ਜੈਸਮੀਨ ਨੇ 10ਵੀਂ ਦੇ ਨਤੀਜਿਆਂ ’ਚ ਜ਼ਿਲ੍ਹੇ ’ਚੋਂ ਹਾਸਲ ਕੀਤਾ ਚੌਥਾ ਸਥਾਨ
ਜੈਸਮੀਨ ਨੇ ਦਸਵੀਂ ਦੇ ਨਤੀਜਿਆਂ ’ਚ ਸੂਬੇ ਭਰ ’ਚ ਨੌਵਾਂ ਤੇ ਜ਼ਿਲ੍ਹੇ ’ਚ ਚੌਥਾ ਸਥਾਨ ਹਾਸਲ ਕੀਤਾ
Publish Date: Mon, 11 May 2026 07:51 PM (IST)
Updated Date: Mon, 11 May 2026 08:51 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਪੀਐੱਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਲਾਵਲਪੁਰ ਦੀ ਹੋਣਹਾਰ ਵਿਦਿਆਰਥਣ ਜੈਸਮੀਨ ਪੁੱਤਰੀ ਸੁਖਵਿੰਦਰ ਸਿੰਘ ਅਤੇ ਨੀਲਮ ਰਾਣੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 97.85 ਫੀਸਦੀ ਅੰਕ (636/650) ਪ੍ਰਾਪਤ ਕੀਤੇ ਹਨ। ਜੈਸਮੀਨ ਨੇ ਸੂਬਾ ਪੱਧਰ ’ਤੇ ਨੌਵਾਂ ਤੇ ਜ਼ਿਲ੍ਹਾ ਜਲੰਧਰ ’ਚ ਚੌਥਾ ਸਥਾਨ ਹਾਸਲ ਕਰਕੇ ਆਪਣੇ ਸਕੂਲ, ਮਾਪਿਆਂ ਅਤੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜਗਜੀਤ ਸਿੰਘ ਨੇ ਵਿਦਿਆਰਥਣ, ਮਾਪਿਆਂ ਅਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜੈਸਮੀਨ ਦੀ ਇਹ ਪ੍ਰਾਪਤੀ ਸਕੂਲ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਤੇ ਵਿਦਿਆਰਥੀਆਂ ਦੀ ਲਗਨ ਸਦਕਾ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ ਹੈ, ਜੋ ਕਿ ਬਹੁਤ ਖੁਸ਼ੀ ਦੀ ਗੱਲ ਹੈ।
--------------------------------
ਜੈਸਮੀਨ ਦਾ ਸੁਪਨਾ ਆਈਏਐੱਸ ਅਫਸਰ ਬਣਨਾ
ਜੈਸਮੀਨ ਦੇ ਪਿਤਾ ਸੁਖਵਿੰਦਰ ਸਿੰਘ ਬਿਲਡਿੰਗ ਦਾ ਕੰਮ ਕਰਦੇ ਹਨ, ਜਦਕਿ ਮਾਤਾ ਨੀਲਮ ਰਾਣੀ ਘਰੇਲੂ ਔਰਤ ਹਨ। ਪਰਿਵਾਰ ਕਸਬਾ ਅਲਾਵਲਪੁਰ ਨੇੜਲੇ ਪਿੰਡ ਮੁਰਾਦਪੁਰ ਦਾ ਵਸਨੀਕ ਹੈ। ਸਾਧਾਰਨ ਪਰਿਵਾਰ ਨਾਲ ਸਬੰਧਤ ਜੈਸਮੀਨ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕਰਕੇ ਪਰਿਵਾਰ ਅਤੇ ਪਿੰਡ ਦਾ ਮਾਣ ਵਧਾਇਆ ਹੈ। ਜੈਸਮੀਨ ਨੇ ਹੁਣ 11ਵੀਂ ਜਮਾਤ ਵਿੱਚ ਨਾਨ-ਮੈਡੀਕਲ ਸਟਰੀਮ ’ਚ ਦਾਖਲਾ ਲਿਆ ਹੈ ਅਤੇ ਜੇਈਈ ਦੀ ਤਿਆਰੀ ਲਈ ਆਨਲਾਈਨ ਕੋਰਸ ਵੀ ਕਰ ਰਹੀ ਹੈ। ਉਸਦਾ ਸੁਪਨਾ ਆਈਏਐੱਸ ਅਫਸਰ ਬਣ ਕੇ ਆਪਣੇ ਮਾਪਿਆਂ, ਪਿੰਡ ਤੇ ਸਕੂਲ ਦਾ ਨਾਂ ਰੋਸ਼ਨ ਕਰਨ ਦਾ ਹੈ।
ਜੈਸਮੀਨ ਨੇ ਗਣਿਤ ’ਚ 100 ’ਚੋਂ 100, ਅੰਗਰੇਜ਼ੀ ਵਿੱਚ 100 ਵਿੱਚੋਂ 99, ਐੱਸਐੱਸਟੀ ਵਿੱਚ 100 ਵਿੱਚੋਂ 95, ਵਿਗਿਆਨ ਵਿੱਚ 100 ਵਿੱਚੋਂ 98, ਪੰਜਾਬੀ ਵਿੱਚ 100 ਵਿੱਚੋਂ 95 ਅਤੇ ਹਿੰਦੀ ਵਿੱਚ 100 ਵਿੱਚੋਂ 99 ਅੰਕ ਪ੍ਰਾਪਤ ਕੀਤੇ। ਜੈਸਮੀਨ ਦੇ ਪਰਿਵਾਰ ਵਿੱਚ ਉਸਦੇ ਮਾਤਾ-ਪਿਤਾ ਤੋਂ ਇਲਾਵਾ ਦੋ ਛੋਟੇ ਭਰਾ ਸ਼ਾਮਲ ਹਨ। ਰੋਹਿਤ, ਨੌਵੀਂ ਜਮਾਤ ਦਾ ਵਿਦਿਆਰਥੀ, ਅਤੇ ਅੰਕੁਸ਼, ਇੱਕ ਛੇਵੀਂ ਜਮਾਤ ਦਾ ਵਿਦਿਆਰਥੀ। ਉਸ ਦਾ ਚਾਚਾ, ਕੁਲਦੀਪ ਲਾਲ, ਇੱਕ ਇਲੈਕਟ੍ਰੀਸ਼ੀਅਨ ਹੈ, ਉਸਦੀ ਚਾਚੀ ਊਸ਼ਾ ਰਾਣੀ, ਇੱਕ ਘਰੇਲੂ ਔਰਤ ਹੈ।