ਲਿੰਕ ਰੋਡ ’ਤੇ ਪਾਏ ਪੱਥਰਾਂ ਕਾਰਨ ਨਿੱਤ ਲੱਗਦੀਆਂ ਨੇ ਸੱਟਾਂ
ਅਵਤਾਰ ਰਾਣਾ, ਪੰਜਾਬੀ ਜਾਗਰਣ,
Publish Date: Sat, 09 May 2026 09:53 PM (IST)
Updated Date: Sat, 09 May 2026 09:56 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਨਕੋਦਰ ਕਪੂਰਥਲਾ ਮਾਰਗ ’ਤੇ ਸਥਿਤ ਕਸਬਾ ਮੱਲ੍ਹੀਆਂ ਕਲਾਂ ਤੋਂ ਵਾਇਆ ਮੱਲੀਆਂ ਖੁਰਦ, ਗਿੱਲ ਖਾਨਪੁਰ ਨੂੰ ਬਣ ਰਹੀ ਲਿੰਕ ਸੜਕ ਉੱਪਰ ਸਬੰਧਤ ਵਿਭਾਗ ਵੱਲੋਂ ਪੱਥਰ ਪਾਏ ਗਏ ਹੈ। ਵਰਨਣਯੋਗ ਹੈ ਕਿ ਇਹ ਲਿੰਕ ਸੜਕ ਬਹੁਤ ਹੀ ਜ਼ਿਆਦਾ ਖਰਾਬ ਸੀ ਤੇ ਲੋਕਾਂ ਦੀ ਚਰੋਕਣੀ ਮੰਗ ਨੂੰ ਬੂਰ ਪੈਂਦਿਆਂ ਇਸ ਸੜਕ ਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਸਰਕਾਰ ਦਾ ਉਪਰਾਲਾ ਸ਼ਲਾਘਾਯੋਗ ਰਿਹਾ ਪਰ ਪਿਛਲੇ ਕਾਫੀ ਸਮੇਂ ਤੋਂ ਵਿਭਾਗ ਵੱਲੋਂ ਇਸ ਲਿੰਕ ਸੜਕ ਉੱਪਰ ਪੱਥਰ ਪਾ ਕੇ ਛੱਡ ਦਿੱਤਾ ਗਿਆ ਹੈ। ਇਸ ਕਾਰਨ ਜਿੱਥੇ ਰਾਹਗੀਰਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਉੱਥੇ ਹੀ ਸਬੰਧਤ ਰੋਡ ਉੱਪਰ ਦੁਕਾਨਾਂ ਵਾਲਿਆਂ ਨੂੰ ਵੀ ਮੁਸੀਬਤ ਝੱਲਣੀ ਪੈ ਰਹੀ ਹੈ।
ਇਸ ਦੀ ਤਾਜ਼ਾ ਮਿਸਾਲ ਸ਼ਨਿਚਰਵਾਰ ਕਸਬਾ ਮੱਲ੍ਹੀਆਂ ਕਲਾਂ ’ਚ ਡਾ. ਗੁਰਮੇਲ ਸਿੰਘ ਦੀ ਦੁਕਾਨ ’ਤੇ ਦੇਖਣ ਨੂੰ ਮਿਲੀ, ਜਿੱਥੇ ਕਿ ਇਕ ਤੇਜ਼ ਰਫਤਾਰ ਮੋਟਰਸਾਈਕਲ ਦੇ ਟਾਇਰ ਕਾਰਨ ਭੁੜਕਿਆ ਪੱਥਰ ਉਸ ਦੇ ਗੇਟ ਦੇ ਸ਼ੀਸ਼ੇ ’ਚ ਜਾ ਵੱਜਿਆ। ਸ਼ੀਸ਼ਾ ਟੁੱਟ ਗਿਆ ਪਰ ਕੋਈ ਹੋਰ ਨੁਕਸਾਨ ਨਹੀਂ ਹੋਇਆ। ਇਸ ਸਬੰਧੀ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਇਹ ਪੱਥਰ ਬੜੀ ਤੇਜ਼ ਰਫਤਾਰ ਨਾਲ ਨਿਕਲਿਆ ਸੀ, ਗਨੀਮਤ ਰਹੀ ਕਿ ਕੋਈ ਸੱਟ-ਫੇਟ ਨਹੀਂ ਵੱਜੀ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸੜਕ ’ਤੇ ਜਲਦੀ ਤੋਂ ਜਲਦੀ ਲੁਕ ਪਾ ਕੇ ਇਸ ਨੂੰ ਨਵੀਂ ਲੁੱਕ ਦਿੱਤੀ ਜਾਵੇ ਤਾਂ ਕਿ ਰਾਹਗੀਰਾਂ ਦਾ ਚੱਲਣਾ ਵੀ ਆਸਾਨ ਹੋਵੇ। ਇਸ ਤੋਂ ਇਲਾਵਾ ਵੀ ਇਲਾਕੇ ਤੇ ਇਸ ਸੜਕ ਨਾਲ ਸਬੰਧਤ ਪਿੰਡਾਂ ਦੇ ਲੋਕਾਂ ਤੇ ਪਿੰਡ ਗਿੱਲ ਦੇ ਸਾਬਕਾ ਸਰਪੰਚ ਹਿੰਮਤ ਸਿੰਘ ਹੈਪੀ ਵੱਲੋਂ ਵੀ ਇਹ ਮੰਗ ਹੈ ਕਿ ਇਸ ਸੜਕ ਉੱਪਰ ਜਲਦੀ ਤੋਂ ਜਲਦੀ ਲੁਕ ਪਾਈ ਜਾਵੇ ਤਾਂ ਕਿ ਰਾਹਗੀਰਾਂ ਤੇ ਹੋਰ ਲੋਕ ਪਰੇਸ਼ਾਨ ਨਾ ਹੋ ਸਕਣ ਕਿਉਂਕਿ ਕਾਫੀ ਸਮਾਂ ਪਹਿਲਾਂ ਇਸ ਸੜਕ ਉੱਪਰ ਪੱਥਰ ਪਾਏ ਗਏ ਸਨ, ਜੋ ਹੁਣ ਸੜਕ ਤੋਂ ਨਿਕਲ ਕੇ ਰਾਹਗੀਰਾਂ ਲਈ ਮੁਸੀਬਤ ਬਣ ਰਹੇ ਹਨ।