ਆਤਿਸ਼ੀ ਵੀਡੀਓ ਮਾਮਲੇ 'ਚ ਜਲੰਧਰ ਕੋਰਟ ਦਾ ਵੱਡਾ ਫੈਸਲਾ; ਸੋਸ਼ਲ ਮੀਡੀਆ ਤੋਂ ਤੁਰੰਤ ਵੀਡੀਓ ਹਟਾਉਣ ਦੇ ਦਿੱਤੇ ਸਖ਼ਤ ਹੁਕਮ
ਜਲੰਧਰ ਦੀ ਵਧੀਕ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ (ਏਸੀਜੀਐੱਮ) ਹਰਪ੍ਰੀਤ ਕੌਰ ਦੀ ਅਦਾਲਤ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਆਤਿਸ਼ੀ ਮਾਰਲੇਨਾ ਦੇ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਤ ਫੇਕ ਵੀਡੀਓ ਦੇ ਮਾਮਲੇ ’ਚ ਅਹਿਮ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਵੀਰਵਾਰ ਨੂੰ ਸਾਰੇ ਇੰਟਰਨੈੱਟ ਮੀਡੀਆ ਪਲੇਟਫਾਰਮਾਂ ਨੂੰ ਆਦੇਸ਼ ਦਿੱਤੇ ਹਨ ਕਿ ਆਤਿਸ਼ੀ ਨਾਲ ਸਬੰਧਤ ਵਿਵਾਦਤ ਵੀਡੀਓ ਤੁਰੰਤ ਹਟਾਏ ਜਾਣ। ਇਸ ਦੇ ਨਾਲ ਹੀ ਵੀਡੀਓ ਪੋਸਟ ਕਰਨ ਵਾਲੇ ਦਿੱਲੀ ਦੇ ਕਾਨੂੰਨ ਮੰਤਰੀ ਕਪਿਲ ਮਿਸ਼ਰਾ ਦੇ ਇੰਟਰਨੈੱਟ ਮੀਡੀਆ ਅਕਾਊਂਟਸ ਨਾਲ ਜੁੜੇ ਸਾਰੇ ਲਿੰਕ ਵੀ ਡਿਲੀਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
Publish Date: Thu, 15 Jan 2026 04:08 PM (IST)
Updated Date: Thu, 15 Jan 2026 04:10 PM (IST)

ਸਟਾਫ ਰਿਪੋਰਟਰ, ਜਲੰਧਰ : ਜਲੰਧਰ ਦੀ ਵਧੀਕ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ (ਏਸੀਜੀਐੱਮ) ਹਰਪ੍ਰੀਤ ਕੌਰ ਦੀ ਅਦਾਲਤ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਆਤਿਸ਼ੀ ਮਾਰਲੇਨਾ ਦੇ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਤ ਫੇਕ ਵੀਡੀਓ ਦੇ ਮਾਮਲੇ ’ਚ ਅਹਿਮ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਵੀਰਵਾਰ ਨੂੰ ਸਾਰੇ ਇੰਟਰਨੈੱਟ ਮੀਡੀਆ ਪਲੇਟਫਾਰਮਾਂ ਨੂੰ ਆਦੇਸ਼ ਦਿੱਤੇ ਹਨ ਕਿ ਆਤਿਸ਼ੀ ਨਾਲ ਸਬੰਧਤ ਵਿਵਾਦਤ ਵੀਡੀਓ ਤੁਰੰਤ ਹਟਾਏ ਜਾਣ। ਇਸ ਦੇ ਨਾਲ ਹੀ ਵੀਡੀਓ ਪੋਸਟ ਕਰਨ ਵਾਲੇ ਦਿੱਲੀ ਦੇ ਕਾਨੂੰਨ ਮੰਤਰੀ ਕਪਿਲ ਮਿਸ਼ਰਾ ਦੇ ਇੰਟਰਨੈੱਟ ਮੀਡੀਆ ਅਕਾਊਂਟਸ ਨਾਲ ਜੁੜੇ ਸਾਰੇ ਲਿੰਕ ਵੀ ਡਿਲੀਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਸ਼ਿਕਾਇਤਕਰਤਾ ਇਕਬਾਲ ਸਿੰਘ ਨੇ ਜਲੰਧਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਇੰਟਰਨੈੱਟ ਮੀਡੀਆ ’ਤੇ ਆਤਿਸ਼ੀ ਦੀ ਇਕ ਫੇਕ ਵੀਡੀਓ ਪ੍ਰਸਾਰਤ ਕੀਤੀ ਜਾ ਰਿਹਾ ਹੈ। ਇਸ ਵੀਡੀਓ ਨੂੰ ਪ੍ਰਸਾਰਤ ਕਰ ਕੇ ਧਾਰਮਕਿ ਭਾਵਨਾਵਾਂ ਨੂੰ ਆਹਤ ਕਰ ਕੇ ਸੂਬੇ ਦੇ ਸਮਾਜਿਕ ਭਾਈਚਾਰੇ ਵਾਲੇ ਮਾਹੌਲ ਨੂੰ ਵਿਗਾੜਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਇਸ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਤੇ ਇਸ ਨੂੰ ਸ਼ੇਅਰ ਕਰਨ ਤੇ ਪ੍ਰਸਾਰਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੋਏ ਵੀਡੀਓ ਜਾਂਚ ਲਈ ਮੋਹਾਲੀ ਸਥਿਤ ਫੋਰੈਂਸਿਕ ਲੈਬ ਭੇਜੀ। ਪੁਲਿਸ ਮੁਤਾਬਕ ਫੋਰੈਂਸਿਕ ਜਾਂਚ ’ਚ ਇਹ ਪਤਾ ਲੱਗਿਆ ਕਿ ਵੀਡੀਓ ਨਾਲ ਛੇੜਛਾੜ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਦਿੱਲੀ ਦੇ ਕਾਨੂੰਨ ਮੰਤਰੀ ਕਪਿਲ ਮਿਸ਼ਰਾ ਤੋਂ ਇਲਾਵਾ ਕਾਂਗਰਸ ਦੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ, ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ।
ਵੀਰਵਾਰ ਨੂੰ ਇਸੇ ਮਾਮਲੇ ’ਚ ਜਲੰਧਰ ਦੇ ਏਡੀਸੀਪੀ ਨਵੀਨ ਅਹਲਾਵਤ ਤੇ ਇੰਸਪੈਕਟਰ ਰਵਿੰਦਰ ਕੁਮਾਰ ਅਦਾਲਤ ’ਚ ਪੇਸ਼ ਹੋਏ। ਉਨ੍ਹਾਂ ਨੇ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਤ ਇਸ ਤਰ੍ਹਾਂ ਦੀਆਂ ਸਾਰੀਆਂ ਵੀਡੀਓ ਹਟਾਉਣ ਦੀ ਅਦਾਲਤ ਅੱਗੇ ਮੰਗ ਕੀਤੀ। ਇਸ ’ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਇੰਟਰਨੈੱਟ ਮੀਡੀਆ ਦੀ ਦੁਰਵਰਤੋਂ ’ਤੇ ਸਖ਼ਤੀ ਨਾਲ ਟਿੱਪਣੀ ਕਰਦੇ ਹੋਏ ਕਿਹਾ ਕਿ ਕਿਸੇ ਵੀ ਵਿਅਕਤੀ ਦਾ ਅਕਸ ਖ਼ਰਾਬ ਕਰਨ ਜਾਂ ਸਮਾਜ ’ਚ ਨਫ਼ਰਤ ਫੈਲਾਉਣ ਲਈ ਐਡੀਟਿਡ ਤੇ ਭਰਮਾਊ ਸਮੱਗਰੀ ਦਾ ਪਸਾਰ ਗੰਭੀਰ ਅਪਰਾਧ ਹੈ। ਅਦਾਲਤ ਨੇ ਇਸ ਤਰ੍ਹਾਂ ਦੀਆਂ ਸਾਰੀਆਂ ਵੀਡੀਓ ਨੂੰ ਇੰਟਰਨੈੱਟ ਮੀਡੀਆ ਪਲੇਟਫਾਰਮ ਤੋਂ ਤੇ ਕਪਿਲ ਮਿਸ਼ਰਾ ਨਾਲ ਜੁੜੇ ਲਿੰਕ ਤੁਰੰਤ ਹਟਾਉਣ ਦੇ ਹੁਕਮ ਦਿੱਤੇ।