ਭਾਰਤ-ਜਮਾਇਕਾ ਸਬੰਧਾਂ ’ਚ ਕ੍ਰਿਕਟ ਦੀ ਖ਼ਾਸ ਭੂਮਿਕਾ
ਕਿਹਾ-ਇਹ ਖੇਡ ਦੋਵਾਂ ਦੇਸ਼ਾਂ
Publish Date: Mon, 04 May 2026 07:51 PM (IST)
Updated Date: Mon, 04 May 2026 07:53 PM (IST)
ਕਿਹਾ-ਇਹ ਖੇਡ ਦੋਵਾਂ ਦੇਸ਼ਾਂ ਵਿਚਾਲੇ ਪੁਲ ਦਾ ਕਰਦੀ ਹੈ ਕੰਮ
ਸਬੀਨਾ ਪਾਰਕ ’ਚ ਇਲੈਕਟ੍ਰਾਨਿਕ ਸਕੋਰ ਬੋਰਡ ਦਾ ਕੀਤਾ ਉਦਘਾਟਨ
ਕਿੰਗਸਨਟ (ਪੀਟੀਆਈ) : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਭਾਰਤ ਦੇ ਜਮਾਇਕਾ ਦੇ ਸਬੰਧਾਂ ’ਚ ਕ੍ਰਿਕਟ ਦੀ ਵਿਸ਼ੇਸ਼ ਭੂਮਿਕਾ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਕ੍ਰਿਕਟ ਪੁਲ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਭਾਰਤ ਵੱਲੋਂ ਇਸ ਕੈਰੇਬਿਆਈ ਦੇਸ਼ ਨੂੰ ਤੋਹਫੇ ’ਚ ਦਿੱਤੇ ਗਏ ਇਲੈਕਟ੍ਰਾਨਿਕ ਸਕੋਰ ਬੋਰਡ ਦੇ ਉਦਘਾਟਨ ਮੌਕੇ ਇਹ ਗੱਲ ਕਹੀ। ਜੈਸ਼ੰਕਰ ਨੇ ਐਤਵਾਰ ਨੂੰ ਇਥੇ ਇਤਿਹਾਸਕ ਕ੍ਰਿਕਟ ਮੈਦਾਨ ਸਬੀਨਾ ਪਾਰਕ ’ਚ ਇਲੈਕਟ੍ਰਾਨਿਕ ਸਕੋਰ ਬੋਰਡ ਦੇ ਉਦਘਾਟਨ ਮੌਕੇ ਕਰਵਾਏ ਪ੍ਰੋਗਰਾਮ ’ਚ ਕਿਹਾ ਕਿ ਕ੍ਰਿਕਟ ਭਾਰਤ ਤੇ ਜਮਾਇਕਾ ਵਿਚਾਲੇ ਸਬੰਧਾਂ ਨੂੰ ਗੂੜ੍ਹਾ ਕਰਦਾ ਹੈ ਤੇ ਭਾਰਤ ’ਚ ਇਕ ਅਰਬ ਤੋਂ ਵੱਧ ਲੋਕ ਇਸ ਖੇਡ ਨੂੰ ਪੂਰੇ ਜਨੂੰਨ ਨਾਲ ਦੇਖਦੇ ਹਨ। ਉਨ੍ਹਾਂ ਕਿਹਾ,‘ਖੇਡ ਸਾਂਝਾ ਤਜਰਬਾ ਹੈ ਤੇ ਆਪਸੀ ਸਨਮਾਨ ਨੂੰ ਬੜਾਵਾ ਦੇ ਕੇ ਦੇਸ਼ਾਂ ਨੂੰ ਨੇੜੇ ਲਿਆਉਂਦਾ ਹੈ। ਜਿਥੋਂ ਤੱਕ ਭਾਰਤ ਤੇ ਜਮਾਇਕਾ ਦੀ ਗੱਲ ਹੈ ਤਾਂ ਕ੍ਰਿਕਟ ਦਾ ਇਸ ’ਚ ਖ਼ਾਸ ਮਹੱਤਵ ਹੈ।’
