ਜਾਣਕਾਰੀ ਦਿੰਦੇ ਹੋਏ ਬਸਤੀ ਭੂਰੇ ਖਾਨ ਕਲੋਨੀ ਦੀਆਂ ਵਸਨੀਕ ਵਿਮਲਾ, ਸੋਨਮ, ਰਾਜਵੰਤੀ, ਸੋਨੂ, ਧਰਮਪ੍ਰੀਤ ਕੌਰ, ਰਾਜਰਾਣੀ, ਸੋਨੀਆ, ਸ਼ਿਲਪਾ ਤੇ ਹੋਰ ਔਰਤਾਂ ਨੇ ਦੱਸਿਆ ਕਿ ਦੁਪਹਿਰ 12:30 ਵਜੇ ਦੇ ਕਰੀਬ ਇਲਾਕੇ ’ਚ ਸਥਿਤ ਪ੍ਰਵਾਸੀ ਮਜ਼ਦੂਰਾਂ ਦੇ ਘਰੋਂ ਇਕ ਛੋਟੀ ਬੱਚੀ ਦੀਆਂ ਚੀਕਾਂ ਸੁਣ ਕੇ, ਉਹ ਸਾਰੇ ਉਸ ਦਿਸ਼ਾ ਵੱਲ ਗਏ ਤੇ ਦੇਖਿਆ ਕਿ ਇਕ ਪ੍ਰਵਾਸੀ ਔਰਤ ਇਕ ਪ੍ਰਵਾਸੀ ਨੌਜਵਾਨ ਨੂੰ ਕੁੱਟ ਰਹੀ ਸੀ ਤੇ ਉਸਦੇ ਨਾਲ ਸਕੂਲ ਦੀ ਵਰਦੀ ਪਾਈ ਇਕ ਛੋਟੀ ਬੱਚੀ ਸੀ।
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ’ਚ 4 ਸਾਲ ਦੇ ਬੱਚੇ ਨਾਲ ਹੋਈ ਸਨਸਨੀਖੇਜ਼ ਘਟਨਾ ਤੋਂ ਬਾਅਦ ਇਕ ਪਾਸੇ ਪੂਰੇ ਪੰਜਾਬ ’ਚ ਪ੍ਰਵਾਸੀ ਮਜ਼ਦੂਰਾਂ ਦਾ ਵਿਰੋਧ ਹੋ ਰਿਹਾ ਹੈ, ਉੱਧਰ ਜਲੰਧਰ ’ਚ ਸੋਢਲ ਦੇ ਨਾਲ ਲੱਗਦੀ ਬਸਤੀ ਭੂਰੇ ਖਾਂ ’ਚ ਇਕ ਸ਼ਰਾਬੀ ਪ੍ਰਵਾਸੀ ਨੌਜਵਾਨ ਨੇ 5 ਸਾਲ ਦੀ ਬੱਚੀ ਨੂੰ ਅਗਵਾ ਕਰ ਲਿਆ ਤੇ ਉਸ ਨੂੰ ਆਪਣੇ ਕੁਆਰਟਰ ’ਚ ਲੈ ਜਾ ਕੇ ਉਸ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਬੱਚੀ ਦੀ ਮਾਂ ਮੌਕੇ 'ਤੇ ਪਹੁੰਚੀ।
ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਇਸ ਪ੍ਰਵਾਸੀ ਮਜ਼ਦੂਰ ਦੀ ਕੁੱਟਮਾਰ ਕੀਤੀ ਤੇ ਉਸਨੂੰ ਇਕ ਦਰੱਖਤ ਨਾਲ ਬੰਨ੍ਹ ਦਿੱਤਾ। ਥਾਣਾ 8 ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਪ੍ਰਵਾਸੀ ਮਜ਼ਦੂਰ ਦੀ ਹਿੰਮਤ ਇੰਨੀ ਬੁਲੰਦ ਸੀ ਕਿ ਉਹ ਖੁੱਲ੍ਹੇਆਮ ਕਹਿ ਰਿਹਾ ਸੀ ਕਿ ਉਹ 1 ਘੰਟੇ ਦੇ ਅੰਦਰ ਬਾਹਰ ਆ ਕੇ ਦੁਬਾਰਾ ਅਪਰਾਧ ਕਰੇਗਾ।
