ਮਲੇਰੀਏ ਦੇ ਖ਼ਾਤਮੇ ਲਈ ਸਾਂਝੇ ਯਤਨਾਂ ਦੀ ਲੋੜ : ਡਾ. ਗਰਗ
ਵਿਸ਼ਵ ਮਲੇਰੀਆ ਦਿਵਸ 'ਤੇ
Publish Date: Sat, 25 Apr 2026 10:52 PM (IST)
Updated Date: Sat, 25 Apr 2026 10:55 PM (IST)
ਵਿਸ਼ਵ ਮਲੇਰੀਆ ਦਿਵਸ 'ਤੇ ਸਿਹਤ ਵਿਭਾਗ ਨੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਜਾਸ, ਜਲੰਧਰ : ਵਿਸ਼ਵ ਮਲੇਰੀਆ ਦਿਵਸ ਦੇ ਮੌਕੇ ਸਿਹਤ ਵਿਭਾਗ ਵੱਲੋਂ ਸ਼ਨਿਚਰਵਾਰ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭਾਰਗੋ ਕੈਂਪ ਤੇ ਸਰਕਾਰੀ ਮਿਡਲ ਸਕੂਲ ਬੂਟਾਂ ਪਿੰਡ ’ਚ ਖਾਸ ਜਾਗਰੂਕਤਾ ਸੈਮੀਨਾਰ ਕਰਵਾਏ ਗਏ। ਇਸ ਮੌਕੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਇਸ ਸਾਲ ਇਹ ਦਿਵਸ "ਡ੍ਰਾਈਵਨ ਟੂ ਐਂਡ ਮਲੇਰੀਆ, ਨਾਉ ਵੀ ਕੈਨ, ਨਾਉ ਵੀ ਮਸਟ" ਥੀਮ ਤਹਿਤ ਮਨਾਇਆ ਜਾ ਰਿਹਾ ਹੈ।
ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਮਲੇਰੀਆ ਮਾਦਾ ਐਨੋਫਿਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਜਿਸ ਕਾਰਨ ਮਰੀਜ਼ ਨੂੰ ਤੇਜ਼ ਬੁਖਾਰ ਤੇ ਸਰੀਰ ’ਚ ਕੰਬਣੀ ਛਿੜਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਲੇਰੀਆ ਰੋਕਥਾਮ ਯੋਗ ਤੇ ਪੂਰੀ ਤਰ੍ਹਾਂ ਇਲਾਜ ਯੋਗ ਬਿਮਾਰੀ ਹੈ ਪਰ ਇਸਦੇ ਖਤਮ ਕਰਨ ਲਈ ਸਮੂਹਿਕ ਯਤਨਾਂ ਦੀ ਬਹੁਤ ਜ਼ਰੂਰਤ ਹੈ।
ਡਾ. ਗਰਗ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਮਲੇਰੀਆ ਦੀ ਰੋਕਥਾਮ ਲਈ ਆਪਣੇ ਆਸ-ਪਾਸ ਕਿਸੇ ਵੀ ਥਾਂ ਪਾਣੀ ਨਾ ਜਮ੍ਹਾਂ ਹੋਣ ਦਿਓ। ਜੇ ਬੁਖਾਰ ਜਾਂ ਕੰਬਣੀ ਵਰਗੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੋ। ਸਰਕਾਰੀ ਹਸਪਤਾਲਾਂ ’ਚ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ।
ਇਸ ਮੁਹਿੰਮ ਤਹਿਤ ਸ਼ਨਿਚਰਵਾਰ ਨੂੰ ਭਾਰਗੋ ਕੈਂਪ ਸਕੂਲ ’ਚ ਮੈਡੀਕਲ ਅਫਸਰ ਡਾ. ਤੇਜਿੰਦਰ ਸਿੰਘ ਦੇ ਅਗਵਾਈ ਵਿਚ ਟੀਮ ਨੇ ਲਾਰਵਾ ਪੈਦਾ ਹੋਣ ਵਾਲੀਆਂ ਥਾਵਾਂ ਦੀ ਜਾਂਚ ਕੀਤੀ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਬੈਨਰ ਤੇ ਪੋਸਟਰਾਂ ਜ਼ਰੀਏ ਮਲੇਰੀਆ ਤੋਂ ਬਚਾਅ ਦੇ ਤਰੀਕੇ ਸਮਝਾਏ ਗਏ ਤੇ ਉਨ੍ਹਾਂ ਨੂੰ ਮਲੇਰੀਆ ਦੇ ਖਾਤਮੇ ਦੇ ਸਹੁੰ ਵੀ ਚੁਕਾਈ ਗਈ। ਇਸ ਸੈਮੀਨਾਰ ’ਚ ਪ੍ਰਿੰਸੀਪਲ ਸ਼ਾਮ ਕੁਮਾਰ, ਸੁਖਜਿੰਦਰ ਸਿੰਘ, ਅੰਮ੍ਰਿਤਪਾਲ, ਅਮਿਤ ਕੁਮਾਰ, ਰਾਜਵਿੰਦਰ ਸਿੰਘ, ਰਾਜੀਵ ਕੁਮਾਰ, ਪ੍ਰਦੀਪ ਕੁਮਾਰ, ਅਮਨਪ੍ਰੀਤ ਕੌਰ, ਬਲਬੀਰ ਕੌਰ, ਸਵਿਤਾ ਤੇ ਅਧਿਆਪਕ ਸ਼ਵੇਤਾ, ਸਤਵੀਰ ਕੌਰ, ਮੋਨਿਕਾ, ਰਾਜਿੰਦਰ ਕੌਰ, ਰਿੰਕੂ ਤੇ ਸ਼ਿਫਾਲੀ ਸ਼ਰਮਾ ਮੌਜੂਦ ਰਹੇ।
ਦੂਜੇ ਪਾਸੇ, ਸਰਕਾਰੀ ਮਿਡਲ ਸਕੂਲ ਬੂਟਾਂ ਪਿੰਡ ’ਚ ਏਐੱਮਓ ਡਾ. ਦੇਵਰਾਜ ਤੇ ਡਾ. ਮੋਨਿਕਾ ਦੀ ਆਰਬੀਐੱਸਕੇ ਟੀਮ ਨੇ ਵਿਦਿਆਰਥੀਆਂ ਨੂੰ ਇਸ ਬਿਮਾਰੀ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤਾਂ ਜੋ ਬੱਚੇ ਆਪਣੇ ਪਰਿਵਾਰਾਂ ਨੂੰ ਵੀ ਜਾਗਰੂਕ ਕਰ ਸਕਣ। ਇਸ ਮੌਕੇ ਫਾਰਮਾਸਿਸਟ ਕਾਮਨਾ ਤੇ ਅਧਿਆਪਕ ਕਿਰਨ ਬਾਲਾ ਤੇ ਮੀਰਾ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।