ਸਥਾਨਕ ਦੁਕਾਨਦਾਰ ਮਿਥੁਨ ਠਾਕੁਰ ਮੁਤਾਬਕ ਉਹ ਹੇਅਰ ਡ੍ਰੈਸਰ ਦੀ ਦੁਕਾਨ ਡੇਢ ਦਹਾਕੇ ਤੋਂ ਕਰ ਰਿਹਾ ਹੈ ਪਰ ਉਸ ਨੇ ਹਾਲੇ ਤੱਕ ਪੰਜਾਬੀ ਬਾਗ਼ ਮੁਹੱਲੇ ਨੂੰ ਆਉਂਦੀ ਮੁੱਖ ਸੜਕ, ਸਹੀ ਸਲਾਮਤ ਹਾਲਤ ਵਿਚ ਨਹੀਂ ਦੇਖੀ। ਇਵੇਂ ਹੀ ਕਾਰਖ਼ਾਨਾ ਕਿਰਤੀ ਪਿੰਟੂ ਕੁਮਾਰ ਦੱਸਦਾ ਹੈ ਕਿ ਉਹ ਰਾਤ ਦੀ ਸ਼ਿਫਟ ਵਿਚ ਕਾਰਖ਼ਾਨੇ ਵਿਚ ਕੰਮ ਕਰਦਾ ਹੈ, ਉਸ ਦੇ ਸਾਈਕਲ ਦੇ ਕਈ ਟਾਇਰ ਇਸ ਕਰ ਕੇ ਜਲਦੀ-ਜਲਦੀ ਬਦਲਾਉਣੇ ਪਏ ਨੇ ਕਿਉਂਕਿ ਸੜਕ ਦੇ ਨੁਕੀਲੇ ਵੱਟੇ ਟਾਇਰਾਂ ਵਿਚ ਖੁੱਭ ਕੇ ਕਈ-ਕਈ ਪੈਂਚਰ ਕਰ ਦਿੰਦੇ ਹਨ।

ਯਾਦਵਿੰਦਰ ਵਾਹਦ, ਜਲੰਧਰ : ਜਿਉਂ ਹੀ ਕੋਈ ਵਿਅਕਤੀ ਜਲੰਧਰ-ਪਠਾਨਕੋਟ ਬਾਈਪਾਸ ਮਾਰਗ ਤੋਂ ਪੰਜਾਬੀ ਬਾਗ ਵਿਚ ਪੁੱਜਦਾ ਹੈ ਤਾਂ ਅੱਧਾ ਫੁੱਟ ਤੱਕ ਟੁੱਟੀਆਂ ਸੜਕਾਂ ਉੱਤੇ ਖੜ੍ਹਾ ਹੋਇਆ ਪਾਣੀ ਨਜ਼ਰ ਆਉਂਦਾ ਹੈ। ਫੇਰ, ਅੱਗੇ ਕਾਫ਼ੀ ਸਾਰੇ ਕਾਰਖ਼ਾਨੇ ਲੱਗੇ ਨਜ਼ਰ ਆਉਂਦੇ ਹਨ। ਇਨ੍ਹਾਂ ਕਾਰਖ਼ਾਨਿਆਂ ਦੇ ਮਾਲ ਦੀ ਲਦਾਈ ਤੇ ਚੁਕਾਈ ਕਰਨ ਵਾਲੇ ਵਪਾਰਕ ਵਾਹਨ ਤੇ ਟਰੈਕਟਰ ਆਮ ਹੀ ਇਨ੍ਹਾਂ ਗਲੀਆਂ ਵਿੱਚੋਂ ਲੰਘਦੇ ਹਨ। ਸ਼ਾਇਦ ਇਸੇ ਕਰ ਕੇ ਇੱਥੋਂ ਦੇ ਰਿਹਾਇਸ਼ੀ ਲੋਕਾਂ ਦੇ ਬੱਚੇ ਸੜਕ ’ਤੇ ਖੇਡਦੇ ਨਹੀਂ ਦਿਸਦੇ। ਇਸ ਰਿਹਾਇਸ਼ੀ ਇਲਾਕੇ ਵਿਚ ਰੋਜ਼ਮੱਰ੍ਹਾ ਜ਼ਰੂਰਤਾਂ ਵਾਲੀਆਂ ਕਈ ਦੁਕਾਨਾਂ ਹਨ। ਜੇ ਕੋਈ ਸ਼ੈਅ ਨਹੀਂ ਹੈ ਤਾਂ ਉਹ ਹੈ ਬੁਨਿਆਦੀ ਢਾਂਚਾ ਭਾਵ ਕਿ ਸੜਕਾਂ ਦਾ ਜਾਲ ਵਿਛਿਆ ਹੋਣ ਦੇ ਬਾਵਜੂਦ ਰੱਖ-ਰਖਾਅ ਦੀ ਅਣਹੋਂਦ ਹੈ। ਕਈ ਸੜਕਾਂ ਇਸ ਹੱਦ ਤੱਕ ਟੁੱਟ-ਭੱਜ ਚੁੱਕੀਆਂ ਨੇ ਕਿ ਉਨ੍ਹਾਂ ਵਿੱਚੋਂ ਬੱਜਰੀ ਉੱਖੜ ਚੁੱਕੀ ਹੈ। ਜਦੋਂ ਕੋਈ ਵਾਹਨ ਚਾਲਕ ਤੇਜ਼ ਰਫ਼ਤਾਰ ਨਾਲ ਲੰਘਦਾ ਹੈ ਤਾਂ ਬੱਜਰੀ ਦਾ ਵੱਟਾ ਕੜੱਕ ਕਰ ਕੇ ਵਾਹਨ ਨਾਲ ਟਕਰਾ ਕੇ ਇਕ ਟੁਣਕਦੀ ਆਵਾਜ਼ ਕੱਢਦਾ ਹੈ ਜਿਹੜੀ ਕਿ ਅਸਲ ਵਿਚ ਵਾਹਨ ਦੇ ਚਿੱਬ ਪੈਣ ਦੀ ਇਤਲਾਹ ਹੁੰਦੀ ਹੈ।
ਸਥਾਨਕ ਦੁਕਾਨਦਾਰ ਮਿਥੁਨ ਠਾਕੁਰ ਮੁਤਾਬਕ ਉਹ ਹੇਅਰ ਡ੍ਰੈਸਰ ਦੀ ਦੁਕਾਨ ਡੇਢ ਦਹਾਕੇ ਤੋਂ ਕਰ ਰਿਹਾ ਹੈ ਪਰ ਉਸ ਨੇ ਹਾਲੇ ਤੱਕ ਪੰਜਾਬੀ ਬਾਗ਼ ਮੁਹੱਲੇ ਨੂੰ ਆਉਂਦੀ ਮੁੱਖ ਸੜਕ, ਸਹੀ ਸਲਾਮਤ ਹਾਲਤ ਵਿਚ ਨਹੀਂ ਦੇਖੀ। ਇਵੇਂ ਹੀ ਕਾਰਖ਼ਾਨਾ ਕਿਰਤੀ ਪਿੰਟੂ ਕੁਮਾਰ ਦੱਸਦਾ ਹੈ ਕਿ ਉਹ ਰਾਤ ਦੀ ਸ਼ਿਫਟ ਵਿਚ ਕਾਰਖ਼ਾਨੇ ਵਿਚ ਕੰਮ ਕਰਦਾ ਹੈ, ਉਸ ਦੇ ਸਾਈਕਲ ਦੇ ਕਈ ਟਾਇਰ ਇਸ ਕਰ ਕੇ ਜਲਦੀ-ਜਲਦੀ ਬਦਲਾਉਣੇ ਪਏ ਨੇ ਕਿਉਂਕਿ ਸੜਕ ਦੇ ਨੁਕੀਲੇ ਵੱਟੇ ਟਾਇਰਾਂ ਵਿਚ ਖੁੱਭ ਕੇ ਕਈ-ਕਈ ਪੈਂਚਰ ਕਰ ਦਿੰਦੇ ਹਨ। ਨਿਗੂਣੀ ਤਨਖ਼ਾਹ ਉੱਤੇ ਕੰਮ ਕਰਦੇ ਮਜ਼ਦੂਰਾਂ ਲਈ ਦੋ-ਪਹੀਆ ਵਾਹਨ ਦੇ ਟਾਇਰ ਟਿਊਬ ਬਦਲਾਉਣੇ ਵੀ ਵੱਡਾ ਭਾਰ ਲਾਹੁਣ ਵਾਂਗ ਹੁੰਦੇ ਨੇ। ਇਕ ਹੋਰ ਮਜ਼ਦੂਰ ਅਰਸਲਾਨ ਮੁਤਾਬਕ ਉਹ ਵਿਹਲੇ ਸਮੇਂ ਦੁਕਾਨਾਂ ਉੱਤੇ ਸਾਮਾਨ ਪੁੱਜਦਾ ਕਰਨ ਆਉਂਦਾ ਹੈ ਪਰ ਇਸ ਇਲਾਕੇ ਵਿਚ ਗੰਦੇ ਪਾਣੀ ਵਾਲੀਆਂ ਖਸਤਾ ਸੜਕਾਂ ਵਿੱਚੋਂ ਨਿਕਲ ਕੇ ਜਾਣਾ ਹਮੇਸ਼ਾ ਨਿਰਾਸ਼ ਕਰਨ ਵਾਲਾ ਤਜਰਬਾ ਸਾਬਿਤ ਹੋਇਆ ਹੈ।
