ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ ਮਿਲੀਆਂ ਨੌਕਰੀਆਂ
ਲਾਇਲਪੁਰ ਖਾਲਸਾ ਕਾਲਜ ਦੇ ਆਈਟੀ ਵਿਦਿਆਰਥੀਆਂ ਨੂੰ ਮਸ਼ਹੂਰ ਕੰਪਨੀ ਵਿੱਚ ਮਿਲੀਆਂ ਨੌਕਰੀਆਂ
Publish Date: Tue, 12 May 2026 06:49 PM (IST)
Updated Date: Tue, 12 May 2026 06:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਤੇ ਆਈਟੀ ਵਿਭਾਗ ਦੇ ਵਿਦਿਆਰਥੀਆਂ ਨੇ ਇਕ ਹੋਰ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ। ਕਾਲਜ ਦੀਆਂ ਦੋ ਵਿਦਿਆਰਥਣਾਂ ਦੀ ਮਸ਼ਹੂਰ ਆਈਟੀ ਤੇ ਮਲਟੀਮੀਡੀਆ ਕੰਪਨੀ ‘ਵਰਚੁਓਸਿਟੀ ਡਿਜੀਟਲ’ ’ਚ ਚੋਣ ਹੋਈ ਹੈ। ਚੁਣੇ ਗਏ ਵਿਦਿਆਰਥੀਆਂ ਵਿੱਚ ਐਮ.ਐਸ.ਸੀ. ਆਈਟੀ ਸਮੈਸਟਰ-4 ਦੀ ਵਿਦਿਆਰਥਣ ਨਿਕਿਤਾ ਨੂੰ ਡੇਟਾ ਐਨਾਲਿਸਟ ਦੇ ਅਹੁਦੇ ਲਈ ਅਤੇ ਬੀ.ਸੀ.ਏ. ਸਮੈਸਟਰ-6 ਦੀ ਵਿਦਿਆਰਥਣ ਅਰਸ਼ਪ੍ਰੀਤ ਨੂੰ ਫਰੰਟ-ਐਂਡ ਡਿਵੈਲਪਰ ਦੇ ਅਹੁਦੇ ਲਈ ਨਿਯੁਕਤੀ ਪੱਤਰ ਮਿਲਿਆ ਹੈ। ਕਰੀਅਰ ਕੌਂਸਲਿੰਗ ਤੇ ਪਲੇਸਮੈਂਟ ਸੈੱਲ ਦੇ ਕਨਵੀਨਰ ਡਾ. ਚਰਨਜੀਤ ਸਿੰਘ ਨੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਅਤੇ ਪਲੇਸਮੈਂਟ ਸੈੱਲ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਸਾਂਝੀ ਕੀਤੀ। ਇਸ ਮੌਕੇ ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਤੋਂ ਡਾ. ਮਨਪ੍ਰੀਤ ਸਿੰਘ ਲੇਹਲ, ਡਾ. ਦਲਜੀਤ ਕੌਰ ਅਤੇ ਕਾਮਰਸ ਵਿਭਾਗ ਤੋਂ ਡਾ. ਜੋਤੀ ਵੋਹਰਾ ਵੀ ਮੌਜੂਦ ਸਨ। ਡਾ. ਚਰਨਜੀਤ ਸਿੰਘ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ ਅਤੇ ਪਲੇਸਮੈਂਟ ਸੈੱਲ ਦੇ ਨਿਰੰਤਰ ਯਤਨਾਂ ਦਾ ਨਤੀਜਾ ਹੈ। ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਵੀ ਵਿਦਿਆਰਥੀਆਂ ਦੀ ਇਸ ਉਪਲੱਬਧੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਆਧੁਨਿਕ ਕਾਰਪੋਰੇਟ ਜਗਤ ’ਚ ਵਿਹਾਰਕ ਹੁਨਰ ਅਤੇ ਰਚਨਾਤਮਕ ਸੋਚ ਦੀ ਮਹੱਤਤਾ ਵਧ ਰਹੀ ਹੈ। ਇਸ ਮੌਕੇ ਕਾਲਜ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਨੇ ਵੀ ਚੁਣੇ ਗਏ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ।