ਕਾਨਫਰੰਸ ਨੇ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਫੈਕਲਟੀ ਨੂੰ ਇਸ ਵਿਸ਼ੇ ਸੰਬੰਧੀ ਆਪਣੀ ਖੋਜ ਪੇਸ਼ ਕਰਨ ਅਤੇ ਚਰਚਾ ਕਰਨ ਲਈ ਇੱਕ ਅੰਤਰ-ਅਨੁਸ਼ਾਸਨੀ ਪਲੇਟਫਾਰਮ ਮੁਹਈਆ ਕਰਵਾਇਆ ਜਿੱਥੇ ਉਨ੍ਹਾਂ ਨੇ ਗੁਰਬਾਣੀ ਤੋਂ ਪ੍ਰੇਰਨਾ ਪ੍ਰਾਪਤ ਕਰ ਆਪਣੇ ਖੋਜ ਪੱਤਰ ਪੇਸ਼ ਕੀਤੇ।
ਜਲੰਧਰ/ਨਵੀਂ ਦਿੱਲੀ : ਮਾਤਾ ਸੁੰਦਰੀ ਕਾਲਜ ਫਾਰ ਵੂਮੈਨ, ਦਿੱਲੀ ਯੂਨੀਵਰਸਿਟੀ ਨੇ ‘ਦੀ ਸਿੱਖ ਰਿਵਿਊ’ ਦੇ ਸਹਿਯੋਗ ਨਾਲ ‘ਗੁਰਬਾਣੀ: ਨੌਜਵਾਨਾਂ ਲਈ ਮਾਰਗਦਰਸ਼ਕ ਚਾਨਣ’ ਵਿਸ਼ੇ 'ਤੇ ਇੱਕ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ। ਇਹ ਕਾਨਫਰੰਸ ਯੁਵਾ ਪੀੜ੍ਹੀ ਨੂੰ ਗੁਰਬਾਣੀ ਰਾਹੀਂ ਸਮਝ, ਸਮਾਜ ਵਿੱਚ ਉਨ੍ਹਾਂ ਦੀ ਸ਼ਮੂਲੀਅਤ, ਵਿਹਾਰਕ ਅਹਿਸਾਸ ਅਤੇ ਭਾਈਚਾਰਕ-ਮੁਖੀ ਕਾਰਵਾਈ ਨੂੰ ਉਤਸ਼ਾਹਿਤ ਕਰਨ ਪ੍ਰਤੀ ਪ੍ਰੇਰਿਤ ਕਰਨ ਦੇ ਮੂਲ ਉਦੇਸ਼ ਨਾਲ ਆਯੋਜਿਤ ਕੀਤੀ ਗਈ।
ਇਸ ਤੋਂ ਇਲਾਵਾ ਬਹੁ-ਉਦੇਸ਼ ਧਾਰਣੀ ਇਸ ਕਾਨਫਰੰਸ ਦਾ ਮੂਲ ਵਿਸ਼ਾ ਨੌਜਵਾਨਾਂ ਦੀ ਮਾਨਸਿਕ ਸਿਹਤ, ਪਛਾਣ, ਨੈਤਿਕ ਦੁਬਿਧਾਵਾਂ ਅਤੇ ਸਮਕਾਲੀ ਚੁਣੌਤੀਆਂ ਦਾ ਹੱਲ ਕਰਨ ਲਈ ਗੁਰਬਾਣੀ ਕਿਵੇਂ ਮਨੁੱਖ ਨੂੰ ਨੈਤਿਕ ਅਤੇ ਅਧਿਆਤਮਿਕ ਮਾਰਗਦਰਸ਼ਨ ਨਾਲ ਜੋੜਦੀ ਹੈ ਦੇ ਮੂਲ ਉਦੇਸ਼ ਤਹਿਤ ਆਯੋਜਿਤ ਕੀਤੀ ਗਈ। ਕਾਨਫਰੰਸ ਦੇ ਸ਼ੁਰੂਆਤੀ ਸੈਸ਼ਨ ਵਿੱਚ ਕਾਲਜ ਦੀ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਮੁੱਖ ਮਹਿਮਾਨਾਂ ਦੇ ਨਾਲ ਸਭ ਨੂੰ ਜੀ ਆਇਆ ਕਰਦਿਆਂ ਆਪਣੇ ਮੁੱਖ ਸ਼ਬਦਾਂ ਵਿੱਚ ਗੁਰਬਾਣੀ ਨੂੰ ਨੌਜਵਾਨਾਂ ਲਈ ਇੱਕ ਵਿਹਾਰਕ ਮਾਰਗਦਰਸ਼ਕ ਦੱਸਦਿਆਂ, ਖਾਸ ਤੌਰ 'ਤੇ "ਸੰਗਤ" ਦੀ ਮਹੱਤਤਾ ਬਾਰੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ।
ਕਾਨਫਰੰਸ ਦੇ ਮੁੱਖ ਬੁਲਾਰੇ ਵਜੋਂ ਡਾ. ਜਸਵੰਤ ਸਿੰਘ, ਨਿਊਰੋਲੋਜਿਸਟ ਅਤੇ ਖੋਜਕਰਤਾ, ਅਮਰੀਕਾ ਨੇ ਆਪਣੇ ਸ਼ਬਦਾਂ ਵਿੱਚ ਗੁਰਬਾਣੀ ਨੂੰ ਪੂਰੇ ਜੀਵਨ ਲਈ ਮਾਰਗਦਰਸ਼ਕ ਹੋਣ 'ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਸੈਸ਼ਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਸ. ਪ੍ਰਤਾਪ ਸਿੰਘ, ਡੀ. ਆਈ. ਜੀ ਸੇਵਾਮੁਕਤ; ਸੰਪਾਦਕ, ਦੀ ਸਿੱਖ ਰਿਵਿਊ ਨੇ ਸੋਸ਼ਲ ਮੀਡੀਆ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਬਹੁਤ ਜ਼ਿਆਦਾ ਵਰਤੋਂ ਵਿਰੁੱਧ ਚੇਤਾਵਨੀ ਦਿੱਤੀ। ਸ. ਲਖਿੰਦਰ ਸਿੰਘ (ਟੈਕਨੋਕ੍ਰੇਟ, ਜਰਮਨੀ) ਨੇ ਕਿਰਤ ਕਰੋ ਬਾਰੇ ਆਪਣੀ ਗੱਲ ਕੀਤੀ। ਡਾ. ਮਨਪ੍ਰੀਤ ਸਿੰਘ, ਸੰਪਾਦਕ, ਮੈਗਜ਼ੀਨ ਸੀਸ ਗੰਜ, ਨੇ ਗੁਰਬਾਣੀ ਕਿਵੇਂ ਅਸਲ ਦੌਲਤ ਹੈ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਨੇ "ਗੁਰੂ ਵਾਕ ਨਿਰਮਲ ਸਦਾ ਚਾਣਨ ਨਿਤ ਸਾਚ ਤੇਰਥ ਮਜਾਨਾ" ਬਾਰੇ ਗੱਲ ਕੀਤੀ। ਈ-ਗ੍ਰੋ ਫਾਊਂਡੇਸ਼ਨ ਦੇ ਸੀਈਓ ਅਤੇ ਸੰਸਥਾਪਕ ਨਿਰਦੇਸ਼ਕ ਪ੍ਰੋ. ਚਰਨ ਸਿੰਘ ਨੇ ਵੀ ਬਾਣੀ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਕਾਨਫਰੰਸ ਨੇ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਫੈਕਲਟੀ ਨੂੰ ਇਸ ਵਿਸ਼ੇ ਸੰਬੰਧੀ ਆਪਣੀ ਖੋਜ ਪੇਸ਼ ਕਰਨ ਅਤੇ ਚਰਚਾ ਕਰਨ ਲਈ ਇੱਕ ਅੰਤਰ-ਅਨੁਸ਼ਾਸਨੀ ਪਲੇਟਫਾਰਮ ਮੁਹਈਆ ਕਰਵਾਇਆ ਜਿੱਥੇ ਉਨ੍ਹਾਂ ਨੇ ਗੁਰਬਾਣੀ ਤੋਂ ਪ੍ਰੇਰਨਾ ਪ੍ਰਾਪਤ ਕਰ ਆਪਣੇ ਖੋਜ ਪੱਤਰ ਪੇਸ਼ ਕੀਤੇ। ਭਾਰਤ ਅਤੇ ਵਿਦੇਸ਼ਾਂ ਤੋਂ ਲਗਪਗ 27 ਪੇਪਰ ਪੇਸ਼ ਕੀਤੇ ਗਏ, ਜਿਸ ਅੰਤਰਗਤ 3 ਤਕਨੀਕੀ ਸੈਸ਼ਨਾਂ ਵਿੱਚ ਸਰਵੋਤਮ ਪੇਪਰਾਂ ਨੂੰ ਪੁਰਸਕਾਰ ਵੀ ਪ੍ਰਦਾਨ ਕੀਤੇ ਗਏ। ਅੰਤ ਵਿੱਚ ਮੁੱਖ ਮਹਿਮਾਨਾਂ ਨੇ ਆਯੋਜਕ ਮੰਡਲੀ ਕਾਲਜ ਦੀ ਪ੍ਰਿੰਸੀਪਲ, ਪ੍ਰੋ. ਹਰਪ੍ਰੀਤ ਕੌਰ, ਸਹਿ-ਕਨਵੀਨਰ ਡਾ. ਗੁਰਵਿੰਦਰ ਕੌਰ, ਡਾ. ਰਮੀਤ ਕੌਰ ਅਤੇ ਕਾਨਫਰੰਸ ਸਕੱਤਰ, ਡਾ. ਸਿਰਤਾਜ ਕੌਰ ਨੂੰ ਇਸ ਖਾਸ ਵਿਸ਼ੇ 'ਤੇ ਕਾਨਫਰੰਸ ਆਯੋਜਿਤ ਕਰਨ ਸੰਬੰਧੀ ਵਧਾਈ ਦਿੱਤੀ।