ਨਗਰ ਨਿਗਮ ਕੰਪਲੈਕਸ ’ਚ ਖੜ੍ਹੀਆਂ ਜੈਟਿੰਗ ਮਸ਼ੀਨਾਂ ਦੇ ਚਾਲਕ ਨਹੀਂ
ਲੋਕਾਂ ਨੂੰ ਗੁਮਰਾਹ ਕਰਨ ਲਈ ਮੰਤਰੀ ਨੇ ਬਿਨਾਂ ਚਾਲਕਾਂ ਦੇ ਜਾਰੀ ਕੀਤੀਆਂ ਜੈਟਿੰਗ ਮਸ਼ੀਨਾਂ
Publish Date: Sat, 13 Dec 2025 07:55 PM (IST)
Updated Date: Sat, 13 Dec 2025 07:57 PM (IST)
ਹਾਲੇ ਤਕ ਸੜਕ ’ਤੇ ਲਿਆਉਣ ਲਈ ਪੂਰੀ ਨਹੀਂ ਹੋਈ ਕਾਗਜ਼ੀ ਕਾਰਵਾਈ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਰਾਜਨੀਤੀ ਰਾਹੀਂ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਇਸ ਦੀ ਮਿਸਾਲ ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਬੀਤੇ ਦਿਨੀਂ 4 ਜੈਟਿੰਗ ਮਸ਼ੀਨਾਂ ਜਾਰੀ ਕਰਨ ਤੋਂ ਮਿਲਦੀ ਹੈ। ਨਗਰ ਨਿਗਮ ਵੱਲੋਂ ਜਿਹੜੀ ਨਵੀਂ ਮਸ਼ੀਨਰੀ ਖਰੀਦੀ ਜਾ ਰਹੀ ਹੈ, ਉਸ ’ਚੋਂ 1.26 ਕਰੋੜ ਦੀ ਲਾਗਤ ਨਾਲ ਨਗਰ ਨਿਗਮ ਪਾਸ 4 ਜੈਟਿੰਗ ਮਸ਼ੀਨਾਂ ਨਵੀਆਂ ਆਈਆਂ ਸਨ। ਉਨ੍ਹਾਂ ਦੇ ਸੜਕ ’ਤੇ ਉਤਾਰਨ ਲਈ ਅਜੇ ਤੱਕ ਨਾ ਤਾਂ ਕਾਗਜ਼ੀ ਕਾਰਵਾਈ ਪੂਰੀ ਹੋਈ ਹੈ ਤੇ ਨਾ ਹੀ ਉਨ੍ਹਾਂ ਦੇ ਚਾਲਕਾਂ ਦਾ ਨਿਗਮ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਹੋ ਸਕਿਆ ਹੈ ਪਰ ਮੰਤਰੀ ਵੱਲੋਂ ਝੂਠੀ ਸ਼ੋਹਰਤ ਪ੍ਰਾਪਤ ਕਰਨ ਲਈ ਨਿਗਮ ਪ੍ਰਸ਼ਾਸਨ ’ਤੇ ਦਬਾਅ ਪਾ ਕੇ ਉਕਤ ਜੈਟਿੰਗ ਮਸ਼ੀਨਾਂ ਨੂੰ ਮੇਅਰ ਤੇ ਕਮਿਸ਼ਨਰ ਸਮੇਤ ਆਮ ਆਦਮੀ ਪਾਰਟੀ ਦੇ ਅਨੇਕਾਂ ਆਗੂਆਂ ਤੇ ਨਿਗਮ ਮੁਲਾਜ਼ਮਾਂ ਦੀ ਮੌਜੂਦਗੀ ’ਚ ਹਰੀ ਝੰਡੀ ਦਿਖਾ ਕੇ ਜਾਰੀ ਕਰ ਦਿੱਤਾ ਜਦੋਂਕਿ ਜਾਰੀ ਹੋਈਆਂ ਮਸ਼ੀਨਾਂ ਉਥੇ ਹੀ ਖੜ੍ਹੀਆਂ ਹਨ। ਜੈਟਿੰਗ ਮਸ਼ੀਨਾਂ ਦੇ ਚਾਲਕਾਂ ਸਬੰਧੀ ਜਦੋਂ ਓ ਐਂਡ ਐੱਮ ਦੇ ਐੱਸਈ ਜਸਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਅਜੇ ਮਸ਼ੀਨਾਂ ਦੇ ਦੋ ਹੀ ਚਾਲਕਾਂ ਦਾ ਪ੍ਰਬੰਧ ਹੈ ਤੇ ਇਨ੍ਹਾਂ ਗੱਡੀਆਂ ਦੇ ਟ੍ਰਾਂਸਪੋਰਟ ਵਿਭਾਗ ਨਾਲ ਸਬੰਧਤ ਕਾਗਜ਼ੀ ਕਾਰਵਾਈ ਪੂਰੀ ਹੋਣ ਤੇ ਇਨ੍ਹਾਂ ਨੂੰ ਸੜਕ ’ਤੇ ਉਤਾਰਿਆ ਜਾਏਗਾ। ਉਨ੍ਹਾਂ ਕਿਹਾ ਕਿ ਆਉਂਦੇ ਸੋਮਵਾਰ ਤੱਕ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਟ੍ਰਾਂਸਪੋਰਟ ਵਿਭਾਗ ਨਾਲ ਸੰਪਰਕ ਕੀਤਾ ਜਾਵੇਗਾ।
ਪੀਏ ਨੇ ਨਹੀਂ ਕਰਵਾਈ ਮੰਤਰੀ ਨਾਲ ਗੱਲ
ਇਸ ਸਬੰਧੀ ਜਦੋਂ ਕੈਬਨਿਟ ਮੰਤਰੀ ਮਹਿੰਦਰ ਭਗਤ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਫੋਨ ਚੁੱਕਣ ਵਾਲੇ ਪੀਏ ਨੇ ਗੱਲ ਕਰਵਾਉਣ ਦੀ ਬਜਾਏ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਪਹਿਲਾਂ ਦੱਸੋ ਕਿ ਕਿਸ ਸਬੰਧੀ ਗੱਲ ਕਰਨੀ ਹੈ। ਜਦੋਂ ਉਸ ਨੂੰ ਕਿਹਾ ਗਿਆ ਕਿ ਮੰਤਰੀ ਸਾਹਿਬ ਨਾਲ ਗੱਲ ਕਰਵਾਓ ਤਾਂ ਫੋਨ ਕੱਟ ਦਿੱਤਾ ਗਿਆ।
---
ਜੈਟਿੰਗ ਮਸ਼ੀਨਾਂ ਦੇ ਚਾਲਕਾਂ ਦਾ ਹਾਲੇ ਨਹੀਂ ਪ੍ਰਬੰਧ
ਜੈਟਿੰਗ ਮਸ਼ੀਨਾਂ ਜਿਨ੍ਹਾਂ ਟੈਂਕਰਾਂ ਦੀ ਸੀਵਰੇਜ ਖੋਲ੍ਹਣ ਲਈ 3000 ਲੀਟਰ ਪ੍ਰਤੀ ਟੈਂਕਰ ਪਾਣੀ ਭਰਨ ਦੀ ਸਮੱਰਥਾ ਹੈ, ਦੇ ਚਾਲਕਾਂ ਦਾ ਪ੍ਰਬੰਧ ਨਹੀਂ ਹੋ ਸਕਿਆ ਹੈ। ਉਹ ਅਜੇ ਨਿਗਮ ਵਰਕਸ਼ਾਪ ’ਚ ਜਾ ਕੇ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ। ਜਦੋਂ ਤਕ ਕਾਗਜ਼ੀ ਕਾਰਵਾਈ ਪੂਰੀ ਨਹੀਂ ਹੁੰਦੀ ਅਤੇ ਚਾਲਕਾਂ ਦਾ ਪ੍ਰਬੰਧ ਨਹੀਂ ਹੁੰਦਾ ਉਦੋਂ ਤੱਕ ਇਹ ਵਰਕਸ਼ਾਪ ’ਚ ਖੜ੍ਹੀਆਂ ਰਹਿਣਗੀਆਂ।