ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਦੂਜੇ ਪੜਾਅ ਦੀ ਰਾਹਤ ਸੇਵਾ ਜਾਰੀ
ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਦੂਜੇ ਫੇਜ਼ ਦੀ ਰਾਹਤ ਸੇਵਾ ਜਾਰੀ
Publish Date: Tue, 16 Sep 2025 06:48 PM (IST)
Updated Date: Tue, 16 Sep 2025 06:50 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਵੱਲੋਂ ਹਰ ਵਾਰ ਦੀ ਤਰ੍ਹਾਂ ਕੁਦਰਤੀ ਆਫਤਾਂ ਨੂੰ ਨਜਿੱਠਣ ਲਈ ਅਕਾਲ ਸੇਵਾ ਟੀਮਾਂ ਨੂੰ ਭੇਜਣ ਦੀ 26 ਅਗਸਤ ਤੋਂ ਲਗਾਤਾਰ ਸੇਵਾ ਚੱਲ ਰਹੀ ਹੈ। ਟਰੱਸਟ ਦੇ ਉੱਪ-ਪ੍ਰਧਾਨ ਭਾਈ ਜਗਜੀਤ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਪੰਜਾਬ ’ਚ ਹੜ੍ਹ ਰਾਹਤ ਸੇਵਾਵਾਂ ਦੇ ਚੱਲ ਰਹੇ ਦੂਜੇ ਪੜਾਅ ’ਚ ਪਸ਼ੂਆਂ ਦਾ ਚਾਰਾ, ਦਵਾਈਆਂ, ਸੁੱਕਾ ਰਾਸ਼ਨ, ਮੱਛਰਦਾਨੀਆਂ ਤੇ ਬੈੱਡ ਸਮੇਤ ਗੱਦੇ ਆਦਿ ਹੜ੍ਹ-ਪੀੜਤਾਂ ਨੂੰ ਵੰਡਿਆ ਜਾ ਰਿਹਾ ਹੈ। ਅਕਾਲ ਸੇਵਾ ਟੀਮ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਘੋਨੇਵਾਲ, ਮਾਛੀਵਾਲ, ਕੋਟ ਗੁਰਬਖ਼ਸ਼ ਤੇ ਰੂੜੇਵਾਲ ਪਿੰਡਾਂ ’ਚ ਬਿਜਲੀ ਦੇ ਉਪਕਰਨਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ਪਿੰਡਾਂ ’ਚ ਮੈਡੀਕਲ ਕੈਂਪ ਵੀ ਲਗਾਤਾਰ ਚੱਲ ਰਹੇ ਹਨ। ਅਕਾਲ ਸੇਵਾ ਟੀਮ ਵੱਲੋਂ ਲੋਧੀ ਗੁੱਜਰ, ਕਕੜ, ਧਾਰੀਵਾਲ ਕਲੇਰ ਤੇ ਗੱਗੋਵਾਲ ਪਿੰਡਾਂ ’ਚ ਮ੍ਰਿਤਕ ਪਸ਼ੂਆਂ ਨੂੰ ਜੇਸੀਬੀ ਮਸ਼ੀਨਾਂ ਰਾਹੀਂ ਦਫਨਾਇਆ ਗਿਆ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਕਰੀ, ਕਾਦੀਆਂ, ਸਦਾਵਲੀ, ਮਨਾਵਾਲ, ਹਸਨਪੁਰ, ਠਾਕਰਪੁਰ, ਸ੍ਰੀ ਰਾਮ ਕਾਲੋਨੀ, ਦੋਰਾਗਲਾ, ਤਾਜਪੁਰ, ਪੱਖੋਵਾਲ ਤੇ ਪਠਾਨਕੋਟ ਜ਼ਿਲ੍ਹੇ ਦੇ ਬਹੇੜੀ ਬਜ਼ੁਰਗ, ਅੱਤੇਪੁਰ ਤੇ ਭੂਲ ਚੱਕ ਪਿੰਡਾਂ ’ਚ ਰਾਸ਼ਨ ਦੇ ਨਾਲ-ਨਾਲ ਮੈਡੀਕਲ ਸੇਵਾਵਾਂ, ਬਿਜਲੀ ਦੇ ਉਪਕਰਨਾਂ ਦੀ ਮੁਰੰਮਤ ਤੇ ਫੌਗਿੰਗ ਦੀ ਸੇਵਾ ਕੀਤੀ ਜਾ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਦੇਸ਼ ’ਚ ਜਦੋਂ ਵੀ ਕੁਦਰਤੀ ਆਫ਼ਤਾਂ ਆਉਦੀਆਂ ਹਨ ਤਾਂ ਟਰੱਸਟ ਦੀ ਅਕਾਲ ਸੇਵਾ ਟੀਮ ਦੇ ਸੇਵਾਦਾਰ ਨਿਧੜਕ ਹੋ ਕੇ ਹੜ੍ਹ-ਪੀੜਤਾਂ ਦੀ ਸੇਵਾ ਲਈ ਤੱਤਪਰ ਰਹਿੰਦੇ ਹਨ।