ਏਜੀਆਈ ਕ੍ਰਿਕਟ ਲੀਗ ’ਚ ਜਲੰਧਰ ਹਾਈਟਸ-1 ਕਲੱਬ ਦੀ ਸ਼ਾਨਦਾਰ ਜਿੱਤ
ਏਜੀਆਈ ਵੀਕਲੀ ਕ੍ਰਿਕਟ ਲੀਗ ’ਚ ਜਲੰਧਰ ਹਾਈਟਸ-1 ਕਲੱਬ ਦੀ ਸ਼ਾਨਦਾਰ ਜਿੱਤ
Publish Date: Mon, 11 May 2026 08:12 PM (IST)
Updated Date: Mon, 11 May 2026 08:15 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ 66 ਫੁੱਟ ਰੋਡ ਸਥਿਤ ਗਰਾਊਂਡ ਵਿੱਚ ਖੇਡੇ ਗਏ ਏ ਜੀ ਆਈ ਵੀਕਲੀ ਕ੍ਰਿਕਟ ਲੀਗ ਮੈਚ ਵਿੱਚ ਏ ਜੀ ਆਈ ਜਲੰਧਰ ਹਾਈਟਸ-1 ਕਲੱਬ ਨੇ ਅਰਬਾਨਾ ਕ੍ਰਿਕਟ ਟੀਮ ਨੂੰ 41 ਦੌੜਾਂ ਨਾਲ ਹਰਾਕੇ ਸ਼ਾਨਦਾਰ ਜਿੱਤ ਦਰਜ ਕੀਤੀ। ਮੈਚ ਦੌਰਾਨ ਜਲੰਧਰ ਹਾਈਟਸ-1 ਟੀਮ ਦੇ ਖਿਡਾਰੀ ਸੁਰਿੰਦਰ ਨੂੰ ਸਰਬੋਤਮ ਆਲਰਾਊਂਡਰ ਐਲਾਨਿਆ ਗਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਏ ਜੀ ਆਈ ਜਲੰਧਰ ਹਾਈਟਸ-1 ਕਲੱਬ ਨੇ 99 ਦੌੜਾਂ ਬਣਾਈਆਂ। ਟੀਮ ਵੱਲੋਂ ਸੁਰਿੰਦਰ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ 24 ਦੌੜਾਂ ਬਣਾਈਆਂ, ਜਿਸ ਵਿੱਚ ਦੋ ਛੱਕੇ ਅਤੇ ਚਾਰ ਚੌਕੇ ਸ਼ਾਮਲ ਸਨ। ਕੋਮਲ ਨੇ 17, ਕੁਲਦੀਪ ਨੇ 13, ਪ੍ਰਕਾਸ਼ ਨੇ 6 ਅਤੇ ਦਿਲਾਵਰ ਤੇ ਲਲਿਤ ਨੇ 5-5 ਦੌੜਾਂ ਦਾ ਯੋਗਦਾਨ ਦਿੱਤਾ। 100 ਦੌੜਾਂ ਦੇ ਲਕਸ਼ ਦਾ ਪਿੱਛਾ ਕਰਦਿਆਂ ਅਰਬਾਨਾ ਕ੍ਰਿਕਟ ਟੀਮ 58 ਦੌੜਾਂ ’ਤੇ ਹੀ ਢੇਰ ਹੋ ਗਈ। ਟੀਮ ਵੱਲੋਂ ਸੁਖਪਾਲ ਨੇ ਸਭ ਤੋਂ ਵੱਧ 20 ਦੌੜਾਂ ਬਣਾਈਆਂ, ਜਦਕਿ ਪਵਨ ਨੇ 11, ਬਲਬੀਰ ਨੇ 6, ਜਸਮਿਨ ਨੇ 3 ਅਤੇ ਸੌਰਵ ਨੇ 2 ਦੌੜਾਂ ਬਣਾਈਆਂ। ਗੇਂਦਬਾਜ਼ੀ ਵਿੱਚ ਏ ਜੀ ਆਈ ਜਲੰਧਰ ਹਾਈਟਸ-1 ਦੇ ਅਰਜੁਨ ਨੇ ਦੋ ਵਿਕਟਾਂ ਹਾਸਲ ਕਰਕੇ ਸਰਬੋਤਮ ਗੇਂਦਬਾਜ਼ ਦਾ ਖਿਤਾਬ ਆਪਣੇ ਨਾਮ ਕੀਤਾ। ਅਰਬਾਨਾ ਟੀਮ ਵੱਲੋਂ ਬਲਬੀਰ ਨੇ ਵੀ ਦੋ ਵਿਕਟਾਂ ਲਈਆਂ। ਇਸ ਮੌਕੇ ਏ ਜੀ ਆਈ ਇੰਫਰਾ ਲਿਮਿਟਡ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਨੇ ਮੈਚ ਵਿੱਚ ਸ਼ਿਰਕਤ ਕਰਦਿਆਂ ਦੋਵੇਂ ਟੀਮਾਂ ਦਾ ਹੌਸਲਾ ਵਧਾਇਆ। ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਨਾਲ ਜੁੜੇ ਰਹਿਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ। ਨਾਲ ਹੀ ਭਵਿੱਖ ਵਿੱਚ ਵੀ ਖਿਡਾਰੀਆਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।