ਇਵੇਂ ਹੀ ਇੱਥੋਂ ਦੇ ਦੁਕਾਨਦਾਰ ਪੁੱਛਦੇ ਨੇ ਕਿ ਦੱਸੋ, ਕੀ ਕਰੀਏ? ਸਰਕਾਰਾਂ ਬਦਲ ਜਾਂਦੀਆਂ ਨੇ ਪਰ ਸਾਡੇ ਇਲਾਕੇ ਨੂੰ ਕਦੇ ਕੋਈ ਚੱਜ ਦੀ ਸੜਕ ਨਸੀਬ ਨਹੀਂ ਹੁੰਦੀ। ਚੋਣ ਅਮਲ ਦੌਰਾਨ ਸਿਆਸਤਦਾਨ ਆਉਂਦੇ ਨੇ, ਪਿਛਲੇ ਕੌਂਸਲਰ ਦੀ ਕੰਮ-ਸ਼ੈਲੀ ਦੇ ਨੁਕਸ ਗਿਣਾਅ ਜਾਂਦੇ ਨੇ ਪਰ ਫੇਰ ਜਦੋਂ ਨਵਾਂ ਬੰਦਾ ਕੌਂਸਲਰ ਬਣਾ ਦਿੰਨੇ ਹਾਂ ਤਾਂ ਹਾਲਾਤ ਪਹਿਲਾਂ ਨਾਲੋਂ ਬਦਤਰ ਹੋ ਜਾਂਦੇ ਹਨ। ਸਾਡੇ ਸਿਆਸਤਦਾਨ ਹਾਲੇ ਨਾਲ਼ੀਆਂ, ਗਲ਼ੀਆਂ ਤੇ ਸੜਕਾਂ ਅਧਾਰਤ ਬੁਨਿਆਦੀ ਢਾਂਚਾ ਵੀ ਮੁਹੱਈਆ ਨਹੀਂ ਕਰਵਾ ਸਕੇ, ਜਦਕਿ ਇਹ ਦੌਰ ਤਰੱਕੀ ਦਾ ਕਿਹਾ ਜਾਂਦਾ ਹੈ।
ਪਾਠਕਾਂ ਨੂੰ ਦੱਸ ਦੇਈਏ ਕਿ ਬਾਗ਼ ਉਹ ਅਣ-ਵਿਕਸਤ ਕਾਲੋਨੀ ਜਾਂ ਮੁਹੱਲਾ ਹੈ, ਜਿੱਥੇ ਕਈ ਕਰਿਆਨਾ ਹੱਟੀਆਂ ਨੇ। ਬਹੁਤਿਆਂ ਦੇ ਗਾਹਕ ਕਾਰਖ਼ਾਨਿਆਂ ਦੇ ਮਜ਼ਦੂਰ ਨੇ। ਰਾਜਧਾਨੀ ਦਿੱਲੀ ਦੇ ਪੰਜਾਬੀ ਬਾਗ਼ ਵਰਗਾ ਨਾਂ ਹਾਕਮਾਂ ਨੇ ਰੱਖਿਆ ਏ ਪਰ ਉਹੋ ਜਿਹੀ ਤਰੱਕੀ ਨਹੀਂ ਦਿਸਦੀ।
ਇਲਾਕੇ ਵਿਚ ਮੌਜੂਦ ਇਕ ਕੈਮਿਸਟ ਸ਼ਾਪ ਤੇ ਕਾਰਾਂ ਦੀ ਵਰਕਸ਼ਾਪ ਲਾਗੇ ਕੱਚੀ ਮਿੱਟੀ ’ਤੇ ਖੜ੍ਹਾ ਪਾਣੀ ਕਿਸੇ ਪੇਂਡੂ ਤਲਾਅ ਜਾਂ ਛੋਟੇ ਜਿਹੇ ਛੱਪੜ ਵਰਗਾ ਜਾਪਦਾ ਹੈ। ਥਾਂ-ਥਾਂ ਪਾਣੀ ਖੜ੍ਹਾ ਏ, ਇਸ ਲਈ ਬਦਬੂ ਵੀ ਆਉਂਦੀ ਹੈ, ਕਹਾਵਤ ਹੈ ਕਿ ਖੜ੍ਹੇ ਪਾਣੀ ਮੁਸ਼ਕ ਜਾਂਦੇ ਨੇ ਵਗਦੇ ਹੀ ਸੋਹੰਦੇ ਨੇ। ਪੰਜਾਬੀ ਬਾਗ਼ ਦੇ ਲੋਕ ਕਹਿੰਦੇ ਨੇ ਕਿ ਇਹ ਸਿਰਫ਼ ਮੁਸ਼ਕ ਮਾਰਦੇ ਪਾਣੀ ਦੀ ਬਦਬੂ ਨਹੀਂ, ਸਗੋਂ ਉਸ ਸਿਸਟਮ ਦੀ ਹਵਾੜ ਹੈ, ਜਿਸ ਦੀਆਂ ਖ਼ਾਮੀਆਂ ਨੇ ਇਸ ਬਦਇੰਤਜ਼ਾਮੀ ਨੂੰ ਇਹ ਗਰਕ ਚੁੱਕਾ ਵਜੂਦ ਦਿੱਤਾ ਹੈ। ਉਨ੍ਹਾਂ ਦੀ ਸਵਾਲੀਆ ਨਜ਼ਰ ਪੁੱਛਦੀ ਹੈ ਕਿ ਕਦੋਂ ਇਹ ਗਲੀਆਂ, ਨਾਲੀਆਂ ਦੇ ਮਸਲੇ ਹੱਲ ਹੋਣਗੇ, ਸੰਸਾਰ ਦੇ ਬਾਕੀ ਮੁਲਕ ਤਾਂ ਮੰਗਲ ਗ੍ਰਹਿ ਉੱਤੇ ਬੰਦੇ ਭੇਜਣ ਦੇ ਆਹਰ ਵਿਚ ਨੇ।
ਕੌਂਸਲਰ ਪਤੀ ਦਾ ਪ੍ਰਗਟਾਵਾ
ਪੰਜਾਬੀ ਬਾਗ਼, ਵਾਰਡ ਨੰਬਰ ਤਿੰਨ ਵਿਚ ਪੈਂਦਾ ਹੈ ਤੇ ਬਲਜਿੰਦਰ ਕੌਰ ਕੌਂਸਲਰ ਹਨ। ਉਨ੍ਹਾਂ ਦੇ ਪਤੀ ਕੁਲਦੀਪ ਸਿੰਘ ਲੁਬਾਣਾ ਨੇ ਫੋਨ ’ਤੇ ਹੋਏ ਰਾਬਤੇ ਦੌਰਾਨ ਦੱਸਿਆ ਕਿ ਪੰਜਾਬੀ ਬਾਗ਼ ਵਿਚ ਜ਼ਿਆਦਾਤਾਰ ਸੜਕਾਂ ਬਣਵਾ ਦਿੱਤੀਆਂ ਨੇ, ਬੱਸ ਮੁੱਖ ਸੜਕ ਤੇ ਇਕ-ਦੋ ਹੋਰ ਸੜਕਾਂ ਦੀ ਹਾਲਤ ਖ਼ਰਾਬ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਮਸਲੇ ਬਾਰੇ ਹਲਕਾ ਵਿਧਾਇਕ ਬਲਕਾਰ ਸਿੰਘ ਨਾਲ ਗੱਲਬਾਤ ਕਰ ਚੁੱਕੇ ਹਨ। ਉਨ੍ਹਾਂ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਸੂਬਾ ਸਰਕਾਰ, ਵਿਧਾਇਕਾਂ ਨੂੰ ਹਲਕੇ ਵਿਚ ਖ਼ਰਚ ਕਰਨ ਲਈ ਫੰਡ ਜਾਰੀ ਕਰਨ ਵਾਲੀ ਹੈ। ਉਨ੍ਹਾਂ ਦੱਸਿਆ ਕਿ ਉਹ ਕੋਲੋਂ ਖ਼ਰਚਾ ਕਰ ਕੇ ਇਲਾਕੇ ਵਿਚ 200 ਬੂਟੇ ਲਗਾ ਚੁੱਕੇ ਨੇ ਤੇ ਵਾਰਡ ਦੇ ਵਿਕਾਸ ਲਈ ਕਈ ਵਾਰ ਪੱਲਿਓਂ ਪੈਸਾ ਲਗਾ ਕੇ ਵੀ ਕੰਮ ਕਰਵਾਉਂਦੇ ਰਹਿੰਦੇ ਹਨ। ਸੜਕ ਨਾ ਬਣਨ ਦਾ ਦੁੱਖ ਹੈ ਪਰ ਜਲਦੀ ਸਭ ਕੁਝ ਠੀਕ ਹੋ ਜਾਵੇਗਾ।