ਰਾਸ਼ਨ ਵੰਡ ਪ੍ਰਣਾਲੀ ਨੂੰ ਲੋਕ ਹਿਤੈਸ਼ੀ ਬਣਾਉਣਾ ਸਾਡੀ ਜ਼ਿੰਮੇਵਾਰੀ : ਕੋਹਲੀ
ਜਲੰਧਰ ਸੈਂਟਰਲ ਦੇ ਇੰਚਾਰਜ ਨਿਤੀਨ ਕੋਹਲੀ ਵੱਲੋਂ ਮੇਰੀ ਰਸੋਈ ਸਕੀਮ ਤੇ ਰਾਸ਼ਨ ਵੰਡ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਅਹਿਮ ਮੀਟਿੰਗ
Publish Date: Tue, 12 May 2026 07:40 PM (IST)
Updated Date: Tue, 12 May 2026 07:42 PM (IST)
-ਸੈਂਟਰਲ ਦੇ ਇੰਚਾਰਜ ਵੱਲੋਂ ਮੇਰੀ ਰਸੋਈ ਸਕੀਮ ਤੇ ਰਾਸ਼ਨ ਵੰਡ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਮੀਟਿੰਗ
-ਡੀਪੂ ਹੋਲਡਰਾਂ ਤੇ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਵਿਸਥਾਰਪੂਰਵਕ ਚਰਚਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸੈਂਟਰਲ ਦੇ ਇੰਚਾਰਜ ਨਿਤਿਨ ਕੋਹਲੀ ਵੱਲੋਂ ਅੱਜ ਸਾਰੇ ਡੀਪੂ ਹੋਲਡਰਾਂ ਅਤੇ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ। ਇਹ ਮੀਟਿੰਗ ਖਾਸ ਤੌਰ ‘ਤੇ ਪੰਜਾਬ ਸਰਕਾਰ ਦੀ ਮੇਰੀ ਰਸੋਈ ਸਕੀਮ ਅਤੇ ਕਣਕ ਵੰਡ ਪ੍ਰਣਾਲੀ ਨੂੰ ਹੋਰ ਸੁਚਾਰੂ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਦੇ ਮਕਸਦ ਨਾਲ ਕੀਤੀ ਗਈ। ਮੀਟਿੰਗ ਦੌਰਾਨ ਲੋਕਾਂ ਨੂੰ ਰਾਸ਼ਨ ਵੰਡ ਪ੍ਰਣਾਲੀ ਨਾਲ ਜੁੜੀਆਂ ਆ ਰਹੀਆਂ ਸਮੱਸਿਆਵਾਂ, ਸੁਵਿਧਾਵਾਂ ਅਤੇ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਨਿਤਿਨ ਕੋਹਲੀ ਨੇ ਕਿਹਾ ਕਿ ਸਰਕਾਰ ਦੀ ਪਹਿਲ ਹੈ ਕਿ ਹਰ ਯੋਗ ਪਰਿਵਾਰ ਤੱਕ ਰਾਸ਼ਨ ਅਤੇ ਕਣਕ ਸਮੇਂ ਸਿਰ ਅਤੇ ਬਿਨਾਂ ਕਿਸੇ ਦਿੱਕਤ ਦੇ ਪਹੁੰਚੇ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨਾ ਅਤੇ ਰਾਸ਼ਨ ਵੰਡ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ, ਸੁਚਾਰੂ ਤੇ ਲੋਕ-ਹਿਤੈਸ਼ੀ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਅਧਿਕਾਰੀਆਂ ਅਤੇ ਡੀਪੂ ਹੋਲਡਰਾਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਹਰ ਹੱਕਦਾਰ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਜਲੰਧਰ ਸੈਂਟਰਲ ਹਲਕੇ ਵਿੱਚ ਲੋਕ ਭਲਾਈ ਨਾਲ ਜੁੜੇ ਹਰ ਮਸਲੇ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾ ਰਿਹਾ ਹੈ। ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝ ਕੇ ਉਨ੍ਹਾਂ ਦਾ ਸਮੇਂ ਸਿਰ ਨਿਪਟਾਰਾ ਕਰਨਾ ਹੀ ਸੱਚੀ ਲੋਕ ਸੇਵਾ ਹੈ ਅਤੇ ਇਸ ਲਈ ਪੂਰੀ ਟੀਮ ਲਗਾਤਾਰ ਮੈਦਾਨ ਵਿੱਚ ਕੰਮ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਹਰ ਵਰਗ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਤੇ ਲੋਕ ਪ੍ਰਤੀਨਿਧੀਆਂ ਵਿਚਕਾਰ ਤਾਲਮੇਲ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਦੀਆਂ ਮੀਟਿੰਗਾਂ ਨਾਲ ਨਾ ਸਿਰਫ ਪ੍ਰਣਾਲੀ ਵਿਚ ਸੁਧਾਰ ਆਉਂਦਾ ਹੈ, ਸਗੋਂ ਲੋਕਾਂ ਦਾ ਵਿਸ਼ਵਾਸ ਵੀ ਮਜ਼ਬੂਤ ਹੁੰਦਾ ਹੈ। ਇਸ ਮੌਕੇ ਸੈਂਟਰਲ ਹਲਕੇ ਦੇ ਕੌਂਸਲਰ, ਬਲਾਕ ਪ੍ਰਧਾਨ ਤੇ ਵਾਰਡ ਇੰਚਾਰਜ ਵੀ ਮੌਜੂਦ ਸਨ। ਕੋਹਲੀ ਨੇ ਕਿਹਾ ਕਿ ਲੋਕ ਸੇਵਾ ਅਤੇ ਜਨਹਿੱਤ ਦੇ ਕੰਮਾਂ ਲਈ ਉਹ ਹਮੇਸ਼ਾ ਵਚਨਬੱਧ ਹਨ।