਰੱਖਣਾ ਹੋਵੇਗਾ। ਰਾਤ 10 ਵਜੇ ਤੋਂ ਬਾਅਦ ਡੀਜੇ, ਲਾਈਵ ਆਰਕੈਸਟਰਾ ਤੇ ਗਾਇਕਾਂ ਦੇ ਪ੍ਰੋਗਰਾਮ ਸਮੇਤ ਸਾਰੇ ਸ਼ੋਰ ਦੇ ਸਰੋਤ ਪੂਰੀ ਤਰ੍ਹਾਂ ਬੰਦ ਕਰਨ ਜਾਂ ਉਨ੍ਹਾਂ ਦੀ ਆਵਾਜ਼ ਘਟਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮਿਊਜ਼ਿਕ ਸਿਸਟਮ ਵਾਲੀਆਂ ਗੱਡੀਆਂ ਦੇ ਮਾਮਲੇ ਵਿੱਚ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਗੱਡੀ ਦੇ ਬਾਹਰ ਕੋਈ ਵੀ ਉੱਚੀ ਆਵਾਜ਼ ਨਾ ਸੁਣਾਈ ਦੇਵੇ। ਵਿਆਹ ਸਮਾਗਮਾਂ, ਪਾਰਟੀਆਂ ਅਤੇ ਹੋਰ ਜਨਤਕ ਜਾਂ ਧਾਰਮਿਕ ਥਾਵਾਂ ਜਿਵੇਂ ਮੈਰਿਜ ਪੈਲੇਸ, ਹੋਟਲ ਅਤੇ ਹਾਲ ਆਦਿ ਵਿੱਚ ਹਥਿਆਰ ਲਿਜਾਣ ਅਤੇ ਦਿਖਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਗਈ ਹੈ। ਬੁਲੇਟ ਮੋਟਰਸਾਈਕਲਾਂ ਦੇ ਸਾਈਲੈਂਸਰਾਂ ਵਿੱਚ ਗੈਰ-ਕਾਨੂੰਨੀ ਤਬਦੀਲੀਆਂ ਕਰਕੇ ਪਟਾਖੇ ਵਰਗੀ ਆਵਾਜ਼ ਪੈਦਾ ਕਰਨ ’ਤੇ ਵੀ ਪਾਬੰਦੀ ਲਗਾਈ ਗਈ ਹੈ। ਹੁਕਮਾਂ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਕੋਈ ਵੀ ਦੁਕਾਨਦਾਰ ਨਿਰਧਾਰਤ ਮਾਪਦੰਡਾਂ ਤੋਂ ਵੱਖਰੇ ਸਾਈਲੈਂਸਰ ਨਾ ਵੇਚੇ ਤੇ ਨਾ ਹੀ ਕੋਈ ਮਕੈਨਿਕ ਉਨ੍ਹਾਂ ਵਿੱਚ ਤਬਦੀਲੀ ਕਰੇ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ, ਬੱਸ ਸਟੈਂਡ, ਧਾਰਮਿਕ ਸਥਾਨ, ਹਸਪਤਾਲ, ਭੀੜ-ਭਾੜ ਵਾਲੇ ਬਾਜ਼ਾਰ ਅਤੇ ਹੋਰ ਪਾਰਕਿੰਗ ਸਥਾਨਾਂ ’ਤੇ ਸੀਸੀਟੀਵੀ ਕੈਮਰੇ ਲਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਬਿਨਾਂ ਸੀਸੀਟੀਵੀ ਵਾਲੀ ਪਾਰਕਿੰਗ ਚਲਾਉਣ ’ਤੇ ਰੋਕ ਰਹੇਗੀ। ਇਹ ਸਾਰੇ ਹੁਕਮ 7 ਜੁਲਾਈ ਤੱਕ ਲਾਗੂ ਰਹਿਣਗੇ।