ਜਾਣਕਾਰੀ ਦਿੰਦੇ ਹੋਏ ਬਸਤੀ ਭੂਰੇ ਖਾਨ ਕਲੋਨੀ ਦੀਆਂ ਵਸਨੀਕ ਵਿਮਲਾ, ਸੋਨਮ, ਰਾਜਵੰਤੀ, ਸੋਨੂ, ਧਰਮਪ੍ਰੀਤ ਕੌਰ, ਰਾਜਰਾਣੀ, ਸੋਨੀਆ, ਸ਼ਿਲਪਾ ਤੇ ਹੋਰ ਔਰਤਾਂ ਨੇ ਦੱਸਿਆ ਕਿ ਦੁਪਹਿਰ 12:30 ਵਜੇ ਦੇ ਕਰੀਬ ਇਲਾਕੇ ’ਚ ਸਥਿਤ ਪ੍ਰਵਾਸੀ ਮਜ਼ਦੂਰਾਂ ਦੇ ਘਰੋਂ ਇਕ ਛੋਟੀ ਬੱਚੀ ਦੀਆਂ ਚੀਕਾਂ ਸੁਣ ਕੇ, ਉਹ ਸਾਰੇ ਉਸ ਦਿਸ਼ਾ ਵੱਲ ਗਏ ਤੇ ਦੇਖਿਆ ਕਿ ਇਕ ਪ੍ਰਵਾਸੀ ਔਰਤ ਇਕ ਪ੍ਰਵਾਸੀ ਨੌਜਵਾਨ ਨੂੰ ਕੁੱਟ ਰਹੀ ਸੀ ਤੇ ਉਸਦੇ ਨਾਲ ਸਕੂਲ ਦੀ ਵਰਦੀ ਪਾਈ ਇਕ ਛੋਟੀ ਬੱਚੀ ਸੀ।
ਪੁੱਛਣ 'ਤੇ ਔਰਤ ਨੇ ਦੱਸਿਆ ਕਿ ਉਸਦੀ ਧੀ ਸਕੂਲ ਤੋਂ ਬਾਅਦ ਘਰ ਨਹੀਂ ਪਹੁੰਚੀ, ਜਿਸ ਤੋਂ ਬਾਅਦ ਉਹ ਤੇ ਉਸਦੇ ਪਰਿਵਾਰਕ ਮੈਂਬਰ ਇਧਰ-ਉਧਰ ਬੱਚੀ ਨੂੰ ਲੱਭ ਰਹੇ ਸਨ। ਪੀੜਤਾ ਅਨੁਸਾਰ, ਜਦੋਂ ਉਹ ਪ੍ਰਵਾਸੀ ਮਜ਼ਦੂਰ ਦੇ ਕਮਰੇ ਵੱਲ ਗਈ, ਤਾਂ ਉਸਨੂੰ ਬਾਥਰੂਮ ’ਚੋਂ ਕਿਸੇ ਦੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ, ਇਸ ਲਈ ਉਹ ਤੁਰੰਤ ਬਾਥਰੂਮ ਵੱਲ ਭੱਜੀ। ਜਦੋਂ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਪ੍ਰਵਾਸੀ ਨੌਜਵਾਨ ਬਾਥਰੂਮ ’ਚ ਪਿਆ ਸੀ ਤੇ ਉਸਦੀ ਧੀ ਦੇ ਕੱਪੜੇ ਵੀ ਉਤਾਰੇ ਹੋਏ ਸਨ। ਇੰਨਾ ਹੀ ਨਹੀਂ, ਮੁਲਜ਼ਮ ਲੜਕੀ ਨਾਲ ਗਲਤ ਹਰਕਤਾਂ ਕਰ ਰਿਹਾ ਸੀ, ਫਿਰ ਉਸਨੇ ਮੁਲਜ਼ਮ ਨੂੰ ਵਾਲਾਂ ਤੋਂ ਫੜ ਕੇ ਬਾਹਰ ਕੱਢਿਆ। ਇਸ ਤੋਂ ਬਾਅਦ, ਸਾਰਾ ਇਲਾਕਾ ਇਕੱਠਾ ਹੋ ਗਿਆ ਤੇ ਪ੍ਰਵਾਸੀ ਮਜ਼ਦੂਰ ਨੂੰ ਇਕ ਦਰੱਖਤ ਨਾਲ ਰੱਸੀ ਨਾਲ ਬੰਨ੍ਹ ਦਿੱਤਾ ਗਿਆ ਤੇ ਬੁਰੀ ਤਰ੍ਹਾਂ ਨਾਲ ਕੁੱਟਿਆ। ਜਦੋਂ ਸਥਾਨਕ ਲੋਕਾਂ ਨੇ ਉਸ ਦੀ ਵੀਡੀਓ ਬਣਾਈ, ਤਾਂ ਉਸਨੇ ਮੂਰਖਤਾ ਨਾਲ ਕਿਹਾ ਕਿ ਤੁਸੀਂ ਲੋਕ ਮੇਰਾ ਕੁਝ ਨਹੀਂ ਕਰ ਸਕਦੇ, ਮੈਂ 1 ਘੰਟੇ ਦੇ ਅੰਦਰ ਬਾਹਰ ਆ ਜਾਊਂਗਾ ਤੇ ਦੁਬਾਰਾ ਉਹੀ ਕੰਮ ਕਰਾਂਗਾ।
ਜਦੋਂ ਮੁਲਜ਼ਮ ਦੇ ਮੂੰਹੋਂ ਇਹ ਸ਼ਬਦ ਨਿਕਲੇ, ਤਾਂ ਗੁੱਸੇ ’ਚ ਆਈਆਂ ਔਰਤਾਂ ਨੇ ਆਪਣੀਆਂ ਚੱਪਲਾਂ ਉਤਾਰ ਲਈਆਂ ਤੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ। ਸੂਚਨਾ ਮਿਲਣ 'ਤੇ ਥਾਣਾ 8 ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤੇ ਬਿਨਾਂ ਸ਼ਿਕਾਇਤ ਲਿਖੇ ਮੁਲਜ਼ਮ ਨੂੰ ਥਾਣੇ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਸਥਾਨਕ ਲੋਕਾਂ ਨੇ ਵਿਰੋਧ ਕੀਤਾ ਤੇ ਕਿਹਾ ਕਿ ਸ਼ਿਕਾਇਤ ਇੱਥੇ ਲਿਖੀ ਜਾਵੇ ਤੇ ਮੁਲਜ਼ਮ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਉਹ ਧਰਨੇ 'ਤੇ ਬੈਠਣਗੇ, ਹਾਲਾਂਕਿ ਥਾਣਾ 8 ਦੇ ਏਐੱਸਆਈ ਤੇ ਸਬ-ਇੰਸਪੈਕਟਰ ਸ਼ਿਕਾਇਤ ਲਿਖਣ ਤੋਂ ਝਿਜਕ ਰਹੇ ਸਨ।
ਇਸ ਤੋਂ ਬਾਅਦ ਸਾਰਾ ਮਾਮਲਾ ਕਮਿਸ਼ਨਰੇਟ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ, ਤਾਂ ਥਾਣਾ 8 ਦੇ ਇੰਚਾਰਜ ਇੰਸਪੈਕਟਰ ਯਾਦਵਿੰਦਰ ਸਿੰਘ ਰਾਣਾ ਮੌਕੇ 'ਤੇ ਪਹੁੰਚੇ। ਉਨ੍ਹਾਂ ਸਥਾਨਕ ਲੋਕਾਂ ਦੀ ਸ਼ਿਕਾਇਤ ਸੁਣੀ ਤੇ ਮੁਲਜ਼ਮ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਤੇ ਉਸਨੂੰ ਥਾਣੇ ਲੈ ਗਏ। ਇੰਸਪੈਕਟਰ ਰਾਣਾ ਨੇ ਦੱਸਿਆ ਕਿ ਗ੍ਰਿਫਤਾਰ ਪ੍ਰਵਾਸੀ ਮਜ਼ਦੂਰ ਦੀ ਪਛਾਣ ਵਿਜੇ ਕੁਮਾਰ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਉਹ ਪਿਛਲੇ 10 ਸਾਲਾਂ ਤੋਂ ਇਸ ਇਲਾਕੇ ’ਚ ਰਹਿ ਰਿਹਾ ਹੈ ਤੇ ਮਿਸਤਰੀ ਦਾ ਕੰਮ ਕਰਦਾ ਹੈ। ਉਸ ਵਿਰੁੱਧ ਥਾਣਾ 8 ’ਚ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਨ ਤੇ ਰਿਮਾਂਡ ਲੈਣ ਤੋਂ ਬਾਅਦ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ’ਚ ਉਸਦਾ ਅਪਰਾਧਿਕ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਹੈ।
ਪ੍ਰਵਾਸੀ ਭਜਾਓ ਪੰਜਾਬ ਬਚਾਓ
ਪੰਜਾਬ ’ਚ ਲਗਾਤਾਰ ਪਰਵਾਸੀਆਂ ਵੱਲੋਂ ਅਜਿਹੀਆਂ ਹਰਕਤਾਂ ਕਰਨ ਤੋਂ ਬਾਅਦ ਲੋਕ ਗੁੱਸੇ ’ਚ ਹਨ ਤੇ ਪ੍ਰਵਾਸੀਆਂ ਨੂੰ ਪੰਜਾਬ ’ਚੋਂ ਭਜਾਉਣ ਦੀ ਮੰਗ ਕਰਨ ਲੱਗ ਪਏ ਹਨ। ਸੋਮਵਾਰ ਸ਼ਾਮ ਅਰਬਨ ਸਟੇਟ ਫੇਸ-2 ਗੀਤਾਂ ਮੰਦਰ ਲਾਗੇ ਸਥਾਨਕ ਲੋਕਾਂ ਨੇ ਰਸਤਾ ਜਾਮ ਕਰਕੇ ਪੰਜਾਬ ਸਰਕਾਰ ਖਿਲਾਫ ਡੱਟ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਇਨ੍ਹਾਂ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਤੁਰੰਤ ਪੰਜਾਬ ਤੋਂ ਬਾਹਰ ਕੱਢਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਵਾਸੀ ਪੰਜਾਬ ਲਈ ਖਤਰਾ ਬਣਦੇ ਜਾ ਰਹੇ ਹਨ ਇਸ ਲਈ ਇਨ੍ਹਾਂ ਨੂੰ ਪੰਜਾਬ ਤੋਂ ਭਜਾ ਕੇ ਪੰਜਾਬ ਨੂੰ ਬਚਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਨ੍ਹਾਂ ਪ੍ਰਵਾਸੀਆਂ ਦੇ ਖਿਲਾਫ ਸਖਤ ਐਕਸ਼ਨ ਨਹੀਂ ਲੈਂਦੀ ਤਾਂ ਉਹ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਅੱਜ ਦੀ ਘਟਨਾ ਨੂੰ ਲੈ ਕੇ ਲੋਕਾਂ ਨੇ ਪੁਲਿਸ ਨੂੰ ਸਪੱਸ਼ਟ ਤੌਰ 'ਤੇ ਕਿਹਾ ਕਿ ਮੌਕੇ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਸਨੂੰ ਫਾਂਸੀ ਦਿੱਤੀ ਜਾਵੇ ਨਹੀਂ ਤਾਂ ਹੁਣੇ ਉਸ ਨਾਲ ਹਿਸਾਬ-ਕਿਤਾਬ ਤੈਅ ਕਰਨ ਲਈ ਜਨਤਾ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ।