ਧੋਖਾਧੜੀ ਹੋਈ ਤਾਂ ਨੰਬਰਦਾਰ ਹੋਣਗੇ ਜ਼ਿੰਮੇਵਾਰ
ਧੋਖਾਧੜੀ ਹੋਈ ਤਾਂ ਪਿੰਡ ਤੋਂ ਬਾਹਰ ਗਵਾਹੀ ਦੇਣ ਵਾਲੇ ਨੰਬਰਦਾਰ ਹੋਣਗੇ ਜ਼ਿੰਮੇਵਾਰ
Publish Date: Wed, 20 May 2026 10:39 PM (IST)
Updated Date: Wed, 20 May 2026 10:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ-1 ਤਹਿਸੀਲ ਦੇ ਸਬ-ਰਜਿਸਟਰਾਰ ਦਫ਼ਤਰ ਨੇ ਪ੍ਰਾਪਰਟੀ ਰਜਿਸਟ੍ਰੇਸ਼ਨ ਦੇ ਕੰਮ ’ਚ ਹੋਣ ਵਾਲੀਆਂ ਗੜਬੜੀਆਂ ਨੂੰ ਰੋਕਣ ਲਈ ਹੁਣ ਨੰਬਰਦਾਰਾਂ ’ਤੇ ਸਖ਼ਤੀ ਕੀਤੀ ਹੈ। ਸਬ-ਰਜਿਸਟਰਾਰ ਗੁਰਪ੍ਰੀਤ ਸਿੰਘ ਵੱਲੋਂ ਸਮੂਹ ਨੰਬਰਦਾਰਾਂ ਦੇ ਨਾਂ ਬੁੱਧਵਾਰ ਨੂੰ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਹਰ ਨੰਬਰਦਾਰ ਸਿਰਫ਼ ਆਪਣੇ ਅਧਿਕਾਰ ਖੇਤਰ ’ਚ ਆਉਂਦੇ ਪਿੰਡਾਂ ਜਾਂ ਸਰਕਲਾਂ ਦੀਆਂ ਪ੍ਰਾਪਰਟੀ ਰਜਿਸਟਰੀਆਂ ਦੇ ਕੰਮ ਹੀ ਤਸਦੀਕ ਕਰੇ। ਜੇ ਕਿਸੇ ਹੋਰ ਇਲਾਕੇ ਦੇ ਕੰਮ ’ਚ ਕੋਈ ਤਸਦੀਕ ਕੀਤੀ ਗਈ ਤਾਂ ਹੋਣ ਵਾਲੀ ਗੜਬੜ ਜਾਂ ਧੋਖਾਧੜੀ ਲਈ ਸਬੰਧਤ ਨੰਬਰਦਾਰ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਕੁਝ ਦਿਨ ਪਹਿਲਾਂ ਹੀ ਸਬ-ਰਜਿਸਟਰਾਰ ਗੁਰਪ੍ਰੀਤ ਸਿੰਘ ਨੇ ਇਕ ਹੀ ਡੀਡ ਰਾਈਟਰ ਦੀ ਆਈਡੀ ਤੋਂ ਵਾਰ-ਵਾਰ ਗਲਤ ਦਸਤਾਵੇਜ਼ ਅਪਲੋਡ ਕੀਤੇ ਜਾਣ ਦੇ ਮਾਮਲੇ ਵਿਚ ਸਬੰਧਤ ਆਈਡੀ ਬਲਾਕ ਕਰਨ ਦੀ ਚਿਤਾਵਨੀ ਦਿੱਤੀ ਸੀ, ਜਿਸ ਤੋਂ ਬਾਅਦ ਇਸ ਤਰ੍ਹਾਂ ਦੇ ਮਾਮਲਿਆਂ ’ਚ ਕਮੀ ਆਈ ਹੈ। ਹੁਣ ਨੰਬਰਦਾਰਾਂ ਸਬੰਧੀ ਜਾਰੀ ਹੁਕਮਾਂ ਨੂੰ ਲੈ ਕੇ ਤਹਿਸੀਲ-1 ’ਚ ਸਾਰਾ ਦਿਨ ਚਰਚਾ ਬਣੀ ਰਹੀ, ਕਿਉਂਕਿ ਕਈ ਮੌਕਿਆਂ ’ਤੇ ਕਿਸੇ ਹੋਰ ਇਲਾਕੇ ਦੇ ਨੰਬਰਦਾਰ ਵੱਲੋਂ ਗਲਤ ਰਜਿਸਟਰੀ ’ਚ ਪਛਾਣ ਕਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।