ਲੋਕ ਸਭਾ ਚੋਣਾਂ ਸਬੰਧੀ ਮਾਹੌਲ ਭਖ਼ ਚੁੱਕਾ ਹੈ ਤੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਯਤਨ ਕੀਤੇ ਜਾ ਰਹੇ ਹਨ। ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਦੌਰਾਨ ਆਪਣੇ ਵਿਰੋਧੀਆਂ 'ਤੇ ਨਿਸ਼ਾਨੇ ਤਾਂ ਸਾਧੇ ਜਾ ਰਹੇ ਹਨ ਪਰ ਲੋਕਾਂ ਨਾਲ ਜੁੜੇ ਮੁੱਦਿਆਂ ਤੇ ਭਖ਼ਦੇ ਮਸਲਿਆਂ 'ਤੇ ਕੋਈ ਉਮੀਦਵਾਰ ਗੱਲ ਕਰਦਾ ਨਜ਼ਰ ਨਹੀਂ ਆ ਰਿਹਾ। ਸੱਤਾ ਤਬਦੀਲੀ 'ਚ ਵੱਡਾ ਕਾਰਨ ਬਣਿਆ ਨਾਜਾਇਜ਼ ਮਾਈਨਿੰਗ ਦਾ ਮੁੱਦਾ ਹੁਣ ਵੀ ਜਿਉਂ ਦਾ ਤਿਉਂ ਹੀ ਹੈ। ਸ਼ਾਹਕੋਟ ਹਲਕੇ ਦੀ ਗੱਲ ਕਰੀਏ ਤਾਂ ਸਤਲੁਜ

ਪਿ੍ਰਤਪਾਲ ਸਿੰਘ, ਸ਼ਾਹਕੋਟ/ਮਲਸੀਆਂ
ਲੋਕ ਸਭਾ ਚੋਣਾਂ ਸਬੰਧੀ ਮਾਹੌਲ ਭਖ਼ ਚੁੱਕਾ ਹੈ ਤੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਯਤਨ ਕੀਤੇ ਜਾ ਰਹੇ ਹਨ। ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਦੌਰਾਨ ਆਪਣੇ ਵਿਰੋਧੀਆਂ 'ਤੇ ਨਿਸ਼ਾਨੇ ਤਾਂ ਸਾਧੇ ਜਾ ਰਹੇ ਹਨ ਪਰ ਲੋਕਾਂ ਨਾਲ ਜੁੜੇ ਮੁੱਦਿਆਂ ਤੇ ਭਖ਼ਦੇ ਮਸਲਿਆਂ 'ਤੇ ਕੋਈ ਉਮੀਦਵਾਰ ਗੱਲ ਕਰਦਾ ਨਜ਼ਰ ਨਹੀਂ ਆ ਰਿਹਾ। ਸੱਤਾ ਤਬਦੀਲੀ 'ਚ ਵੱਡਾ ਕਾਰਨ ਬਣਿਆ ਨਾਜਾਇਜ਼ ਮਾਈਨਿੰਗ ਦਾ ਮੁੱਦਾ ਹੁਣ ਵੀ ਜਿਉਂ ਦਾ ਤਿਉਂ ਹੀ ਹੈ। ਸ਼ਾਹਕੋਟ ਹਲਕੇ ਦੀ ਗੱਲ ਕਰੀਏ ਤਾਂ ਸਤਲੁਜ ਦਰਿਆ ਦੇ ਵਹਿਣ ਨਾਲ ਦੋਆਬੇ ਖੇਤਰ ਵੱਲ ਪਿੰਡ ਯੂਸਫਪੁਰ ਦਾਰੇਵਾਲ ਤੋਂ ਲੈ ਕੇ ਪਿੰਡ ਛੌਲੇ ਤੱਕ ਲਗਪਗ 60 ਕਿਲੋਮੀਟਰ ਦਾ ਏਰੀਆ ਹਲਕੇ ਦਾ ਹਿੱਸਾ ਹੈ। ਦਰਿਆ ਵਿਚ ਨਾਜਾਇਜ ਮਾਈਨਿੰਗ ਦੇ ਮਾਮਲੇ ਰੋਜ਼ਾਨਾ ਹੀ ਸਾਹਮਣੇ ਆਉਂਦੇ ਰਹਿੰਦੇ ਹਨ। ਰੇਤ ਮਾਫ਼ੀਆ ਵੱਲੋਂ ਸਰਕਾਰੀ ਤੌਰ 'ਤੇ ਇਕ ਖੱਡ ਠੇਕੇ 'ਤੇ ਲੈ ਲਈ ਜਾਂਦੀ ਹੈ ਤੇ ਬਾਅਦ ਵਿਚ ਸਾਰੇ ਹੀ ਦਰਿਆ 'ਚੋਂ ਸਰਕਾਰੀ ਨਿਯਮਾਂ ਦੀ ਉਲੰਘਣਾ ਕਰ ਕੇ ਜੇਸੀਬੀ ਤੇ ਪੋਕ ਲੇਨ ਮਸ਼ੀਨਾਂ ਰਾਹੀਂ ਡੂੰਘੀ ਖੁਦਾਈ ਕੀਤੀ ਜਾਂਦੀ ਹੈ।
ਰੇਤਾ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਦਿਨ ਸਮੇਂ ਕੁਝ ਲੁਕ ਿਛਪ ਕੇ ਕੰਮ ਕਰਦੇ ਹਨ ਪਰ ਸ਼ਾਮ ਢੱਲਦਿਆਂ ਹੀ ਸਤਲੁਜ ਦਰਿਆ ਤੇ ਆਸਪਾਸ ਦੇ ਇਲਾਕਿਆਂ 'ਚ ਉਕਤ ਕੰਮ ਨੂੰ ਅੰਜਾਮ ਦੇਣ ਵਾਲੇ ਇਸ ਤਰ੍ਹਾਂ ਸਰਗਰਮ ਹੋ ਜਾਂਦੇ ਹਨ ਜਿਵੇਂ ਸ਼ਾਮ ਢਲਦੇ ਹੀ ਉਨ੍ਹਾਂ ਨੂੰ ਕੰਮ ਕਰਨ ਲਈ ਕੋਈ ਲਾਇਸੈਂਸ ਮਿਲ ਗਿਆ ਹੋਵੇ। ਰੇਤਾ ਨਾਲ ਭਰੇ ਓਵਰਲੋਡ ਟਰਾਲੇ ਤੇ ਟਿੱਪਰ ਦਰਿਆ ਦੇ ਬੰਨ੍ਹਾਂ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਹਨ। ਬੰਨ੍ਹ ਮਜ਼ਬੂਤ ਨਾ ਹੋਣ ਕਾਰਨ ਪਹਿਲਾਂ 2019 ਵਿਚ ਸ਼ਾਹਕੋਟ ਹਲਕੇ ਦੇ ਪਿੰਡਾਂ ਵਿਚ ਹੜ੍ਹ ਆਇਆ ਤੇ ਫਿਰ 2023 ਵਿਚ ਵੀ ਲੋਕਾਂ ਨੂੰ ਫ਼ਸਲਾਂ, ਪਸ਼ੂਆਂ, ਮਕਾਨ ਸਮੇਤ ਹੋਰ ਮਾਲੀ ਨੁਕਸਾਨ ਉਠਾਉਣਾ ਪਿਆ। ਇਨ੍ਹਾਂ ਹੜ੍ਹਾਂ ਪਿੱਛੇ ਵੀ ਕਿਤੇ ਨਾ ਕਿਤੇ ਕਾਰਨ ਨਾਜਾਇਜ ਮਾਈਨਿੰਗ ਨੂੰ ਦੱਸਿਆ ਗਿਆ ਸੀ। ਹੜ੍ਹਾਂ ਤੋਂ ਬਾਅਦ ਵਾਤਾਵਰਨ ਪੇ੍ਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਗਤਾਂ ਦੇ ਸਹਿਯੋਗ ਨਾਲ ਦੋਆਬੇ ਵਾਲੇ ਪਾਸੇ ਬੰਨ੍ਹਾਂ ਨੂੰ ਮਜਬੂਤ ਕਰਨ ਲਈ ਅਹਿਮ ਰੋਲ ਅਦਾ ਕੀਤਾ।
ਅੱਧੀ ਰਾਤ ਨੂੰ ਸੜਕਾਂ 'ਤੇ ਦਿਸਦੇ ਨੇ ਰੇਤਾ ਨਾਲ ਭਰੇ ਟਿੱਪਰ ਤੇ ਟਰਾਲੀਆਂ
ਸਤਲੁਜ ਤੇ ਨਾਲ ਲੱਗਦੇ ਇਲਾਕਿਆਂ 'ਚ ਚੱਲਦੇ ਨਾਜਾਇਜ਼ ਰੇਤਾ ਦੀ ਮਾਈਨਿੰਗ ਦੇ ਕਾਰੋਬਾਰ ਨੇ ਜਲੰਧਰ ਦੇ ਨਾਲ-ਨਾਲ ਹੋਰ ਜ਼ਿਲਿ੍ਹਆਂ 'ਚ ਵੀ ਪੂਰੇ ਪੈਰ ਪਸਾਰੇ ਹੋਏ ਹਨ। ਜਲੰਧਰ ਤੋਂ ਇਲਾਵਾ ਮੋਗਾ, ਫਿਰੋਜ਼ਪੁਰ, ਲੁਧਿਆਣਾ ਤੇ ਕਪੂਰਥਲਾ ਜ਼ਿਲ੍ਹੇ 'ਚ ਵੀ ਸ਼ਾਹਕੋਟ ਹਲਕੇ 'ਚੋਂ ਨਾਜਾਇਜ਼ ਮਾਈਨਿੰਗ ਕਰ ਕੇ ਰੇਤਾ ਸਪਲਾਈ ਕੀਤੀ ਜਾਂਦੀ ਹੈ। ਕਾਂਵਾ ਵਾਲਾ ਪੱਤਣ ਪੁਲ਼ 'ਤੇ ਸਤਲੁਜ ਦਰਿਆ ਦੇ ਨਜ਼ਦੀਕ ਸ਼ਾਹਕੋਟ ਪੁਲਿਸ ਦਾ ਹਾਈਟੈੱਕ ਨਾਕਾ ਵੀ ਲੱਗਾ ਹੋਇਆ ਹੈ। ਇਸ ਦੇ ਬਾਵਜੂਦ ਵੀ ਪੁਲਿਸ ਦੀ ਨੱਕ ਹੇਠ ਰੇਤਾ ਦਾ ਕਾਰੋਬਾਰ ਹੋ ਰਿਹਾ ਹੈ। ਸੂਤਰਾਂ ਅਨੁਸਾਰ ਚੋਣ ਜ਼ਾਬਤਾ ਲੱਗਣ ਕਾਰਨ ਦਿਨ ਵੇਲੇ ਤਾਂ ਕੰਮ ਨਹੀਂ ਹੋ ਰਿਹਾ ਹੈ ਪਰ ਅੱਧੀ ਰਾਤ ਨੂੰ ਰੇਤਾ ਨਾਲ ਭਰੀਆਂ ਟਿੱਪਰ ਤੇ ਟਰਾਲੀਆਂ ਸੜਕਾਂ 'ਤੇ ਆਮ ਦੇਖੀਆਂ ਜਾ ਸਕਦੀਆਂ ਹਨ।
ਨਾਜਾਇਜ਼ ਮਾਈਨਿੰਗ ਦੇ ਮੁੱਦੇ 'ਤੇ ਿਘਰਦੇ ਰਹੇ ਨੇ ਸਿਆਸਤਦਾਨ
ਦਰਿਆ 'ਚ ਰੇਤ ਦੀ ਮਾਈਨਿੰਗ ਦੇ ਮਾਮਲਿਆਂ ਵਿਚ ਵਿਰੋਧੀ ਹਮੇਸ਼ਾ ਸੱਤਾਧਾਰੀ ਪਾਰਟੀ ਦੇ ਸਿਆਸਤਦਾਨਾਂ ਨੂੰ ਘੇਰਦੇ ਰਹੇ ਹਨ। 2022 ਵਿਚ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਕਾਂਗਰਸ ਖ਼ਿਲਾਫ਼ ਵੱਡੇ ਪੱਧਰ 'ਤੇ ਪ੍ਰਚਾਰਿਆ ਸੀ ਤੇ ਸਰਕਾਰ ਬਣਾਈ ਸੀ। 'ਆਪ' ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਵੀ ਮਾਈਨਿੰਗ ਦਾ ਮਸਲਾ ਹੱਲ ਨਹੀਂ ਹੋਇਆ ਤੇ ਰੇਤਾ ਦੇ ਭਾਅ ਪਹਿਲਾਂ ਨਾਲੋਂ ਵੀ ਵੱਧ ਗਏ। ਆਮ ਆਦਮੀ ਲਈ ਘਰ ਬਣਾਉਣਾ ਅੌਖਾ ਹੋ ਗਿਆ ਹੈ। ਇਸ ਕਾਲੇ ਧੰਦੇ ਵਿਚ ਸ਼ਾਮਲ ਮਾਫ਼ੀਆ, ਸਿਆਸਤਦਾਨ, ਸਿਵਲ ਤੇ ਪੁਲਿਸ ਅਧਿਕਾਰੀ ਮੋਟੀਆਂ ਕਮਾਈਆਂ ਕਰ ਰਹੇ ਹਨ।
ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ 'ਤੇ ਕੀਤੀ ਜਾਂਦੀ ਕਾਰਵਾਈ : ਐੱਸਡੀਓ
ਮਾਈਨਿੰਗ ਵਿਭਾਗ ਦੇ ਐੱਸਡੀਓ ਮਨੋਹਰ ਲਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਖੱਡਾਂ ਦੀ ਚੈਕਿੰਗ ਕੀਤੀ ਜਾਂਦੀ ਹੈ। ਜਦੋਂ ਵੀ ਕੋਈ ਨਾਜਾਇਜ਼ ਮਾਈਨਿੰਗ ਸਬੰਧੀ ਸ਼ਿਕਾਇਤ ਆਉਂਦੀ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਂਦੀ ਹੈ ਤੇ ਇਸ ਸਬੰਧੀ ਮਾਮਲੇ ਵੀ ਦਰਜ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸ਼ਾਹਕੋਟ ਏਰੀਏ ਵਿਚ ਉਨ੍ਹਾਂ ਕੋਲ ਦੋ ਇੰਸਪੈਕਟਰ ਹਨ, ਜੋ ਦਿਨ-ਰਾਤ ਕੰਮ ਕਰ ਰਹੇ ਹਨ। ਜਨਵਰੀ ਤੋਂ ਹੁਣ ਤਕ ਸ਼ਾਹਕੋਟ, ਲੋਹੀਆਂ ਤੇ ਮਹਿਤਪੁਰ ਵਿਚ 10 ਮਾਮਲੇ ਦਰਜ ਕੀਤੇ ਹੋ ਚੁੱਕੇ ਹਨ ਤੇ 22 ਚਲਾਨ ਕੀਤੇ ਜਾ ਚੁੱਕੇ ਹਨ, ਜਿਸ ਤਹਿਤ ਪ੍ਰਤੀ ਟਰਾਲੀ 1 ਲੱਖ, ਟਿੱਪਰ ਤੋਂ 1.5 ਲੱਖ ਤੇ ਡਬਲ ਐਕਸਲ ਵਾਹਨ ਤੋਂ 2 ਲੱਖ ਤਕ ਜੁਰਮਾਨਾ ਵਸੂਲਿਆ ਜਾਂਦਾ ਹੈ।
ਬੰਨ੍ਹਾਂ 'ਤੇ ਬਣਨੀ ਚਾਹੀਦੀ ਪੱਕੀ ਸੜਕ : ਸੰਤ ਸੀਚੇਵਾਲ
ਹੜਾਂ੍ਹ ਤੋਂ ਬਾਅਦ ਸੰਗਤਾਂ ਦੇ ਸਹਿਯੋਗ ਨਾਲ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਾਲੇ ਵਾਤਾਵਰਨ ਪੇ੍ਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਲਾਕੇ ਵਿਚ ਆਏ ਹੜ੍ਹਾਂ ਦਾ ਕਾਰਨ ਬੰਨ੍ਹਾਂ ਦਾ ਨੀਵਾਂ ਹੋਣਾ ਤੇ ਗਿੱਦੜਪਿੰਡੀ ਵਿਖੇ ਪੁਲ਼ 'ਤੇ ਫਸੀ ਹੋਈ ਗਾਰ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਬੰਨ੍ਹਾਂ ਦੇ ਨੇੜੇ ਮਾਈਨਿੰਗ ਕਰਨ ਨਾਲ ਨੁਕਸਾਨ ਹੁੰਦਾ ਹੈ। ਜੇ ਮਾਈਨਿੰਗ ਦਰਿਆ ਦੇ ਅੰਦਰੋਂ ਕੀਤੀ ਜਾਵੇ ਤਾਂ ਉਸਦਾ ਕੋਈ ਨੁਕਸਾਨ ਨਹੀਂ ਕਿਉਂਕਿ ਦਰਿਆ ਉੱਚਾ ਹੈ ਤੇ ਰੇਤਾ ਕੱਢਣ ਨਾਲ ਦਰਿਆ ਨੀਵਾਂ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਬੰਨ੍ਹਾਂ 'ਤੇ ਮਿੱਟੀ ਪਾ ਕੇ ਪੱਕੀ ਸੜਕ ਬਣਨੀ ਚਾਹੀਦੀ ਹੈ ਕਿਉਂਕਿ ਭਾਰੀ ਵਾਹਨਾਂ ਸਮੇਤ ਗੱਡਿਆਂ ਤੇ ਪਸ਼ੂਆਂ ਕਾਰਨ ਵੀ ਮਿੱਟੀ ਖਿਸਕਦੀ ਰਹਿੰਦੀ ਹੈ। ਪੱਕੀ ਸੜਕ ਬਣਨ ਨਾਲ ਬੰਨ੍ਹ ਮਜ਼ਬੂਤ ਹੋ ਜਾਵੇਗਾ ਅਤੇ ਲੋਕਾਂ ਨੂੰ ਰਸਤਾ ਮਿਲ ਜਾਵੇਗਾ ਤੇ ਹੜ੍ਹਾਂ ਦਾ ਖ਼ਤਰਾ ਵੀ ਘੱਟ ਜਾਵੇਗਾ।