ਹੁਸ਼ਿਆਰਪੁਰ 'ਚ ਆਬਕਾਰੀ ਵਿਭਾਗ ਤੇ ਪੁਲਿਸ ਦਾ ਸਾਂਝਾ ਐਕਸ਼ਨ: ਭੰਗ ਦੇ ਬੂਟਿਆਂ ਦੀ ਓਟ 'ਚ ਚੱਲ ਰਹੇ ਨਜਾਇਜ਼ ਸ਼ਰਾਬ ਦੇ ਧੰਦੇ ਦਾ ਪਰਦਾਫ਼ਾਸ਼; UP ਦਾ ਨੌਜਵਾਨ ਗ੍ਰਿਫ਼ਤਾਰ
ਜ਼ਿਲ੍ਹਾ ਪੁਲਿਸ ਅਤੇ ਆਬਕਾਰੀ ਵਿਭਾਗ ਵੱਲੋਂ ਨਸ਼ਾ ਤਸਕਰਾਂ ਅਤੇ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰੀਆਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਥਾਣਾ ਬੁੱਲੋਵਾਲ ਦੇ ਖੇਤਰ ਵਿੱਚ ਆਉਂਦੇ ਪਿੰਡ ਸੀਕਰੀ ਵਿਖੇ ਛਾਪੇਮਾਰੀ ਕਰਕੇ ਇੱਕ ਵਿਅਕਤੀ ਨੂੰ ਨਜਾਇਜ਼ ਸ਼ਰਾਬ ਸਣੇ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ ਵਿਜੇ ਪੁੱਤਰ ਸ਼੍ਰੀਪਾਲ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ (UP) ਦਾ ਰਹਿਣ ਵਾਲਾ ਹੈ ਅਤੇ ਅੱਜ-ਕੱਲ੍ਹ ਪਿੰਡ ਸੀਕਰੀ ਵਿਖੇ ਰਹਿ ਰਿਹਾ ਸੀ।
Publish Date: Wed, 20 May 2026 12:03 PM (IST)
Updated Date: Wed, 20 May 2026 12:04 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਅਤੇ ਆਬਕਾਰੀ ਵਿਭਾਗ ਵੱਲੋਂ ਨਸ਼ਾ ਤਸਕਰਾਂ ਅਤੇ ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰੀਆਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਥਾਣਾ ਬੁੱਲੋਵਾਲ ਦੇ ਖੇਤਰ ਵਿੱਚ ਆਉਂਦੇ ਪਿੰਡ ਸੀਕਰੀ ਵਿਖੇ ਛਾਪੇਮਾਰੀ ਕਰਕੇ ਇੱਕ ਵਿਅਕਤੀ ਨੂੰ ਨਜਾਇਜ਼ ਸ਼ਰਾਬ ਸਣੇ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ ਵਿਜੇ ਪੁੱਤਰ ਸ਼੍ਰੀਪਾਲ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ (UP) ਦਾ ਰਹਿਣ ਵਾਲਾ ਹੈ ਅਤੇ ਅੱਜ-ਕੱਲ੍ਹ ਪਿੰਡ ਸੀਕਰੀ ਵਿਖੇ ਰਹਿ ਰਿਹਾ ਸੀ।
ਭੰਗ ਦੇ ਬੂਟਿਆਂ ਦੀ ਓਟ 'ਚ ਲੁਕਾਇਆ ਸੀ ਸਟਾਕ
ਜਾਣਕਾਰੀ ਮੁਤਾਬਕ, ਆਬਕਾਰੀ ਇੰਸਪੈਕਟਰ ਲਵਪ੍ਰੀਤ ਸਿੰਘ ਦੀ ਅਗਵਾਈ ਹੇਠ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਇਲਾਕੇ ਵਿੱਚ ਗਸ਼ਤ 'ਤੇ ਸੀ। ਇਸੇ ਦੌਰਾਨ ਇੱਕ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਵਿਜੇ ਆਪਣੇ ਘਰ ਦੇ ਬਾਹਰ ਗੈਰ-ਕਾਨੂੰਨੀ ਢੰਗ ਨਾਲ ਸ਼ਰਾਬ ਲੁਕਾ ਕੇ ਵੇਚਣ ਦਾ ਧੰਦਾ ਕਰਦਾ ਹੈ। ਸੂਚਨਾ ਦੇ ਆਧਾਰ 'ਤੇ ਜਦੋਂ ਟੀਮ ਨੇ ਤੁਰੰਤ ਰੇਡ ਕੀਤੀ ਤਾਂ ਮੁਲਜ਼ਮ ਘਰ ਦੇ ਨੇੜੇ ਉੱਗੇ ਭੰਗ ਦੇ ਬੂਟਿਆਂ ਦੀ ਓਟ ਵਿੱਚ ਖੜ੍ਹਾ ਮਿਲਿਆ, ਜਿਸ ਨੂੰ ਪੁਲਿਸ ਨੇ ਘੇਰਾਬੰਦੀ ਕਰਕੇ ਕਾਬੂ ਕਰ ਲਿਆ।
22 ਬੋਤਲਾਂ ਮਾਰਕਾ ਵਿਸਕੀ ਬਰਾਮਦ
ਮੌਕੇ 'ਤੇ ਕੀਤੀ ਗਈ ਤਲਾਸ਼ੀ ਦੌਰਾਨ ਉੱਥੇ ਪਏ ਇੱਕ ਪਲਾਸਟਿਕ ਦੇ ਬੋਰੇ ਵਿੱਚੋਂ ਪੁਲਿਸ ਨੂੰ "ਪੰਜਾਬ ਕਲੱਬ ਗੋਲਡ ਵਿਸਕੀ" ਮਾਰਕਾ ਦੀਆਂ 22 ਬੋਤਲਾਂ (ਹਰੇਕ ਬੋਤਲ 750 ਮਿ.ਲੀ.) ਬਰਾਮਦ ਹੋਈਆਂ। ਪੁਲਿਸ ਮੁਤਾਬਕ ਮੁਲਜ਼ਮ ਇਸ ਸ਼ਰਾਬ ਨੂੰ ਇਲਾਕੇ ਵਿੱਚ ਸਪਲਾਈ ਕਰਨ ਦੀ ਫ਼ਿਰਾਕ ਵਿੱਚ ਸੀ।
ਕਾਨੂੰਨੀ ਕਾਰਵਾਈ ਸ਼ੁਰੂ
ਥਾਣਾ ਬੁੱਲੋਵਾਲ ਦੀ ਪੁਲਿਸ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਵਿਜੇ ਖ਼ਿਲਾਫ਼ ਆਬਕਾਰੀ ਐਕਟ (Excise Act) ਦੀਆਂ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਇਹ ਸ਼ਰਾਬ ਕਿੱਥੋਂ ਲੈ ਕੇ ਆਉਂਦਾ ਸੀ ਅਤੇ ਇਸ ਨਾਜਾਇਜ਼ ਨੈੱਟਵਰਕ ਵਿੱਚ ਉਸ ਦੇ ਨਾਲ ਹੋਰ ਕੌਣ-ਕੌਣ ਸ਼ਾਮਲ ਹਨ।