ਕਾਕੜ ਪਰਿਵਾਰ ਨੇ ਸਤਿਕਾਰ ਬਿੱਲ ਪਾਸ ਹੋਣ ਦੀ ਖੁਸ਼ੀ ’ਚ ਕਰਵਾਇਆ ਪਾਠ
ਕਾਕੜ ਪਰਿਵਾਰ ਨੇ ਸਤਿਕਾਰ ਬਿੱਲ ਪਾਸ ਹੋਣ ਦੀ ਖੁਸ਼ੀ 'ਚ ਕਰਵਾਇਆ ਪਾਠ
Publish Date: Sun, 26 Apr 2026 07:13 PM (IST)
Updated Date: Sun, 26 Apr 2026 07:16 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪਿੰਡ ਪਰਜੀਆਂ ਕਲਾਂ ਵਿਖੇ ਸਥਿਤ ਗੁਰਦੁਆਰਾ ਤੀਰਥਸਰ ਵਿਖੇ ‘ਆਪ’ ਹਲਕਾ ਇੰਚਾਰਜ ਸਵ. ਰਤਨ ਸਿੰਘ ਕਾਕੜ ਕਲਾਂ ਦੇ ਪਰਿਵਾਰ ਵੱਲੋਂ ਜਾਗਤ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਹਿੱਤ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ‘ਸਤਿਕਾਰ ਐਕਟ 2026’ ਦੀ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਗ੍ਰੰਥੀ ਸਿੰਘ ਭਾਈ ਸੁਖਦੇਵ ਸਿੰਘ ਸ਼ਾਨ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਪੰਜਾਬ ਇਨਫੋਟੈੱਕ ਚੰਡੀਗੜ੍ਹ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਪਤਨੀ ਸਵ. ਰਤਨ ਸਿੰਘ ਨੇ ਸੰਗਤਾਂ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ 2026’ ਵਿਧਾਨ ਸਭਾ ਵਿੱਚ ਪਾਸ ਕਰਕੇ ਇੱਕ ਇਤਿਹਾਸਕ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਾਨੂੰਨ ਵਿੱਚ ਸੋਧ ਕਰ ਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਬੇਅਦਬੀ ਕਰਨ ਵਾਲੇ ਜਾਂ ਇਸ ਦੀ ਸਾਜ਼ਿਸ਼ ਰਚਣ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਦੋਸ਼ੀਆਂ ਲਈ ਉਮਰ ਕੈਦ, 25 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ ਜਾਇਦਾਦ ਜ਼ਬਤ ਕਰਨ ਵਰਗੀਆਂ ਸਖ਼ਤ ਵਿਵਸਥਾਵਾਂ ਪੰਜਾਬ ਵਿਰੋਧੀ ਤਾਕਤਾਂ ਲਈ ਇੱਕ ਸਿੱਧੀ ਚਿਤਾਵਨੀ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਬੀ ਰਣਜੀਤ ਕੌਰ, ਰਾਜਦੀਪ ਕੌਰ, ਸੁਖਮਨਜੋਤ ਕੌਰ, ਅਸੀਸ ਕੌਰ, ਸਾਹਿਬ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਜੀਤ ਸਿੰਘ, ਕੇਵਲ ਕ੍ਰਿਸ਼ਨ ਮੱਟੂ, ਅਮਰਜੀਤ ਕੌਰ, ਗੁਰਮੀਤ ਸਿੰਘ, ਰਣਜੀਤ ਸਿੰਘ, ਗਗਨਦੀਪ ਸਿੰਘ, ਹਰਭਜਨ ਸਿੰਘ ਖ਼ਾਲਸਾ, ਅਵਤਾਰ ਸਿੰਘ ਐੱਮਡੀ., ਅਮਰੀਕ ਸਿੰਘ, ਮਦਨ ਲਾਲ, ਮਨਦੀਪ ਸਿੰਘ ਝੀਤਾ ਪੀਏ, ਜਗੀਰ ਸਿੰਘ ਕਾਕੜ, ਲਛਮਣ ਸਿੰਘ ਪੂਨੀਆ, ਤੇਜੀ ਕੰਗ, ਲਖਵੀਰ ਸਿੰਘ ਲੱਖਾ, ਬਲਾਕ ਪ੍ਰਧਾਨ ਬਲਬੀਰ ਸਿੰਘ, ਕਮਲ ਢਿੱਲੋਂ, ਰਮੇਸ਼ ਹੰਸ ਤੇ ਬਲਵਿੰਦਰ ਕੌਰ ਹੰਸ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਤੇ ਪਤਵੰਤੇ ਹਾਜ਼ਰ ਸਨ।