ਐਕਟ ਬਾਰੇ ਸਿੱਖ ਸੰਗਤ ਦੇ ਸ਼ੰਕੇ ਦੂਰ ਕਰਨੇ ਜ਼ਰੂਰੀ
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਬਾਰੇ ਸਿੱਖ ਸੰਗਤਾਂ ਦੇ ਸ਼ੰਕੇ ਦੂਰ ਕਰਨੇ ਜ਼ਰੂਰੀ - ਸਿੱਖ ਤਾਲਮੇਲ ਕਮੇਟੀ
Publish Date: Tue, 12 May 2026 07:27 PM (IST)
Updated Date: Tue, 12 May 2026 07:30 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ ਵਿੱਚ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਦੀ ਜੋ ਸੋਧ ਕੀਤੀ ਗਈ ਹੈ ਉਹ ਬੁਹਤ ਵਧੀਆ ਉਪਰਾਲਾ ਹੈ ਪਰ ਉਸ ਦੇ ਨਾਲ ਕੁਝ ਸੋਧਾਂ ਇਸ ਤਰ੍ਹਾਂ ਦੀਆਂ ਹਨ, ਜਿਸ ਨੂੰ ਲੈ ਕੇ ਸਿੱਖ ਸੰਗਤ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਰਹੇ ਹਨ, ਜਿਸਨੂੰ ਦੁਰ ਕਰਨਾ ਅਤਿਅੰਤ ਜ਼ਰੂਰੀ ਹੈ। ਇਸ ਸਬੰਧੀ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ ,ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ, ਹਰਵਿੰਦਰ ਸਿੰਘ ਚਿਟਕਾਰਾ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਸਿੱਖ ਧਰਮ ਵਿੱਚ ਗੁਰਬਾਣੀਂ ਨਾਲ ਜੁੜਨਾ ਅਤੇ ਘਰ-ਘਰ ਵਿਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਇਕ ਸੁਭਾਗ ਮੰਨਿਆ ਜਾਂਦਾ ਹੈ। ਜੇ ਡਰ ਕਾਰਨ ਸਾਰੀਆਂ ਪੋਥੀਆਂ ਗੁਰੂ ਘਰ ਚਲੀਆਂ ਗਈਆਂ ਤਾਂ ਸਿੱਖਾਂ ਦਾ ਆਪਣੇ ਘਰਾਂ ’ਚ ਨਿੱਤਨੇਮ ਅਤੇ ਬਾਣੀ ਨਾਲ ਜੁੜਨਾ ਘਟ ਸਕਦਾ ਹੈ, ਜੋ ਸਿੱਖੀ ਲਈ ਵੱਡਾ ਨੁਕਸਾਨ ਹੋ ਸਕਦਾ ਹੈ। ਜੇ ਬੇਅਦਬੀ ਕਾਨੂੰਨ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਨਿੱਜੀ ਨਿੱਤਨੇਮ ਕਰਨ ਤੋਂ ਰੋਕਦਾ ਹੈ ਤੇ ਧਾਰਮਿਕ ਅਕੀਦੇ ਤੋਂ ਰੋਕਦਾ ਹੈ ਤਾਂ ਇਹ ਸੰਵਿਧਾਨ ਦੀ ਉਲੰਘਣਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇ ਪਰ ਗੁਰਬਾਣੀ ਜਿਨ੍ਹਾਂ ਦੇ ਰੂਹ ਦੀ ਖੁਰਾਕ ਹੈ ਤੇ ਬਾਣੀ ਨਾਲ ਜੁੜਨ ਦੀ ਕਿਸੇ ਕਿਸਮ ਦੀ ਆਂਚ ਨਾ ਆਵੇ। ਕੋਈ ਵੀ ਵਿਅਕਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਨ ਤੋਂ ਦੂਰ ਨਾ ਹੋਵੇ ਇਸ ਤਰਾਂ ਦੀ ਕੋਈ ਸੋਧ ਕਰਨੀ ਪਵੇ ਉਹ ਕੀਤੀ ਜਾਵੇ। ਇਸ ਮੌਕੇ ਹਰਪਾਲ ਸਿੰਘ ਪਾਲੀ ਚੱਢਾ, ਅਮਨਦੀਪ ਸਿੰਘ ਬੱਗਾ, ਹਰਪ੍ਰੀਤ ਸਿੰਘ ਸੋਨੂੰ ਆਦਿ ਹਾਜ਼ਰ ਸਨ।