ਕੁਸ਼ਤੀ ’ਚ ਜਲੰਧਰ ਦੀ

ਕੁਸ਼ਤੀ ’ਚ ਜਲੰਧਰ ਦੀ ਸ਼ਾਲੂ ਨੇ ਜਿੱਤਿਆ ਪੰਜਾਬ ਕੌਰ ਦਾ ਖਿਤਾਬ
-65, 75 ਤੇ 97 ਕਿਲੋ ਵਰਗਾਂ ‘ਚ ਰੋਮਾਂਚਕ ਮੁਕਾਬਲਿਆਂ ਨੇ ਮਨ ਮੋਹਿਆ
ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ
ਕਪੂਰਥਲਾ : ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸਮਰਪਿਤ ਪਿੰਡ ਜੈਨਪੁਰ ਵਿਖੇ ਸਮੂਹ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਵੱਲੋਂ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਗਏ ਦੂਜੇ ਕੁਸ਼ਤੀ ਦੰਗਲ ਨੇ ਇਸ ਵਾਰ ਖੇਡ ਪ੍ਰੇਮੀਆਂ ਨੂੰ ਰੋਮਾਂਚ ਦੀ ਚਰਮ ਸੀਮਾ ਤੱਕ ਪਹੁੰਚਾ ਦਿੱਤਾ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਕਰੀਬ 56 ਪਹਿਲਵਾਨਾਂ ਨੇ ਅਖਾੜੇ ਵਿਚ ਆਪਣੀ ਤਾਕਤ, ਹੁਨਰ ਤੇ ਜਜ਼ਬੇ ਦਾ ਅਜਿਹਾ ਪ੍ਰਦਰਸ਼ਨ ਕੀਤਾ ਕਿ ਹਰ ਮੈਚ ਦਰਸ਼ਕਾਂ ਲਈ ਯਾਦਗਾਰ ਬਣ ਗਿਆ। ਲੜਕੀਆਂ ਦੇ 65 ਕਿਲੋ ਵਰਗ ’ਚ ਪੰਜਾਬ ਕੌਰ ਖਿਤਾਬ ਨੇ ਸਭ ਤੋਂ ਵੱਧ ਰੌਣਕ ਖਿੱਚੀ, ਜਿਥੇ ਲਗਭਗ 22 ਪਹਿਲਵਾਨਾਂ ਨੇ ਭਾਗ ਲੈ ਕੇ ਇਸ ਵਰਗ ਨੂੰ ਸਭ ਤੋਂ ਜ਼ਿਆਦਾ ਰੋਮਾਂਚਕ ਬਣਾ ਦਿੱਤਾ। ਫਾਈਨਲ ’ਚ ਪਹੁੰਚੀਆਂ ਦੋ ਪਹਿਲਵਾਨਾਂ ਵਿਚਕਾਰ ਬਰਾਬਰੀ ਦੀ ਲੜਾਈ ਵੇਖਣ ਨੂੰ ਮਿਲੀ। ਆਖ਼ਿਰਕਾਰ ਜਲੰਧਰ ਦੀ ਸ਼ਾਲੂ ਨੇ ਆਪਣੇ ਦਾਅ-ਪੇਚਾਂ ਨਾਲ ਬਾਜ਼ੀ ਮਾਰਦਿਆਂ ਖਿਤਾਬ ਆਪਣੇ ਨਾਮ ਕੀਤਾ, ਜਦਕਿ ਫਰੀਦਕੋਟ ਦੀ ਰਜਨਦੀਪ ਕੌਰ ਦੂਜੇ ਸਥਾਨ ‘ਤੇ ਰਹੀ। ਕਾਰੇਨੋਰ ਦੀ ਸੋਨਲ ਨੇ ਤੀਸਰਾ ਤੇ ਫਰੀਦਕੋਟ ਦੀ ਗੁਰਸ਼ਰਨ ਕੌਰ ਨੇ ਚੌਥਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਲੜਕਿਆਂ ਦੇ 75 ਕਿਲੋ ਵਰਗ ਵਿਚ ਵੀ ਕਰੀਬ 15 ਤੋਂ ਵੱਧ ਪਹਿਲਵਾਨਾਂ ਨੇ ਹਿੱਸਾ ਲੈ ਕੇ ਅਖਾੜੇ ਨੂੰ ਗਰਮਾ ਦਿੱਤਾ। ਪਹਿਲੇ ਰਾਊਂਡ ਤੋਂ ਹੀ ਤਗੜੇ ਤੇ ਜੋਸ਼ੀਲੇ ਮੁਕਾਬਲੇ ਵੇਖਣ ਨੂੰ ਮਿਲੇ। ਇਸ ਵਰਗ ਵਿਚ ਤਜਰਬੇਕਾਰ ਪਹਿਲਵਾਨਾਂ ਨੇ ਆਪਣੀ ਕਾਬਲੀਅਤ ਦਾ ਪੂਰਾ ਲੋਹਾ ਮਨਵਾਇਆ। ਫਾਈਨਲ ਮੁਕਾਬਲੇ ਵਿਚ ਆਨੰਦਪੁਰ ਸਾਹਿਬ ਦੇ ਸਾਹਿਲ ਯਾਦਵ ਨੇ ਬੇਹਤਰੀਨ ਤਕਨੀਕ ਨਾਲ ਖਿਤਾਬ ਆਪਣੇ ਨਾਮ ਕੀਤਾ। ਭਗਤਾ ਭਾਈਕਾ ਦੇ ਅਭਿਸ਼ੇਕ ਰਾਣਾ ਦੂਜੇ, ਮੇਹਲੀ ਦੇ ਰਵੀ ਤੀਸਰੇ ਤੇ ਜਲੰਧਰ ਦੇ ਸਾਗਰ ਚੌਥੇ ਸਥਾਨ ‘ਤੇ ਰਹੇ।
ਭਾਰੀ ਵਰਗਾਂ ਵਿਚ 97 ਕਿਲੋ ਵਰਗ ਵੀ ਦਰਸ਼ਕਾਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣਿਆ, ਜਿਥੇ ਕੁੱਲ 11 ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ। ਫਾਈਨਲ ਵਿਚ ਜਲੰਧਰ ਦੇ ਸਰਬਜੋਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖਿਤਾਬ ਆਪਣੇ ਨਾਮ ਕੀਤਾ। ਮੇਹਲੀ ਦੇ ਜੀਤ ਦੂਜੇ ਸਥਾਨ ‘ਤੇ ਰਹੇ, ਜਦਕਿ ਆਰਸੀਐੱਫ ਦੇ ਵੰਸ਼ਦੀਪ ਸਿੰਘ ਤੇ ਜਲੰਧਰ ਦੇ ਰਣਜੀਤ ਸਿੰਘ ਨੇ ਸਾਂਝੇ ਤੌਰ ‘ਤੇ ਤੀਸਰਾ ਸਥਾਨ ਹਾਸਲ ਕੀਤਾ।
ਕੁੱਲ ਮਿਲਾਕੇ ਤਿੰਨਾਂ ਵਰਗਾਂ ਵਿਚ ਕਰੀਬ 45 ਤੋਂ ਵੱਧ ਪਹਿਲਵਾਨਾਂ ਦੀ ਭਾਗੀਦਾਰੀ ਨਾਲ ਦੰਗਲ ਨੇ ਖੂਬ ਰੌਣਕ ਬਣਾਈ ਰੱਖੀ। ਪਹਿਲਵਾਨ ਮਲਕੀਤ ਕਾਂਜਲੀ ਮਾਹਰ ਦੇ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਪਿੰਡ ਦੇ ਸਰਪੰਚ ਮੇਜਰ ਸਿੰਘ, ਤਰਸੇਮ ਸਿੰਘ ਵਿੱਕੀ, ਚੇਅਰਮੈਨ ਗੁਰਚਰਨ ਸਿੰਘ ਬਿੱਟੂ, ਸੋਸਾਇਟੀ ਦੇ ਪ੍ਰਧਾਨ ਹਰਜੀਤ ਸਿੰਘ, ਕਰਮਜੀਤ ਸਿੰਘ ਮਨੀਲਾ, ਹਰਦੀਪ ਸਿੰਘ, ਅਨੂਪ ਸਿੰਘ, ਹੈਰੀ ਵਿਰਦੀ, ਮੰਗਲ ਸਿੰਘ, ਦਲਜਿੰਦਰ ਸਿੰਘ ਆਦਿ ਆਯੋਜਕਾਂ ਵੱਲੋਂ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਨਾਲ ਸਨਮਾਨਿਤ ਕਰਦੇ ਹੋਏ ਖੇਡਾਂ ਨੂੰ ਪ੍ਰੋਤਸਾਹਿਤ ਕਰਨ ਦਾ ਸੰਦੇਸ਼ ਦਿੱਤਾ।