ਇਸ ਮੌਕੇ ’ਤੇ ਜਮਾਇਕਾ ਦੇ ਪ੍ਰਧਾਨ ਮੰਤਰੀ ਐਂਡ੍ਰਿਊ ਹੋਲਨੇਸ ਵੀ ਮੌਜੂਦ ਰਹੇ। ਜੈਸ਼ੰਕਰ ਨੇ ਕਿਹਾ ਕਿ ਇਸ ਮੈਦਾਨ ਨਾਲ ਭਾਰਤੀ ਕ੍ਰਿਕਟ ਦੀਆਂ ਖ਼ਾਸ ਯਾਦਾਂ ਜੁੜੀਆਂ ਹਨ, ਜਿਨ੍ਹਾਂ ’ਚ ਦਿੱਗਜ਼ ਕ੍ਰਿਕਟਰ ਰਾਹੁਲ ਦ੍ਰਾਵਿੜ ਦਾ ਸੈਂਕੜਾ ਤੇ 2011 ’ਚ ਵਿਰਾਟ ਕੋਹਲੀ ਦਾ ਟੈਸਟ ਕ੍ਰਿਕਟ ’ਚ ਡੈਬਿਊ ਸ਼ਾਮਲ ਹਨ। ਉਨ੍ਹਾਂ ਨੇ ਜਮਾਇਕਾ ਦੀ ਅਮੀਰ ਕ੍ਰਿਕਟ ਵਿਰਾਸਤ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਜਾਰਜ ਹੈਡਲੀ, ਮਾਈਕਲ ਹੋਲਡਿੰਗ, ਕਰਟਨੀ ਵਾਲਸ਼, ਕ੍ਰਿਸ ਗੇਲ ਤੇ ਐਂਡ੍ਰਿਊ ਰਿਚਰਡਸਨ ਵਰਗੇ ਮਹਾਨ ਖਿਡਾਰੀਆਂ ਨੇ ਇਸ ਦੇਸ਼ ਨੂੰ ਵਿਸ਼ਵ ਪੱਧਰ ’ਤੇ ਅਥਾਹ ਸਨਮਾਨ ਦਿਵਾਇਆ ਹੈ। ਜੈਸ਼ੰਕਰ ਜਮਾਇਕਾ, ਸੂਰੀਨਾਮ ਤੇ ਤ੍ਰਿਨੀਦਾਦ ਤੇ ਟੋਬੈਗੋ ਦੀ ਆਪਣੀ ਨੌਂ ਦਿਨਾਂ ਯਾਤਰਾ ਦੇ ਤਹਿਤ ਸ਼ਨੀਵਾਰ ਸ਼ਾਮ ਕਿੰਗਸਟਨ ਪਹੁੰਚੇ।
ਉੱਥੇ ਵੀ ਗਏ, ਜਿਥੇ ਭਾਰਤੀਆਂ ਦੇ ਪਏ ਪਹਿਲੇ ਕਦਮ
ਜਮਾਇਕਨ ਗਲੀਨਰ ਅਖ਼ਬਾਰ ’ਚ ਐਤਵਾਰ ਨੂੰ ਛਪੇ ਇਕ ਲੇਖ ’ਚ ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਜਮਾਇਕਾ ਵਿਚਾਲੇ ਸਬੰਧ ਨਿਰੰਤਰਤਾ ਤੇ ਬਦਲਾਅ ਤੋਂ ਪ੍ਰੇਰਿਤ ਹਨ। ਉਨ੍ਹਾਂ ਕਿਹਾ,‘ਅੱਜ ਲਗਪਗ 70 ਹਜ਼ਾਰ ਭਾਰਤੀ ਮੂਲ ਦੇ ਲੋਕਾਂ ਦਾ ਇਕ ਭਾਈਚਾਰਾ ਦੋਵੇਂ ਦੇਸ਼ਾਂ ਵਿਚਾਲੇ ਇਕ ਜਿਉਂਦੇ ਪੁਲ ਦਾ ਕੰਮ ਕਰਦਾ ਹੈ।’ ਜੈਸ਼ੰਕਰ ਨੇ ਓਲਡ ਹਾਰਬਰ ਦਾ ਦੌਰਾ ਕੀਤਾ, ਜਿਥੇ 180 ਸਾਲ ਪਹਿਲਾਂ ਪਹਿਲੇ ਭਾਰਤੀ ਜਮਾਇਕਾ ਪਹੁੰਚੇ ਸਨ।