ਆਈਆਰਸੀਟੀਸੀ ਭਾਰਤ ਗੌਰਵ ਟ੍ਰੇਨ ਨਾਲ ਪੂਰੀ, ਗੰਗਾਸਾਗਰ ਤੇ ਅਯੋਧਿਆ ਧਾਮ ਦੀ ਯਾਤਰਾ ਕਰਵਾਏਗੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਈਆਰਸੀਟੀਸੀ ਭਾਰਤ ਗੌਰਵ ਟ੍ਰੇਨ ਰਾਹੀਂ ਪੂਰੀ, ਗੰਗਾਸਾਗਰ ਤੇ ਅਯੋਧਿਆ ਧਾਮ ਦੀ ਧਾਰਮਿਕ ਯਾਤਰਾ ਕਰਵਾਈ ਜਾ ਰਹੀ ਹੈ। ਇਹ ਟ੍ਰੇਨ 23 ਮਈ ਨੂੰ ਪਠਾਨਕੋਟ ਕੈਂਟ ਸਟੇਸ਼ਨ ਤੋਂ ਰਵਾਨਾ ਹੋਵੇਗੀ ਤੇ ਯਾਤਰੀਆਂ ਨੂੰ ਪੂਰੀ, ਕੋਲਕਾਤਾ, ਜਸੀਡੀਹ, ਗਿਆ, ਵਾਰਾਣਸੀ ਤੇ ਅਯੋਧਿਆ ਧਾਮ ਵਰਗੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਵਾਏਗੀ। ਇਸ ਟ੍ਰੇਨ ’ਚ ਪਠਾਨਕੋਟ, ਅੰਮ੍ਰਿਤਸਰ, ਜਲੰਧਰ ਸਿਟੀ, ਲੁਧਿਆਣਾ, ਚੰਡੀਗੜ੍ਹ, ਅੰਬਾਲਾ ਕੈਂਟ, ਕੁਰੁਕਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ, ਹਜ਼ਰਤ ਨਿਜ਼ਾਮੁੱਦੀਨ, ਮਥੁਰਾ ਜੰਕਸ਼ਨ, ਆਗਰਾ ਕੈਂਟ ਅਤੇ ਕਾਨਪੁਰ ਸੈਂਟਰਲ ਸਮੇਤ ਕਈ ਬੋਰਡਿੰਗ ਅਤੇ ਡੀਬੋਰਡਿੰਗ ਪਾਇੰਟ ਸ਼ਾਮਲ ਹਨ। 10 ਰਾਤਾਂ ਅਤੇ 11 ਦਿਨਾਂ ਦੀ ਇਹ ਯਾਤਰਾ 23 ਮਈ 2026 ਨੂੰ ਸ਼ੁਰੂ ਹੋਵੇਗੀ ਤੇ 2 ਜੂਨ ਨੂੰ ਵਾਪਸੀ ਹੋਵੇਗੀ। ਟ੍ਰੇਨ ਵਿੱਚ ਥ੍ਰੀ-ਏਸੀ (ਸਟੈਂਡਰਡ) ਨਾਲ ਨਾਨ-ਏਸੀ ਰਿਹਾਇਸ਼ ਅਤੇ ਆਵਾਜਾਈ ਦੀ ਸੁਵਿਧਾ ਮਿਲੇਗੀ, ਜਦਕਿ ਥ੍ਰੀ-ਏਸੀ (ਕੰਫਰਟ) ਵਿੱਚ ਏਸੀ ਰਿਹਾਇਸ਼ ਅਤੇ ਆਵਾਜਾਈ ਦੀ ਸੁਵਿਧਾ ਹੋਵੇਗੀ। ਸਟੈਂਡਰਡ ਕਲਾਸ ਲਈ 28,270 ਰੁਪਏ ਪ੍ਰਤੀ ਵਿਅਕਤੀ ਅਤੇ ਕੰਫਰਟ ਕਲਾਸ ਲਈ 32,440 ਰੁਪਏ ਪ੍ਰਤੀ ਵਿਅਕਤੀ ਕਿਰਾਇਆ ਨਿਰਧਾਰਿਤ ਹੈ। ਪੰਜ ਸਾਲ ਤੱਕ ਦੇ ਬੱਚਿਆਂ ਲਈ ਟਿਕਟ ਮੁਫ਼ਤ ਹੈ, ਜਦਕਿ ਇਸ ਤੋਂ ਵੱਧ ਉਮਰ ਵਾਲਿਆਂ ਲਈ ਟਿਕਟ ਲਾਜ਼ਮੀ ਹੋਵੇਗੀ। ਆਈਆਰਸੀਟੀਸੀ ਦੇ ਰੀਜਨਲ ਦਫ਼ਤਰ ਚੰਡੀਗੜ੍ਹ ਦੇ ਚੀਫ਼ ਸੁਪਰਵਾਈਜ਼ਰ ਠਾਕੁਰ ਸੇਨ ਨੇਗੀ ਨੇ ਦੱਸਿਆ ਕਿ ਟ੍ਰੇਨ ਵਿਚ ਲਗਭਗ 700 ਸੀਟਾਂ ਹਨ, ਜਿਨ੍ਹਾਂ ਵਿੱਚੋਂ 450 ਭਰ ਚੁੱਕੀਆਂ ਹਨ। ਇਸ ਲਈ ਯਾਤਰੀ ਜਲਦੀ ਚੰਡੀਗੜ੍ਹ ਦਫ਼ਤਰ ਜਾਂ ਅਧਿਕਾਰਕ ਵੈੱਬਸਾਈਟ ਰਾਹੀਂ ਬੁਕਿੰਗ ਕਰਵਾ ਸਕਦੇ ਹਨ। ਜੇ ਕੋਈ ਯਾਤਰੀ 15 ਦਿਨ ਪਹਿਲਾਂ ਟਿਕਟ ਰੱਦ ਕਰਵਾਉਂਦਾ ਹੈ ਤਾਂ 250 ਰੁਪਏ ਪ੍ਰਤੀ ਵਿਅਕਤੀ ਕਟੌਤੀ ਹੋਵੇਗੀ। 8 ਤੋਂ 14 ਦਿਨ ਪਹਿਲਾਂ ਰੱਦ ਕਰਨ ‘ਤੇ 25 ਫ਼ੀਸਦੀ ਤੇ 4 ਤੋਂ 7 ਦਿਨ ਪਹਿਲਾਂ 50 ਫ਼ੀਸਦੀ ਕਟੌਤੀ ਹੋਵੇਗੀ। ਜੇ 4 ਦਿਨ ਤੋਂ ਘੱਟ ਸਮਾਂ ਬਚਦਾ ਹੈ ਤਾਂ 100 ਫ਼ੀਸਦੀ ਕਿਰਾਇਆ ਕੱਟਿਆ ਜਾਵੇਗਾ। ਟ੍ਰੇਨ ਸਵੇਰੇ 8 ਵਜੇ ਪਠਾਨਕੋਟ ਤੋਂ ਚੱਲੇਗੀ, ਅੰਮ੍ਰਿਤਸਰ 10:30 ਵਜੇ, ਜਲੰਧਰ ਸਿਟੀ 12:30 ਵਜੇ, ਲੁਧਿਆਣਾ 1:45 ਵਜੇ ਤੇ ਚੰਡੀਗੜ੍ਹ 5 ਵਜੇ ਪੁੱਜੇਗੀ। ਹਰ ਸਟੇਸ਼ਨ ‘ਤੇ ਕਰੀਬ 5 ਮਿੰਟ ਦਾ ਠਹਿਰਾਅ ਹੋਵੇਗਾ। ਇਸ ਤੋਂ ਇਲਾਵਾ ਅੰਬਾਲਾ ਕੈਂਟ, ਕੁਰੁਕਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ, ਹਜ਼ਰਤ ਨਿਜ਼ਾਮੁੱਦੀਨ, ਮਥੁਰਾ ਜੰਕਸ਼ਨ, ਆਗਰਾ ਕੈਂਟ ਤੇ ਕਾਨਪੁਰ ਸੈਂਟਰਲ ਵੀ ਬੋਰਡਿੰਗ/ਡੀਬੋਰਡਿੰਗ ਪੁਆਇੰਟ ਹੋਣਗੇ।