ਇੰਸਪੈਕਟਰ ਕੋਹਾੜ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
ਇੰਸਪੈਕਟਰ ਕੋਹਾੜ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
Publish Date: Mon, 27 Apr 2026 09:24 PM (IST)
Updated Date: Mon, 27 Apr 2026 09:28 PM (IST)

- ਡੀਜੀਪੀ ਪੰਜਾਬ ਸਮੇਤ ਪੁਲਿਸ ਅਧਿਕਾਰੀਆਂ ਤੇ ਸਿਆਸੀ ਆਗੂਆਂ ਨੇ ਦਿੱਤੀ ਸ਼ਰਧਾਂਜਲੀ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ : ਡੀਜੀਪੀ ਪੰਜਾਬ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਖੇ ਤਾਇਨਾਤ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਕੋਹਾੜ ਦਾ ਬੀਤੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਜੱਦੀ ਪਿੰਡ ਕੋਹਾੜ ਕਲਾਂ ਸ਼ਾਹਕੋਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਸੋਗਮਈ ਮੌਕੇ ’ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਗਹਿਰੀ ਹਮਦਰਦੀ ਪ੍ਰਗਟਾਈ। ਅੰਤਿਮ ਵਿਦਾਇਗੀ ਮੌਕੇ ਪੰਜਾਬ ਪੁਲਿਸ ਦੀ ਵਿਸ਼ੇਸ਼ ਟੁਕੜੀ ਵੱਲੋਂ ਸਵ. ਅੰਮ੍ਰਿਤਪਾਲ ਸਿੰਘ ਕੋਹਾੜ ਨੂੰ ਸਲਾਮੀ ਦਿੱਤੀ ਗਈ। ਉਪਰੰਤ ਉਨ੍ਹਾਂ ਦੇ ਪੁੱਤਰ ਮਨਵੀਰ ਸਿੰਘ ਕੋਹਾੜ ਨੇ ਨਮ ਅੱਖਾਂ ਨਾਲ ਚਿਖਾ ਨੂੰ ਅਗਨੀ ਦਿਖਾਈ। ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ, ਜਿਸ ਨੂੰ ਦੇਖ ਕੇ ਹਰ ਅੱਖ ਨਮ ਹੋ ਗਈ। ਇਸ ਮੌਕੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਹਾਜ਼ਰੀ ਭਰੀ। ਇਨ੍ਹਾਂ ਵਿਚ ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ, ਐੱਸਐੱਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ, ਐੱਸਪੀ ਹੈੱਡਕੁਆਰਟਰ ਡਾ. ਮੁਕੇਸ਼ ਕੁਮਾਰ, ਐੱਸਪੀ ਸੁਖਵਿੰਦਰ ਸਿੰਘ, ਡੀਐੱਸਪੀ ਸ਼ਾਹਕੋਟ ਸਰਵਣ ਸਿੰਘ ਬੱਲ, ਡੀਐੱਸਪੀ ਨਕੋਦਰ ਉਂਕਾਰ ਸਿੰਘ ਬਰਾੜ, ਡੀਐੱਸਪੀ ਰਛਪਾਲ ਸਿੰਘ, ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ, ਇੰਸਪੈਕਟਰ ਨਿਰਮਲ ਸਿੰਘ, ਐੱਸਐੱਚਓ ਸ਼ਾਹਕੋਟ ਦਿਲਬਾਗ ਸਿੰਘ, ਸਬ ਇੰਸਪੈਕਟਰ ਜਸਵਿੰਦਰ ਸਿੰਘ, ‘ਆਪ’ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਬਚਿੱਤਰ ਸਿੰਘ ਕੋਹਾੜ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਮ੍ਰਿਤਕ ਦੇ ਚਾਚਾ ਨਛੱਤਰ ਸਿੰਘ ਕੋਹਾੜ, ਸਰਪੰਚ ਕੁਲਦੀਪ ਸਿੰਘ ਕੋਹਾੜ, ਸਾਬਕਾ ਪ੍ਰਧਾਨ ਸਤੀਸ਼ ਰਿਹਾਨ, ਐੱਮਸੀ ਬੂਟਾ ਸਿੰਘ ਕਲਸੀ, ਕਾਂਗਰਸੀ ਆਗੂ ਰਾਜੇਸ਼ ਗੁਪਤਾ, ਸਮਾਜ ਸੇਵਕ ਬੱਬਲੂ ਰਿਹਾਨ ਸਮੇਤ ਵੱਡੀ ਗਿਣਤੀ ’ਚ ਇਲਾਕੇ ਦੇ ਲੋਕ ਹਾਜ਼ਰ ਸਨ। ------ - ਰਿਹਾਨ ਨੇ ਕੀਤੀ ਪਰਿਵਾਰ ਲਈ ਸਰਕਾਰੀ ਨੌਕਰੀ ਦੀ ਮੰਗ ਅੰਤਿਮ ਸੰਸਕਾਰ ਮੌਕੇ ਸ਼ੋਕ ਪ੍ਰਗਟ ਕਰਨ ਆਏ ਡੀਜੀਪੀ ਪੰਜਾਬ ਗੌਰਵ ਯਾਦਵ ਅੱਗੇ ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ ਵੱਲੋਂ ਇਲਾਕਾ ਵਾਸੀਆਂ ਦੀ ਤਰਫੋਂ ਇੱਕ ਅਹਿਮ ਮੰਗ ਰੱਖੀ ਗਈ। ਉਨ੍ਹਾਂ ਅਪੀਲ ਕੀਤੀ ਕਿ ਪਰਿਵਾਰ ਦੇ ਸਹਾਰੇ ਅਤੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਮ੍ਰਿਤਕ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਕੋਹਾੜ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਮੁਹੱਈਆ ਕਰਵਾਈ ਜਾਵੇ।