ਵਿਦੇਸ਼ੀ ਵਪਾਰ ਘਾਟੇ ਕਾਰਨ ਕਰਜ਼ੇ ’ਚ ਡੁੱਬੀ ਅਰਥ ਵਿਵਸਥਾ : ਚਾਹਲ
ਵਿਦੇਸ਼ੀ ਵਪਾਰ ਘਾਟੇ ਕਾਰਨ ਵੱਡੇ ਕਰਜੇ ਹੇਠਾਂ ਡੁੱਬੀ ਭਾਰਤੀ ਅਰਥ ਵਿਵਸਥਾ- ਚਾਹਲ
Publish Date: Sun, 24 May 2026 06:40 PM (IST)
Updated Date: Mon, 25 May 2026 04:10 AM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਜਿਲ੍ਹਾਂ ਜਲੰਧਰ ਦੇ ਬਲਾਕ ਸ਼ਾਹਕੋਟ ਦੇ ਪਿੰਡ ਖਾਨਪੁਰ ਰਾਜਪੂਤਾਂ ’ਚ ਪਿੰਡ ਦੀ ਇਕਾਈ ਦਾ ਆਮ ਇਜਲਾਸ ਹੋਇਆ। ਇਸ ’ਚ ਇਕਾਈ ਪੱਧਰ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਸਰਬਸੰਮਤੀ ਨਾਲ ਕੀਤੀ ਚੋਣ ਅਨੁਸਾਰ ਰਣਜੀਤ ਸਿੰਘ ਨੂੰ ਪ੍ਰਧਾਨ, ਮੇਜਰ ਸਿੰਘ ਨੂੰ ਸਕੱਤਰ, ਮਨਦੀਪ ਸਿੰਘ ਨੂੰ ਵਿੱਤ ਸਕੱਤਰ, ਸਲਵਿੰਦਰ ਸਿੰਘ ਨੂੰ ਸਰਪ੍ਰਸਤ, ਮਲਵਿੰਦਰ ਸਿੰਘ ਰਾਣਾ ਨੂੰ ਕੋ-ਆਰਡੀਨੇਟਰ ਚੁਣਿਆ ਗਿਆ। ਇਸ ਚੋਣ ਸਮੇਂ ਲਛਮਣ ਸਿੰਘ, ਜਿੰਦਰ ਕੁਮਾਰ ਕਾਲੀ, ਸਰਬਜੀਤ ਸਿੰਘ ਸਾਬੀ, ਦੁਮਣ, ਜੋਗਾ ਸਿੰਘ, ਅਮਰਜੀਤ ਸਿੰਘ, ਹਰਪ੍ਰੀਤ ਸਿੰਘ, ਮਨੀ, ਕੁਲਬੀਰ ਸਿੰਘ, ਕਸ਼ਮੀਰ ਸਿੰਘ, ਜਸ਼ਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਏਕਮ, ਵਿਵੇਕ ਤੇ ਯੁਵਰਾਜ ਸਿੰਘ ਆਦਿ ਹਾਜ਼ਰ ਸਨ। ਇਕਾਈ ਦੀ ਚੋਣ ਸਮੇਂ ਜ਼ਿਲ੍ਹਾ ਜਲੰਧਰ ਦੇ ਸਕੱਤਰ ਗੁਰਚਰਨ ਸਿੰਘ ਚਾਹਲ ਤੇ ਜ਼ਿਲਾ ਕਮੇਟੀ ਮੈਂਬਰ ਪ੍ਰਿੰਸੀਪਲ ਮਨਜੀਤ ਸਿੰਘ ਮਲਸੀਆਂ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਕੱਠ ਨੂੰ ਸੰਬੋਧਨ ਕਰਦਿਆਂ ਗੁਰਚਰਨ ਸਿੰਘ ਚਾਹਲ ਨੇ ਦੱਸਿਆ ਕਿ ਕਿਸ ਤਰ੍ਹਾਂ ਆਰਥਿਕ ਸੁਧਾਰਾਂ ਦੇ ਨਾਂ ’ਤੇ ਲਾਗੂ ਕੀਤੀਆਂ ਦੇਸ਼ ਵਿਰੋਧੀ ਨੀਤੀਆਂ ਕਾਰਨ ਭਾਰਤੀ ਅਰਥਵਿਵਸਥਾ ਬੁਰੇ ਦੌਰ ’ਚੋਂ ਲੰਘ ਰਹੀ ਹੈ। ਉਤਪਾਦਨ ਖੇਤਰ ਸਮੇਤ ਸਾਰੇ ਖੇਤਰਾਂ ਦੀ ਵਿਕਾਸ ਦਰ ਰਿਣਾਤਮਕ ਹੈ। ਵਿਦੇਸ਼ੀ ਵਪਾਰ ਘਾਟਾ ਆਪਣੀ ਚਰਮ ਸੀਮਾ ’ਤੇ ਹੈ, ਜਿਸ ਕਾਰਨ ਭਾਰਤੀ ਅਰਥਵਿਵਸਥਾ ਵੱਡੇ ਕਰਜ਼ੇ ’ਚ ਘਿਰ ਗਈ ਹੈ। ਖੇਤੀ ਖੇਤਰ ਤੋਂ ਬਿਨਾਂ ਹੋਰ ਕਿਸੇ ਵੀ ਖੇਤਰ ਦੀ ਵਿਕਾਸ ਦਰ ਧਨਾਤਮਕ ਨਹੀਂ ਹੈ ਪਰ ਖੇਤੀ ਖੇਤਰ ਪ੍ਰਤੀ ਸਰਕਾਰ ਦੀ ਅਣਦੇਖੀ ਕਾਰਨ ਕਿਸਾਨ, ਮਜ਼ਦੂਰ ਤੇ ਦੁਕਾਨਦਾਰ ਵਰਗ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ। ਕੇਂਦਰ ਸਰਕਾਰ ਦੇ ਨਾਲ-ਨਾਲ ਮਸ਼ਹੂਰੀਆਂ ਵਾਲੀ ਪੰਜਾਬ ਸਰਕਾਰ ਨੇ ਵੀ ਪੰਜਾਬ ਦੇ ਖਜ਼ਾਨੇ ਨੂੰ ਗੈਰ ਉਤਪਾਦਕ ਕੰਮਾਂ ਅਤੇ ਝੂਠੇ ਪ੍ਰਚਾਰ ’ਤੇ ਖਰਚ ਕਰ ਦਿੱਤਾ ਗਿਆ। ਇਸ ਨਾਲ ਪੰਜਾਬ ਸਿਰ ਪ੍ਰਤੀ ਵਿਅਕਤੀ ਲਗਭਗ 2 ਲੱਖ ਰੁਪਏ ਦਾ ਕਰਜ਼ਾ ਚੜ੍ਹ ਗਿਆ ਹੈ। ਇਸ ਘਾਟੇ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵੱਖ ਵੱਖ ਸਰਕਾਰੀ ਅਦਾਰਿਆਂ ਦੀਆਂ ਬੇਸ਼ਕੀਮਤੀ ਜ਼ਮੀਨਾਂ ਨੂੰ ਕੌਡੀਆਂ ਦੇ ਭਾਅ ਵੇਚਣ ਦੀ ਤਿਆਰੀ ਕਰ ਰਹੀ ਹੈ। ਇਸ ਕਰ ਕੇ ਆਪਣੀਆਂ ਜ਼ਮੀਨਾਂ ਅਤੇ ਆਪਣੇ ਅਦਾਰੇ ਬਚਾਉਣ ਲਈ ਹਰ ਵਰਗ ਨੂੰ ਸੁਚੇਤ ਹੋਣ ਤੇ ਜਥੇਬੰਦ ਹੋਣ ਦੀ ਲੋੜ ਹੈ। ਵੱਖ-ਵੱਖ ਵਰਗਾਂ ਦੀ ਆਪਸੀ ਸਾਂਝ ਤੇ ਏਕੇ ਨਾਲ ਹੀ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕਦਾ ਹੈ।