ਕਰਤਾਰ ਸਿੰਘ ਸਰਾਭਾ ਜਨਮ ਦਿਵਸ ਸਮਾਗਮ ਨੇ ਦਿੱਤਾ ਸੰਦੇਸ਼ ‘ਸਮੇਂ ਨੂੰ ਸਰਾਭਿਆਂ ਦੀ ਲੋੜ’
ਕਰਤਾਰ ਸਿੰਘ ਸਰਾਭਾ ਜਨਮ ਦਿਵਸ ਸਮਾਗਮ ਨੇ ਦਿੱਤਾ ਸੰਦੇਸ਼ ‘ਸਮੇਂ ਨੂੰ ਸਰਾਭਿਆਂ ਦੀ ਲੋੜ’
Publish Date: Sun, 24 May 2026 07:04 PM (IST)
Updated Date: Mon, 25 May 2026 04:11 AM (IST)

ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 130ਵੇਂ ਜਨਮ ਦਿਹਾੜੇ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਵਿਚਾਰ-ਚਰਚਾ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਹਰ ਕਿਸਮ ਦੇ ਬਹਿਕਾਵਿਆਂ, ਭਟਕਾਵਿਆਂ ਤੇ ਕਾਲਪਨਿਕ ਸੁਪਨਿਆਂ ਤੋਂ ਬਚਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਦੇ ਸੰਘਰਸ਼ਮਈ ਜੀਵਨ ਤੋਂ ਪ੍ਰੇਰਣਾ ਲੈਣ। ਸਮਾਗਮ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਮੌਕੇ ਇਸ ਤਰ੍ਹਾਂ ਦੀ ਵਿਚਾਰ-ਚਰਚਾ ਦੀ ਲੜੀ ਨਿਰੰਤਰ ਜਾਰੀ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਦੇ ਵਰ੍ਹੇ ਦੌਰਾਨ ਸਾਨੂੰ ਅਣਗੌਲੇ ਇਤਿਹਾਸ ਦੀਆਂ ਪੈੜਾਂ ਨੂੰ ਖੋਜਣ ਤੇ ਸੰਭਾਲਣ ਦਾ ਅਹਿਦ ਕਰਨਾ ਚਾਹੀਦਾ ਹੈ। ਸਮਾਗਮ ਦੀ ਸ਼ੁਰੂਆਤ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੂੰ ਭਾਵਭਿੰਨੀ ਸ਼ਰਧਾਂਜਲੀ ਦੇ ਕੇ ਕੀਤੀ ਗਈ। ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਗਦਰ ਲਹਿਰ, ਕੂਕਾ ਲਹਿਰ, ਬੱਬਰ ਅਕਾਲੀ ਲਹਿਰ ਤੇ ਹੋਰ ਕ੍ਰਾਂਤੀਕਾਰੀ ਅੰਦੋਲਨਾਂ ’ਤੇ ਖੋਜ ਭਰਪੂਰ ਕੰਮ ਕਰਨ ਲਈ ਸਮਰਪਿਤ ਕੀਤੀ। ਸ਼ਰਧਾਂਜਲੀ ਮੌਕੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਪ੍ਰੋ. ਵੜੈਚ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਇਤਿਹਾਸ ਦੇ ਗੰਭੀਰ ਅਧਿਐਨ ਤੇ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ। ਸਮਾਗਮ ਦੇ ਮੁੱਖ ਬੁਲਾਰੇ ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਕਿਹਾ ਕਿ ਮੌਜੂਦਾ ਸਮਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸੋਚ ਤੇ ਸੰਘਰਸ਼ ਤੋਂ ਪ੍ਰੇਰਣਾ ਲੈਣ ਦੀ ਮੰਗ ਕਰਦਾ ਹੈ। ਉਨ੍ਹਾਂ ਸਰਾਭਾ ਦੇ ਬਚਪਨ, ਵਿੱਦਿਅਕ ਜੀਵਨ, ਅਮਰੀਕਾ ’ਚ ਗਦਰ ਪਾਰਟੀ ਨਾਲ ਜੁੜਨ ਤੇ ਆਜ਼ਾਦੀ ਦੀ ਲਹਿਰ ’ਚ ਨਿਭਾਈ ਭੂਮਿਕਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ’ਚ ਜਮਹੂਰੀ ਹੱਕਾਂ, ਸਾਂਝੀ ਵਿਰਾਸਤ ਤੇ ਸਮਾਜਿਕ ਨਿਆਂ ਦੀ ਰੱਖਿਆ ਲਈ ਹਰ ਪੱਧਰ ’ਤੇ ਸੰਘਰਸ਼ ਦੀ ਲੋੜ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦਾਂ ਦੀ ਚੇਤਨਾ ਨੂੰ ਜਗਦੀ ਰੱਖਣ ਲਈ ਅੱਗੇ ਆਉਣ। ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਸਮਾਜ ਅੰਦਰ ਵਧ ਰਹੀ ਬੇਚੈਨੀ ਤੇ ਨਿਰਾਸ਼ਾ ਦੇ ਮਾਹੌਲ ’ਚ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਲਈ ਸਰਾਭਾ ਵਰਗੀਆਂ ਸ਼ਖਸੀਅਤਾਂ ਦੀ ਸੋਚ ਤੋਂ ਪ੍ਰੇਰਣਾ ਲੈਣੀ ਸਮੇਂ ਦੀ ਲੋੜ ਹੈ। ਸਮਾਗਮ ਦੌਰਾਨ ਡਾ. ਪਰਮਿੰਦਰ ਸਿੰਘ, ਸੀਤਲ ਸਿੰਘ ਸੰਘਾ ਸਮੇਤ ਕਮੇਟੀ ਦੇ ਹੋਰ ਅਹੁਦੇਦਾਰ ਤੇ ਵੱਡੀ ਗਿਣਤੀ ’ਚ ਬੁੱਧੀਜੀਵੀ, ਨੌਜਵਾਨ ਤੇ ਸਮਾਜਿਕ ਕਾਰਕੁੰਨ ਹਾਜ਼ਰ ਸਨ। ਮੰਚ ਸੰਚਾਲਨ ਅਮੋਲਕ ਸਿੰਘ ਵੱਲੋਂ ਕੀਤਾ ਗਿਆ।