ਜਲੰਧਰ ਧਮਾਕਾ: ਖ਼ਾਲਿਸਤਾਨ ਲਿਬਰੇਸ਼ਨ ਆਰਮੀ ਨੇ ਲਈ BSF ਹੈੱਡਕੁਆਰਟਰ ਦੇ ਬਾਹਰ ਹੋਏ ਬਲਾਸਟ ਦੀ ਜ਼ਿੰਮੇਵਾਰੀ
ਮੰਗਲਵਾਰ ਰਾਤ ਨੂੰ ਜਲੰਧਰ ਦੇ ਬੀ.ਐੱਸ.ਐੱਫ. (BSF) ਹੈੱਡਕੁਆਰਟਰ ਦੇ ਬਾਹਰ ਹੋਏ ਬੰਬ ਧਮਾਕੇ ਦੀ ਜ਼ਿੰਮੇਵਾਰੀ ਖ਼ਾਲਿਸਤਾਨ ਲਿਬਰੇਸ਼ਨ ਆਰਮੀ (KLA) ਨੇ ਲਈ ਹੈ। ਇੰਟਰਨੈੱਟ ਮੀਡੀਆ 'ਤੇ ਪਾਈ ਗਈ ਇੱਕ ਪੋਸਟ ਵਿੱਚ ਕਿਹਾ ਗਿਆ ਹੈ ਕਿ 'ਆਪ੍ਰੇਸ਼ਨ ਨਵਾਂ ਸਵੇਰਾ' ਜਾਰੀ ਰਹੇਗਾ ਅਤੇ ਰਣਜੀਤ ਸਿੰਘ ਦੇ ਖੂਨ ਦਾ ਬਦਲਾ ਲਿਆ ਜਾਵੇਗਾ।
Publish Date: Wed, 06 May 2026 10:38 AM (IST)
Updated Date: Wed, 06 May 2026 10:43 AM (IST)

ਪੰਜਾਬੀ ਜਾਗਰਣ, ਜਲੰਧਰ। ਮੰਗਲਵਾਰ ਰਾਤ ਨੂੰ ਜਲੰਧਰ ਦੇ ਬੀ.ਐੱਸ.ਐੱਫ. (BSF) ਹੈੱਡਕੁਆਰਟਰ ਦੇ ਬਾਹਰ ਹੋਏ ਬੰਬ ਧਮਾਕੇ ਦੀ ਜ਼ਿੰਮੇਵਾਰੀ ਖ਼ਾਲਿਸਤਾਨ ਲਿਬਰੇਸ਼ਨ ਆਰਮੀ (KLA) ਨੇ ਲਈ ਹੈ। ਇੰਟਰਨੈੱਟ ਮੀਡੀਆ 'ਤੇ ਪਾਈ ਗਈ ਇੱਕ ਪੋਸਟ ਵਿੱਚ ਕਿਹਾ ਗਿਆ ਹੈ ਕਿ 'ਆਪ੍ਰੇਸ਼ਨ ਨਵਾਂ ਸਵੇਰਾ' ਜਾਰੀ ਰਹੇਗਾ ਅਤੇ ਰਣਜੀਤ ਸਿੰਘ ਦੇ ਖੂਨ ਦਾ ਬਦਲਾ ਲਿਆ ਜਾਵੇਗਾ।
ਪੋਸਟ ਵਿੱਚ ਲਿਖਿਆ ਗਿਆ ਹੈ ਕਿ ਕੇ.ਐਲ.ਏ. ਦੇ ਨਿਸ਼ਾਨੇ 'ਤੇ ਡੀ.ਆਈ.ਜੀ. ਸੰਦੀਪ ਗੋਇਲ, ਉਨ੍ਹਾਂ ਦਾ ਪਰਿਵਾਰ ਅਤੇ ਰਿਸ਼ਤੇਦਾਰ ਹਨ। ਸ਼ਹੀਦ ਰਣਜੀਤ ਸਿੰਘ ਦਾ ਬਦਲਾ ਤੁਹਾਡੇ ਪਿਆਰੇ ਸਬੰਧੀਆਂ ਦੇ ਖੂਨ ਨਾਲ ਲਿਆ ਜਾਵੇਗਾ। ਗੋਇਲ ਪਰਿਵਾਰ ਨੇ ਬਹੁਤ ਅੱਤਿਆਚਾਰ ਕੀਤੇ ਹਨ। ਅਸੀਂ ਇੰਨਾ ਖੂਨ ਵਹਾਵਾਂਗੇ ਕਿ ਸਭ ਕੁਝ ਲਾਲ ਹੋ ਜਾਵੇਗਾ।
ਪੁਲਿਸ ਅਧਿਕਾਰੀ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਕਰ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਸ਼ਾਮ ਲਗਪਗ 8.15 ਵਜੇ ਜਲੰਧਰ ’ਚ ਬੀਐੱਸਐੱਫ ਹੈੱਡਕੁਆਰਟਰ ਦੇ ਬਾਹਰ ਇਕ ਸਕੂਟੀ ’ਚ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਕੈਂਪਸ ਦੀਆਂ ਕੰਧਾਂ ਤੱਕ ਹਿੱਲ ਗਈਆਂ। ਧਮਾਕੇ ਦੀ ਆਵਾਜ਼ ਲਗਪਗ ਡੇਢ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ।
ਫ਼ਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ, ਪਰ ਪਛਾਣ ਨਹੀਂ ਹੋ ਸਕੀ ਹੈ। ਸਕੂਟੀ ਚਾਲਕ ਨੂੰ ਵੀ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਹੈ। ਪੁੱਛਗਿੱਛ ਚੱਲ ਰਹੀ ਹੈ। ਗੜ੍ਹਾ ਇਲਾਕੇ ’ਚ ਰਹਿਣ ਵਾਲਾ ਸਕੂਟੀ ਚਾਲਕ ਗੁਰਪ੍ਰੀਤ ਸਿੰਘ ਫਲਿਪਕਾਰਟ ’ਚ ਕੰਮ ਕਰਦਾ ਹੈ। ਉਹ ਬੀਐੱਸਐੱਫ ਹੈੱਡਕੁਆਰਟਰ ਦੇ ਅੰਦਰ ਪਾਰਸਲ ਦੇਣ ਆਇਆ ਸੀ, ਪਰ ਹੈਲਮਟ ਨਾ ਹੋਣਕਾਰਨ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ।
ਇਸ ’ਤੇ ਬੀਐੱਸਐੱਫ ਹੈੱਡਕੁਆਰਟਰ ਤੋਂ ਲਗਪਗ 50 ਫੁੱਟ ਦੂਰ ਸਕੂਟੀ ਖੜ੍ਹੀ ਕਰ ਕੇ ਅੰਦਰ ਚਲਾ ਗਿਆ। ਇਸੇ ਦੌਰਾਨ ਸਕੂਟੀ ’ਚ ਤੇਜ਼ ਧਮਾਕਾ ਹੋਇਆ। ਗੁਰਪ੍ਰੀਤ ਬੀਐੱਸਐੱਫ ਤੋਂ ਸੇਵਾ ਮੁਕਤ ਮੁਲਾਜ਼ਮ ਕਸ਼ਮੀਰਾ ਸਿੰਘ ਦਾ ਪੁੱਤਰ ਹੈ। ਸਕੂਟੀ ਵੀ ਕਸ਼ਮੀਰਾ ਸਿੰਘ ਦੇ ਨਾਂ ’ਤੇ ਸੀ। ਧਮਾਕੇ ਦੇ ਸਮੇਂ ਕੋਲ ਹੀ ਮੌਜੂਦ ਸਬਜ਼ੀ ਮੰਡੀ ’ਚ ਉਸ ਸਮੇਂ ਕਾਫ਼ੀ ਭੀੜ ਸੀ। ਧਮਾਕੇ ਦੀ ਤੇਜ਼ ਆਵਾਜ਼ ਸੁਣਦੇ ਹੀ ਲੋਕ ਆਪਣੀ ਜਾਨ ਬਚਾਉਣ ਲਈ ਭੱਜੇ।