ਅੰਤਰਰਾਜੀ ਨਸ਼ਾ ਤਸਕਰ ਹੈਰੋਇਨ ਸਮੇਤ ਗ੍ਰਿਫ਼ਤਾਰ
ਅੰਤਰਰਾਜੀ ਨਸ਼ਾ ਤਸਕਰ ਹੈਰੋਇਨ ਸਮੇਤ ਗ੍ਰਿਫ਼ਤਾਰ
Publish Date: Fri, 01 May 2026 08:07 PM (IST)
Updated Date: Fri, 01 May 2026 08:08 PM (IST)

-ਹਰਿਆਣਾ ਪੁਲਿਸ ਨੂੰ ਵੀ 260 ਗ੍ਰਾਮ ਹੈਰੋਇਨ ਦੇ ਮਾਮਲੇ ’ਚ ਸੀ ਲੁੜੀਂਦਾ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਥਾਣਾ ਮਹਿਤਪੁਰ ਦੀ ਪੁਲਿਸ ਨੇ ਇਕ ਪੇਸ਼ੇਵਰ ਨਸ਼ਾ ਤਸਕਰ ਨੂੰ ਹੈਰੋਇਨ, ਡਰੱਗ ਮਨੀ ਅਤੇ ਹੋਰ ਸਮਾਨ ਸਮੇਤ ਕਾਬੂ ਕਰ ਲਿਆ। ਜਾਣਕਾਰੀ ਦਿੰਦਿਆਂ ਡੀਐੱਸਪੀ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਮਹਿਤਪੁਰ ਦੇ ਐੱਸਐੱਚਓ ਲਾਭ ਸਿੰਘ ਤੇ ਸਬ-ਇੰਸਪੈਕਟਰ ਕਸ਼ਮੀਰ ਸਿੰਘ ਦੀ ਟੀਮ ਨੇ ਪਿੰਡ ਸੰਗੋਵਾਲ ਦੇ ਸ਼ਮਸ਼ਾਨਘਾਟ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਮੋਟਰਸਾਈਕਲ ਸਵਾਰ ਸਾਹਿਲਪ੍ਰੀਤ ਸਿੰਘ ਉਰਫ ਰਾਹੁਲ ਵਾਸੀ ਅਮੀਰਸ਼ਾਹ ਵਾਲਾ ਥਾਣਾ ਮੱਖੂ (ਫਿਰੋਜ਼ਪੁਰ) ਕੋਲੋਂ 82 ਗ੍ਰਾਮ ਹੈਰੋਇਨ, 2500 ਰੁਪਏ ਡਰੱਗ ਮਨੀ ਤੇ ਇਕ ਇਲੈਕਟ੍ਰੋਨਿਕ ਕੰਡਾ ਬਰਾਮਦ ਹੋਇਆ ਤੇ ਮੁਲਜ਼ਮ ਨੂੰ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਵੱਲੋਂ ਮੁਲਜ਼ਮ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਡੀਐੱਸਪੀ ਸਰਵਣ ਸਿੰਘ ਬੱਲ ਨੇ ਖੁਲਾਸਾ ਕੀਤਾ ਕਿ ਸਾਹਿਲਪ੍ਰੀਤ ਸਿੰਘ ਇਕ ਪੇਸ਼ੇਵਰ ਤਸਕਰ ਹੈ। ਇਸ ਖਿਲਾਫ ਪਹਿਲਾਂ ਵੀ ਹਰਿਆਣਾ ਦੇ ਹਿਸਾਰ ਸਿਟੀ ਥਾਣਾ ਵਿਖੇ ਮੁਕੱਦਮਾ ਦਰਜ ਹੈ, ਜਿਸ ਵਿਚ ਇਸ ਕੋਲੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਮੁਲਜ਼ਮ ਉਸ ਮਾਮਲੇ ਵਿਚ ਭਗੌੜਾ ਚੱਲ ਰਿਹਾ ਸੀ। ਮਹਿਤਪੁਰ ਪੁਲਿਸ ਵੱਲੋਂ ਇਸ ਦੀ ਗ੍ਰਿਫ਼ਤਾਰੀ ਦੀ ਸੂਚਨਾ ਸਬੰਧਤ ਹਿਸਾਰ ਪੁਲਿਸ ਥਾਣੇ ਨੂੰ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦਾ ਰਿਮਾਂਡ ਹਾਸਲ ਕਰਕੇ ਨੈੱਟਵਰਕ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਉਹ ਇਹ ਨਸ਼ਾ ਕਿੱਥੋਂ ਲਿਆਉਂਦਾ ਸੀ ਅਤੇ ਕਿੱਥੇ-ਕਿੱਥੇ ਸਪਲਾਈ ਕਰਦਾ ਸੀ। --------------------- ਪਿਛਲੇ 10 ਦਿਨਾਂ ‘ਚ ਐੱਨਡੀਪੀਐੱਸ ਐਕਟ ਤਹਿਤ 22 ਮਾਮਲੇ ਕੀਤੇ ਦਰਜ : ਡੀਐੱਸਪੀ ਬੱਲ ਡੀਐੱਸਪੀ ਸਰਵਣ ਸਿੰਘ ਬੱਲ ਨੇ ਆਪਣੀ ਨਿਯੁਕਤੀ ਤੋਂ ਬਾਅਦ ਪਿਛਲੇ 10 ਦਿਨਾਂ ਦਾ ਰਿਪੋਰਟ ਕਾਰਡ ਵੀ ਪੇਸ਼ ਕੀਤਾ, ਜਿਸ ਵਿਚ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਸਬ ਡਵੀਜ਼ਨ ਅਧੀਨ ਆਉਂਦੇ ਤਿੰਨ ਥਾਣਿਆਂ ਸ਼ਾਹਕੋਟ, ਲੋਹੀਆਂ ਤੇ ਮਹਿਤਪੁਰ ਵਿਚ ਐੱਨਡੀਪੀਐੱਸ ਐਕਟ ਤਹਿਤ ਕੁੱਲ 22 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਆਬਕਾਰੀ ਐਕਟ ਤਹਿਤ ਵੀ 3 ਮੁਕੱਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿਰਫ ਤਸਕਰਾਂ ਨੂੰ ਹੀ ਨਹੀਂ ਫੜਿਆ ਜਾ ਰਿਹਾ, ਬਲਕਿ ਨਸ਼ੇ ਦੀ ਦਲਦਲ ਵਿਚ ਫਸੇ ਨੌਜਵਾਨਾਂ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ। 79 ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ 91 ਨੌਜਵਾਨਾਂ ਨੂੰ ਓਟ ਸੈਂਟਰਾਂ ਰਾਹੀਂ ਦਵਾਈ ਮੁਹੱਈਆ ਕਰਵਾਈ ਜਾ ਰਹੀ ਹੈ।