ਅਵਤਾਰ ਨਗਰ ਦੀ ਗਲੀ ਨੰ. ਜ਼ੀਰੋ ’ਚ ਨਵੇਂ ਟਿਊਬਵੈੱਲ ਦਾ ਉਦਘਾਟਨ
ਵਾਰਡ ਨੰ. 47 ਦੇ ਅਵਤਾਰ ਨਗਰ ਦੀ ਗਲੀ ਨੰ. ਜੀਰੋ ’ਚ ਨਵੇਂ ਟਿਊਬਵੈੱਲ ਦਾ ਉਦਘਾਟਨ
Publish Date: Thu, 30 Apr 2026 09:49 PM (IST)
Updated Date: Thu, 30 Apr 2026 09:52 PM (IST)

-ਇਲਾਕੇ ਦੇ ਲੋਕਾਂ ਨੂੰ ਸਾਫ ਪੀਣਯੋਗ ਪਾਣੀ ਮੁਹੱਈਆ ਕਰਵਾਉਣਾ ਤਰਜੀਹ : ਅਤੁਲ ਭਗਤ ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਵੈਸਟ ਅਧੀਨ ਆਉਂਦੇ ਵਾਰਡ ਨੰ. 47 ਅਵਤਾਰ ਨਗਰ ਦੀ ਗਲੀ ਨੰ. ਜ਼ੀਰੋ ਵਿੱਚ ਲੰਮੇ ਸਮੇਂ ਤੋਂ ਚੱਲ ਰਹੀ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਨਵੇਂ ਟਿਊਬਵੈੱਲ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਸਪੁੱਤਰ ਤੇ ਆਪ ਆਗੂ ਅਤੁਲ ਭਗਤ ਵੱਲੋਂ ਕੀਤਾ ਗਿਆ। ਉਦਘਾਟਨ ਦੌਰਾਨ ਵੱਡੀ ਗਿਣਤੀ ਵਿੱਚ ਸਥਾਨਕ ਵਸਨੀਕ, ਆਮ ਆਦਮੀ ਪਾਰਟੀ ਦੇ ਸਮੂਹ ਅਹੁਦੇਦਾਰ ਤੇ ਵਰਕਰ ਮੌਜੂਦ ਸਨ। ਸਮਾਗਮ ਦੌਰਾਨ ਅਤੁਲ ਭਗਤ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਸਾਫ਼ ਤੇ ਪੀਣਯੋਗ ਪਾਣੀ ਪ੍ਰਦਾਨ ਕਰਨਾ ਉਨ੍ਹਾਂ ਦੀ ਪਹਿਲ ਹੈ ਅਤੇ ਇਸੇ ਦਿਸ਼ਾ ਵਿੱਚ ਇਹ ਟਿਊਬਵੈੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਇਸ ਟਿਊਬਵੈੱਲ ਦੇ ਚੱਲਣ ਨਾਲ ਅਵਤਾਰ ਨਗਰ ਦੀ ਗਲੀ ਨੰ. ਜੀਰੋ ਸਮੇਤ ਨੇੜਲੇ ਇਲਾਕਿਆਂ ’ਚ ਪਾਣੀ ਦੀ ਕਮੀ ਦੀ ਸਮੱਸਿਆ ਕਾਫੀ ਹੱਦ ਤੱਕ ਦੂਰ ਹੋ ਜਾਵੇਗੀ। ਸਥਾਨਕ ਵਸਨੀਕਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਪਾਣੀ ਦੀ ਕਮੀ ਨਾਲ ਜੂਝ ਰਹੇ ਸਨ, ਜਿਸ ਕਾਰਨ ਰੋਜ਼ਾਨਾ ਜੀਵਨ ਪ੍ਰਭਾਵਿਤ ਹੋ ਰਿਹਾ ਸੀ। ਨਵੇਂ ਟਿਊਬਵੈੱਲ ਨਾਲ ਹੁਣ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਤੇ ਵਾਰਡ ਨੰ. 47 ਦੀ ਕੌਂਸਲਰ ਮਨਮੀਤ ਕੌਰ, ਅਮਨ ਸਿੰਘ, ਬਲਵਿੰਦਰ ਸਿੰਘ ਹੀਰਾ ਅਤੇ ਹਰਵਿੰਦਰ ਸਿੰਘ ਨੇ ਵੀ ਇਸ ਕੰਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਖੇਤਰ ਦੇ ਵਿਕਾਸ ਲਈ ਇਸ ਤਰ੍ਹਾਂ ਦੇ ਕੰਮ ਬਹੁਤ ਜ਼ਰੂਰੀ ਹਨ। ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਦੇ ਵਿਕਾਸ ਕਾਰਜ ਜਾਰੀ ਰਹਿਣਗੇ। ਅਤੁਲ ਭਗਤ ਨੇ ਖੇਤਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਵਾਰਡ ਨੰ. 47 ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਲੋਕਾਂ ਦੀ ਹਰ ਸਮੱਸਿਆ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।