ਗਰਮੀ ਵਧਣ ਨਾਲ ਸਿਰ ਦਰਦ ਦੇ ਮਰੀਜ਼ਾਂ ’ਚ ਵਾਧਾ
ਗਰਮੀ ਵਧਣ ਨਾਲ ਸਿਰ ਦਰਦ ਦੇ ਮਰੀਜ਼ਾਂ ’ਚ ਵਾਧਾ, ਓਪੀਡੀ ’ਚ ਗਿਣਤੀ 30 ਫੀਸਦੀ ਤੱਕ ਪਹੁੰਚੀ
Publish Date: Fri, 01 May 2026 10:27 PM (IST)
Updated Date: Fri, 01 May 2026 10:29 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਾਰਾ ਚੜ੍ਹਦੇ ਹੀ ਜਲੰਧਰ ’ਚ ਸਿਰ ਦਰਦ ਦੀ ਸ਼ਿਕਾਇਤ ਲੈ ਕੇ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ ਵਾਧਾ ਹੋਇਆ ਹੈ। ਸਰਕਾਰੀ ਤੇ ਨਿੱਜੀ ਹਸਪਤਾਲਾਂ ਦੀ ਓਪੀਡੀ ਵਿੱਚ ਹਰ ਰੋਜ਼ ਆਉਣ ਵਾਲੇ ਕੁੱਲ ਮਰੀਜ਼ਾਂ ਵਿੱਚੋਂ 25 ਤੋਂ 30 ਫੀਸਦੀ ਮਰੀਜ਼ ਸਿਰ ਦਰਦ ਦੀ ਸਮੱਸਿਆ ਨਾਲ ਪੁੱਜ ਰਹੇ ਹਨ। ਡਾਕਟਰਾਂ ਨੇ ਇਸ ਪਿੱਛੇ ਗਰਮੀ, ਤਣਾਅ, ਇਲੈਕਟ੍ਰੋਲਾਈਟ ਅਸੰਤੁਲਨ ਤੇ ਤੇਜ਼ ਧੁੱਪ ਨੂੰ ਮੁੱਖ ਕਾਰਨ ਦੱਸਿਆ ਹੈ। ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਸਿਰ ਦਰਦ ਦੇ ਨਾਲ ਉਲਟੀ, ਤੇਜ਼ ਬੁਖਾਰ ਜਾਂ ਨਜ਼ਰ ਧੁੰਦਲੀ ਹੋਣ ਲੱਗੇ ਤਾਂ ਤੁਰੰਤ ਹਸਪਤਾਲ ਜਾਓ, ਕਿਉਂਕਿ ਇਹ ਲੂ ਜਾਂ ਮਾਈਗ੍ਰੇਨ ਦਾ ਗੰਭੀਰ ਰੂਪ ਵੀ ਹੋ ਸਕਦਾ ਹੈ। ਰਤਨ ਹਸਪਤਾਲ ਦੇ ਐੱਮਡੀ ਡਾ. ਬਲਰਾਜ ਗੁਪਤਾ ਨੇ ਕਿਹਾ ਕਿ ਗਰਮੀ ਦੇ ਨਾਲ ਕੰਮ ਦਾ ਦਬਾਅ ਤੇ ਪੂਰੀ ਨੀਂਦ ਨਾ ਹੋਣ ਕਾਰਨ ਲੋਕਾਂ ਵਿੱਚ ਸਟ੍ਰੈੱਸ ਵੱਧ ਰਿਹਾ ਹੈ। ਸਟ੍ਰੈੱਸ ਕਾਰਨ ਬਲੱਡ ਪ੍ਰੈਸ਼ਰ ਅਚਾਨਕ ਉੱਪਰ-ਥੱਲੇ ਹੁੰਦਾ ਹੈ, ਜਿਸ ਨਾਲ ਸਿਰ ਦੀਆਂ ਨਸਾਂ ਵਿੱਚ ਖਿਚਾਅ ਪੈਂਦਾ ਹੈ ਅਤੇ ਤੇਜ਼ ਸਿਰ ਦਰਦ ਸ਼ੁਰੂ ਹੋ ਜਾਂਦਾ ਹੈ। ਖਾਸ ਕਰਕੇ 30 ਤੋਂ 50 ਸਾਲ ਦੀ ਉਮਰ ਦੇ ਕੰਮਕਾਜੀ ਲੋਕ ਇਸ ਸਮੱਸਿਆ ਨਾਲ ਵੱਧ ਪੀੜਤ ਹਨ। ਸਿਵਲ ਹਸਪਤਾਲ ਦੇ ਫਿਜ਼ੀਸ਼ੀਅਨ ਡਾ. ਤਰਸੇਮ ਲਾਲ ਨੇ ਦੱਸਿਆ ਕਿ ਗਰਮੀ ’ਚ ਪਸੀਨਾ ਵੱਧ ਨਿਕਲਣ ਨਾਲ ਸਰੀਰ ਵਿੱਚ ਸੋਡੀਅਮ-ਪੋਟੈਸ਼ੀਅਮ ਵਰਗੇ ਇਲੈਕਟ੍ਰੋਲਾਈਟ ਦਾ ਸੰਤੁਲਨ ਵਿਗੜ ਜਾਂਦਾ ਹੈ। ਇਸ ਤੋਂ ਇਲਾਵਾ ਤੇਜ਼ ਧੁੱਪ ਵਿੱਚ ਬਿਨਾਂ ਸਿਰ ਢੱਕੇ ਬਾਹਰ ਨਿਕਲਣ ਨਾਲ ਸਰੀਰ ਦਾ ਤਾਪਮਾਨ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ। ਵਾਇਰਲ ਬੁਖਾਰ ਦੇ ਕੇਸ ਵੀ ਵਧੇ ਹਨ, ਜਿਨ੍ਹਾਂ ਵਿੱਚ ਸਿਰ ਦਰਦ ਪਹਿਲਾ ਲੱਛਣ ਹੁੰਦਾ ਹੈ। ਓਪੀਡੀ ਵਿੱਚ ਅਜਿਹੇ ਮਰੀਜ਼ਾਂ ਦੀ ਗਿਣਤੀ ਕਰੀਬ 20 ਤੱਕ ਪਹੁੰਚ ਰਹੀ ਹੈ। ਉਨ੍ਹਾਂ ਨੇ ਸਲਾਹ ਦਿੱਤੀ ਕਿ ਲੋਕ ਦੁਪਹਿਰ 12 ਤੋਂ 4 ਵਜੇ ਤੱਕ ਧੁੱਪ ਵਿੱਚ ਜਾਣ ਤੋਂ ਬਚਣ ਅਤੇ ਪਾਣੀ, ਨਿੰਬੂ ਸ਼ਿਕੰਜੀ, ਓਆਰਐੱਸ ਦਾ ਸੇਵਨ ਵਧਾਉਣ। ਈਐੱਸਆਈ ਹਸਪਤਾਲ ਦੇ ਐੱਸਐੱਮਓ ਡਾ. ਅਰੁਣ ਵਰਮਾ ਦੇ ਅਨੁਸਾਰ ਗਰਮੀ ਵਿੱਚ ਸੂਰਜ ਦੀ ਰੌਸ਼ਨੀ ਬਹੁਤ ਤੇਜ਼ ਹੁੰਦੀ ਹੈ। ਬਿਨਾਂ ਚਸ਼ਮੇ ਦੇ ਲਗਾਤਾਰ ਧੁੱਪ ਵਿੱਚ ਰਹਿਣ ਨਾਲ ਅੱਖਾਂ ਦੀ ਪੁਤਲੀ ’ਤੇ ਦਬਾਅ ਪੈਂਦਾ ਹੈ। ਇਹ ਦਬਾਅ ਹੌਲੀ-ਹੌਲੀ ਸਿਰ ਦਰਦ ਵਿੱਚ ਬਦਲ ਜਾਂਦਾ ਹੈ, ਜਿਸਨੂੰ ਆਈ ਸਟ੍ਰੇਨ ਹੈਡੇਕ ਕਿਹਾ ਜਾਂਦਾ ਹੈ। ਅਜਿਹੇ ਮਰੀਜ਼ਾਂ ਨੂੰ ਅਕਸਰ ਮੱਥੇ ਅਤੇ ਅੱਖਾਂ ਦੇ ਆਲੇ-ਦੁਆਲੇ ਦਰਦ ਦੀ ਸ਼ਿਕਾਇਤ ਹੁੰਦੀ ਹੈ। ਓਪੀਡੀ ਵਿੱਚ ਅਜਿਹੇ ਮਰੀਜ਼ਾਂ ਦੀ ਗਿਣਤੀ ਪਿਛਲੇ ਤਿੰਨ ਹਫ਼ਤਿਆਂ ਵਿੱਚ ਕਰੀਬ 25 ਫੀਸਦੀ ਵਧੀ ਹੈ। ਬਸਤੀ ਸ਼ੇਖ ਦੇ ਰਹਿਣ ਵਾਲੇ 42 ਸਾਲਾ ਰਾਜੀਵ ਕੁਮਾਰ, ਜੋ ਇੱਕ ਨਿੱਜੀ ਕੰਪਨੀ ਵਿੱਚ ਅਕਾਊਂਟੈਂਟ ਹਨ, ਨੂੰ ਅਪ੍ਰੈਲ ਦੇ ਆਖ਼ਰੀ ਹਫ਼ਤੇ ਤੋਂ ਦੁਪਹਿਰ ਬਾਅਦ ਹਰ ਰੋਜ਼ ਤੇਜ਼ ਸਿਰ ਦਰਦ ਹੋਣ ਲੱਗਾ। ਜਾਂਚ ਵਿੱਚ ਬੀਪੀ 150/95 ਆਇਆ। ਮਕਸੂਦਾਂ ਦੀ ਰਹਿਣ ਵਾਲੀ 28 ਸਾਲਾ ਸੀਮਾ ਰਾਣੀ ਪਿਛਲੇ ਇੱਕ ਹਫ਼ਤੇ ਤੋਂ ਸਿਰ ਦਰਦ ਅਤੇ ਚੱਕਰ ਦੀ ਸ਼ਿਕਾਇਤ ਨਾਲ ਸਿਵਲ ਹਸਪਤਾਲ ਪੁੱਜੀ।