ਹੜਤਾਲ ਨਾ ਖ਼ਤਮ ਹੋਈ ਤਾਂ ਸੋਮਵਾਰ ਤੋਂ ਮੇਨ ਗੇਟ ’ਤੇ ਧਰਨਾ : ਸਭਰਵਾਲ
ਹੜਤਾਲ ਅੱਜ ਨਾ ਖੁੱਲੀ ਤਾਂ ਸੋਮਵਾਰ ਤੋਂ ਮੇਨ ਗੇਟ ਤੇ ਧਰਨਾ ਤੇ ਵਿਖਾਵਾ ਹਵੋਗਾ=ਬੰਟੂ ਸਭਰਵਾਲ
Publish Date: Thu, 23 Apr 2026 07:23 PM (IST)
Updated Date: Thu, 23 Apr 2026 07:25 PM (IST)
ਹੜਤਾਲ ਦੂਜੇ ਦਿਨ ’ਚ ਦਾਖਲ, ਗੱਡੀਆਂ ਵੀ ਨਿਗਮ ’ਚ ਖੜ੍ਹੀਆਂ
ਹਮਾਇਤ ’ਚ ਆਈਆਂ ਵਾਲਮੀਕਿ ਭਾਈਚਾਰੇ ਸਬੰਧਤ ਜਥੇਬੰਦੀਆਂ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਯੂਨੀਅਨ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਹੋਈ ਹੜਤਾਲ ਦੂਜੇ ਦਿਨ ’ਚ ਦਾਖਲ ਹੋ ਗਈ ਅਤੇ ਹੜਤਾਲੀ ਕਰਮਚਾਰੀਆਂ ਨੇ ਵੀਰਵਾਰ ਨੂੰ ਕਮਿਸ਼ਨਰ ਦਫਤਰ ਅੱਗੇ ਧਰਨਾ ਦਿੱਤਾ ਤੇ ਨਿਗਮ ਪ੍ਰਸ਼ਾਸਨ ਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਧਾਨ ਬੰਟੂ ਸਭਰਵਾਲ ਤੇ ਸ਼ੰਮੀ ਲੂਥਰ ਨੇ ਦੱਸਿਆ ਕਿ ਉਨ੍ਹਾਂ ਦੀ ਹਮਾਇਤ ’ਚ ਵੀਰਵਾਰ ਨੂੰ ਵਾਲਮੀਕਿ ਸ਼ਕਤੀ ਆਸਰਮ ਦੇ ਚੇਅਰਮੈਨ ਵਿਪਨ ਸਭਰਵਾਲ, ਵਾਲਮੀਕਿ ਟਾਇਗਰ ਫੋਰਸ ਦੇ ਪ੍ਰਧਾਨ ਅਜੇ ਖੋਸਲਾ, ਵਿੱਕੀ , ਰਿਸ਼ੀ ਸਹੋਤਾ, ਹੈਪੀ ਥਾਪਰ, ਮਦਨ ਮੱਦੀ, ਮੁਲਾਜ਼ਮ ਸਫਾਈ ਸੇਵਕ ਸੀਵਰੇਜਮੈਨ ਯੂਨੀਅਨ ਦੇ ਪ੍ਰਧਾਨ ਰਾਜਨ ਕਲਿਆਣ ਮੌਕੇ ’ਤੇ ਪੁੱਜੇ। ਉਕਤ ਆਗੂਆਂ ਨੇ ਕਿਹਾ ਹੈ ਕਿ ਜੇ ਕੱਲ੍ਹ ਸ਼ੁੱਕਰਵਾਰ ਨੂੰ ਹੜਤਾਲ ਖਤਮ ਨਹੀਂ ਹੁੰਦੀ ਤਾਂ ਸੋਮਵਾਰ ਨੂੰ ਨਗਰ ਨਿਗਮ ਦੇ ਮੇਨ ਗੇਟ ਦੇ ਬਾਹਰ ਟੈਂਟ ਲਾ ਕੇ ਧਰਨਾ ਦਿੱਤਾ ਜਾਏਗਾ।
ਨਗਰ ਨਿਗਮ ’ਚ ਪਸਰਿਆ ਸੰਨਾਟਾ : ਨਿਗਮ ਯੂਨੀਅਨ ਦੀ ਹੜਤਾਲ ਦੇ ਦੂਜੇ ਦਿਨ ਨਿਗਮ ਦੀਆਂ ਸਾਰੀਆਂ ਬ੍ਰਾਂਚਾਂ ਦੇ ਦਫਤਰਾਂ ’ਚ ਸੰਨਾਟਾ ਪਸਰਿਆ ਰਿਹਾ ਤੇ ਕੁਝ ਪੁਲਿਸ ਕਰਮਚਾਰੀ ਹੀ ਬੈਠੇ ਦਿਖਾਈ ਦਿੱਤੇ। ਹੜਤਾਲ ਕਾਰਨ ਲੋਕਾਂ ਦੇ ਕੰਮ ਨਹੀਂ ਹੋਏ।