ਦੋਹਤੇ ਦੀ ਖੁਸ਼ੀ ਸਕੂਲੀ ਬੱਚਿਆਂ ਨਾਲ ਕੀਤੀ ਸਾਂਝੀ
ਜਸਪਾਲ ਸਿੰਘ ਸਹੋਤਾ ਨੇ ਨਵਜਨਮੇ ਦੋਹਤੇ ਦੀ ਖੁਸ਼ੀ ਸਕੂਲੀ ਬੱਚਿਆਂ ਨਾਲ ਸਾਂਝੀ ਕੀਤੀ
Publish Date: Tue, 05 May 2026 06:19 PM (IST)
Updated Date: Tue, 05 May 2026 06:20 PM (IST)

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਨਜ਼ਦੀਕੀ ਪਿੰਡ ਚੱਕ ਸਾਹਬੂ ਦੇ ਵਸਨੀਕ ਜਸਪਾਲ ਸਿੰਘ ਸਹੋਤਾ (ਪੁੱਤਰ ਹਰਭਜਨ ਸਿੰਘ ਸਹੋਤਾ), ਜੋ ਇਲਾਕੇ ਵਿਚ “ਸੀਟੀ ਵਾਲਿਆਂ” ਦੇ ਨਾਮ ਨਾਲ ਜਾਣੇ ਜਾਂਦੇ ਹਨ, ਵੱਲੋਂ ਆਪਣੇ ਨਵਜਨਮੇ ਦੋਹਤੇ ਦੀ ਖੁਸ਼ੀ ਇੱਕ ਵਿਲੱਖਣ ਢੰਗ ਨਾਲ ਮਨਾਈ ਗਈ। ਉਨ੍ਹਾਂ ਨੇ ਵੱਖਰੀ ਮਿਸਾਲ ਕਾਇਮ ਕਰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸਾਹਬੂ ਦੇ ਬੱਚਿਆਂ ਨਾਲ ਖੁਸ਼ੀ ਸਾਂਝੀ ਕੀਤੀ। ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਅਤੇ ਪਿੰਡ ਦੇ ਪਤਵੰਤਿਆਂ ਨੂੰ ਬੁਲਾ ਕੇ ਬੱਚਿਆਂ ਲਈ ਟਾਫੀਆਂ, ਚਾਹ-ਪਕੌੜੇ ਤੇ ਠੰਡੀ ਪੀਣ ਵਾਲੀਆਂ ਵਸਤਾਂ ਦਾ ਲੰਗਰ ਲਾਇਆ। ਇਸ ਮੌਕੇ ਸੇਵਾ ਮੁਕਤ ਮੁੱਖ ਅਧਿਆਪਕ ਨਰਿੰਦਰ ਸਿੰਘ ਸੰਘਾ ਅਤੇ ਸਕੂਲ ਇੰਚਾਰਜ ਕੁਲਦੀਪ ਕੌਰ ਮੈਂਗੜ੍ਹਾ ਸਮੇਤ ਹਾਜ਼ਰ ਪਤਵੰਤਿਆਂ ਨੇ ਜਸਪਾਲ ਸਿੰਘ ਸਹੋਤਾ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ। ਸਾਬਕਾ ਸਰਪੰਚ ਅਤੇ ਬਲਾਕ ਸੰਮਤੀ ਮੈਂਬਰ ਰਹਿ ਚੁੱਕੀਆਂ ਰਚਨਾ ਦੇਵੀ ਨੇ ਬੱਚਿਆਂ ਨੂੰ ਮਹਾਨ ਵਿਅਕਤੀਆਂ ਦੇ ਜੀਵਨ ਸੰਘਰਸ਼ ਤੋਂ ਪ੍ਰੇਰਨਾ ਲੈ ਕੇ ਉੱਚੀ ਸਿੱਖਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਰਪੰਚ ਸਿਮਰਜੀਤ ਕੌਰ, ਸਾਬਕਾ ਸਰਪੰਚ ਰਚਨਾ ਦੇਵੀ, ਬਖ਼ਸ਼ੀਸ ਕੌਰ, ਕਮਲੇਸ਼ ਕੌਰ, ਜਸਵੀਰ ਸਿੰਘ ਸਹੋਤਾ, ਤਲਵਿੰਦਰ ਸਿੰਘ ਬਾਹੜਾ, ਰਾਕੇਸ਼ ਕੁਮਾਰ ਬੱਬੂ, ਕਮਲ ਕੁਮਾਰ ਸੰਧੂ, ਨਿਰਮਲ ਸਿੰਘ ਦੇਵਗਨ, ਤੀਰਥ ਸਿੰਘ ਮੈਂਗੜ੍ਹਾ, ਅਮਰੀਕ ਸਿੰਘ ਕਾਲਾ ਅਤੇ ਸਕੂਲ ਸਟਾਫ ਹਾਜ਼ਰ ਸਨ।