ਈਰਾਨੀ ਯੂਰੇਨੀਅਮ ਅਮਰੀਕਾ ਲੈ ਕੇ ਜਾਵਾਂਗੇ : ਟਰੰਪ
ਇਕ ਘੰਟੇ ’ਚ ਟਰੰਪ
Publish Date: Sat, 18 Apr 2026 09:04 PM (IST)
Updated Date: Sat, 18 Apr 2026 09:06 PM (IST)

ਇਕ ਘੰਟੇ ’ਚ ਟਰੰਪ ਨੇ ਸੱਤ ਝੂਠ ਬੋਲੇ : ਸੰਸਦੀ ਸਪੀਕਰ ਗਲੀਬਾਫ ਯੂਰੇਨੀਅਮ ਈਰਾਨੀ ਮਿੱਟੀ ਵਾਂਗ ਪਵਿੱਤਰ, ਬਾਹਰ ਨਹੀਂ ਭੇਜਾਂਗੇ ਕਾਹਿਰਾ (ਏਐੱਨਆਈ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਅਮਰੀਕਾ ਈਰਾਨ ਤੋਂ ਯੂਰੇਨੀਅਮ ਆਪਣੇ ਦੇਸ਼ ਲੈ ਕੇ ਜਾਵੇਗਾ, ਹਾਲਾਂਕਿ ਤੇਹਰਾਨ ਨੇ ਇਸ ਤਰ੍ਹਾਂ ਦੇ ਕਿਸੇ ਵੀ ਸਮਝੌਤੇ ਤੋਂ ਸਾਫ ਨਾਂਹ ਕੀਤੀ ਹੈ। ਐਰੀਜੋਨਾ ’ਚ ਟਰਨਿੰਗ ਪੁਆਇੰਟ ਯੂਐੱਸਏ ਪ੍ਰੋਗਰਾਮ ’ਚ ਟਰੰਪ ਨੇ ਕਿਹਾ ਕਿ ਇਹ ਪ੍ਰਕਿਰਿਆ ਈਰਾਨ ਨਾਲ ਮਿਲਕੇ ਪੂਰੀ ਕੀਤੀ ਜਾਵੇਗੀ•। ਉਨ੍ਹਾਂ ਕਿਹਾ,‘ਅਸੀਂ ਵੱਡੀਆਂ-ਵੱਡੀਆਂ ਮਸ਼ੀਨਾਂ ਦੇ ਨਾਲ ਜਾਵਾਂਗੇ, ਈਰਾਨ ਨਾਲ ਮਿਲ ਕੇ ਪ੍ਰੋਸੈਸਡ ਯੂਰੇਨੀਅਮ ਕੱਢਾਂਗੇ ਤੇ ਉਸ ਨੂੰ ਅਮਰੀਕਾ ਲੈ ਕੇ ਜਾਵਾਂਗੇ।’ ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਅਮਰੀਕਾ ਸਾਰਾ ਪ੍ਰਮਾਣੂ ਸਾਮਾਨ ਆਪਣੇ ਕਬਜ਼ੇ ’ਚ ਲੈ ਲਵੇਗਾ ਤੇ ਈਰਾਨ ਨੂੰ ਕਦੇ ਪ੍ਰਮਾਣੂ ਹਥਿਆਰ ਨਹੀਂ ਬਨਾਉਣ ਦਿੱਤਾ ਜਾਵੇਗਾ। ਟਰੰਪ ਦੇ ਇਨ੍ਹਾਂ ਬਿਆਨਾਂ ਦੇ ਤੁਰੰਤ ਬਾਅਦ ਈਰਾਨ ਨੇ ਸਖ਼ਤ ਵਿਰੋਧ ਜਤਾਇਆ। ਈਰਾਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਇਸਮਾਈਲ ਬਘਾਈ ਨੇ ਕਿਹਾ ਕਿ ਪ੍ਰੋਸੈਸਡ ਯੂਰੇਨੀਅਮ ਈਰਾਨ ਦੀ ਮਿੱਟੀ ਜਿੰਨਾ ਹੀ ਪਵਿੱਤਰ ਹੈ ਤੇ ਇਸ ਨੂੰ ਕਿਸੇ ਵੀ ਹਾਲਾਤ ’ਚ ਦੇਸ਼ ਤੋਂ ਬਾਹਰ ਨਹੀਂ ਭੇਜਿਆ ਜਾਵੇਗਾ। ਉੱਧਰ ਆਈਆਰਐੱਨਏ ਅਨੁਸਾਰ ਸੰਸਦ ਸਪੀਕਰ ਮੁਹੰਮਦ ਬਾਕਰ ਗਲੀਬਾਫ ਨੇ ਐਕਸ ’ਤੇ ਪੋਸਟ ਕਰਕੇ ਕਿਹਾ ਕਿ ਟਰੰਪ ਨੇ ਇਕ ਘੰਟੇ ਦੇ ਅੰਦਰ ਸੱਤ ਝੂਠ ਬੋਲੇ ਹਨ। ਭਾਵੇਂ ਸੰਘਰਸ਼ ਹੋਵੇ ਜਾਂ ਗੱਲਬਾਤ ਝੂਠ ਰਾਹੀਂ ਟਰੰਪ ਕੋਈ ਨਤੀਜਾ ਹਾਸਲ ਨਹੀਂ ਕਰ ਸਕਨਗੇ। ਟਰੰਪ ਨੇ ਇਸ ਤੋਂ ਪਹਿਲਾਂ ਵੀ ਦਾਅਵਾ ਕੀਤਾ ਸੀ ਕਿ ਗੱਲਬਾਤ ’ਚ ਈਰਾਨ ਹਰ ਗੱਲ ’ਤੇ ਸਹਿਮਤ ਹੋ ਗਿਆ ਹੈ ਤੇ ਸਮਝੌਤੇ ’ਚ ਕੋਈ ਰੁਕਾਵਟ ਨਹੀਂ ਬਚੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਈਰਾਨ ਹਿਜ਼ਬੁੱਲਾ ਤੇ ਹਮਾਸ ਵਰਗੇ ਗਰੁੱਪਾਂ ਨੂੰ ਸਮਰਥਨ ਰੋਕਨ ’ਤੇ ਵੀ ਸਹਿਮਤ ਹੋ ਗਿਆ ਹੈ, ਜਦਕਿ ਹਫਤੇ ਦੇ ਅੰਤ ’ਚ ਅੱਗੇ ਦੀ ਗੱਲਬਾਤ ਜਾਰੀ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਈਰਾਨ ਨੇ ਅਮਰੀਕੀ ਦਾਅਵਿਆਂ ਨੂੰ ਭੁਲੇਖਾਪਾਊ ਦੱਸਦਿਆਂ ਖਾਰਜ ਕਰ ਦਿੱਤਾ। ਬਘਾਈ ਨੇ ਕਿਹਾ ਕਿ ਅਮਰੀਕੀ ਅਧਿਕਾਰੀਆਂ ਦੇ ਬਿਆਨ ਝੂਠ ਨਾਲ ਭਰੇ ਹਨ ਤੇ ਇਨ੍ਹਾਂ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਹੋਰਮੁਜ਼ ਜਲਡਮਰੂਮੱਧ ’ਤੇ ਅਮਰੀਕੀ ਟਿੱਪਣੀਆਂ ਨੂੰ ਵੀ ਬੇਬਸੀ ਦਾ ਸੰਕੇਤ ਦੱਸਦੇ ਹੋਏ ਕਿਹਾ ਕਿ ਇਸ ਰਣਨੀਤਿਕ ਜਲ ਮਾਰਗ ਨਾਲ ਜੁੜੇ ਫੈਸਲੇ ਜ਼ਮੀਨੀ ਹਾਲਾਤ ਦੇ ਆਧਾਰ ’ਤੇ ਲਏ ਜਾਂਦੇ ਹਨ ਨਾ ਕਿ ਇੰਟਰਨੈੱਟ ਮੀਡੀਆ ’ਤੇ ਦਿੱਤੇ ਗਏ ਬਿਆਨਾਂ ਨਾਲ।