ਲੂ ਦੇ ਮਰੀਜ਼ਾਂ ਦੀ ਸਹੂਲਤ ਲਈ ਆਈਸੀਯੂ ਤਿਆਰ
ਜਾਸ, ਜਲੰਧਰ : ਤਾਪਮਾਨ
Publish Date: Thu, 23 Apr 2026 06:45 PM (IST)
Updated Date: Thu, 23 Apr 2026 06:49 PM (IST)
ਜਾਸ, ਜਲੰਧਰ : ਤਾਪਮਾਨ ਦਾ ਪਾਰਾ 42 ਡਿਗਰੀ ਸੈਲਸੀਅਸ ਨੇੜੇ ਪੁੱਜ ਗਿਆ ਹੈ। ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ’ਚ ਗਰਮੀ ਕਾਰਨ ਸਿਰ ਦਰਦ, ਚੱਕਰ ਆਉਣ ਤੇ ਜੀਅ ਘਬਰਾਉਣ ਵਰਗੇ ਲੱਛਣਾਂ ਨਾਲ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਲੱਛਣ ਤਾਪਮਾਨ ਵਧਣ ਕਾਰਨ ਹੋ ਰਹੇ ਹਨ। ਆਉਣ ਵਾਲੇ ਦਿਨਾਂ ’ਚ ਲੂ ਦੇ ਮਰੀਜ਼ਾਂ ਦੇ ਇਲਾਜ ਲਈ ਨਿੱਜੀ ਹਸਪਤਾਲਾਂ ਦੇ ਨਾਲ-ਨਾਲ ਸਰਕਾਰੀ ਹਸਪਤਾਲਾਂ ’ਚ ਵੀ ਪੱਕੇ ਇੰਤਜ਼ਾਮ ਕੀਤੇ ਗਏ ਹਨ। ਸਿਵਲ ਹਸਪਤਾਲ ਦੇ ਟ੍ਰੋਮਾ ਸੈਂਟਰ ’ਚ ਪੰਜ ਬੈੱਡ ਦੀ ਸਮਰੱਥਾ ਵਾਲਾ ਆਈਸੀਯੂ ਤਿਆਰ ਕੀਤਾ ਗਿਆ ਹੈ। ਨਾਲ ਹੀ ਢੁੱਕਵੀਂ ਮਾਤਰਾ ਵੀ ਦਵਾਈਆਂ ਵੀ ਸਟਾਕ ਕਰ ਲਈਆਂ ਹਨ। ਵਿਭਾਗ ਵੱਲੋਂ ਸਿਹਤ ਕੇਂਦਰਾਂ ਦੇ ਨਾਲ-ਨਾਲ ਆਮ ਆਦਮੀ ਕਲੀਨਿਕਾਂ ’ਚ ਓਆਰਐੱਸ ਕਾਰਨਰ ਬਣਾਉਣ ਦੀ ਗੱਲ ਕੀਤੀ ਗਈ ਹੈ।
ਸਿਵਲ ਹਸਪਤਾਲ ਦੀ ਐੱਮਐੱਸ ਡਾ. ਨਮਿਤਾ ਘਈ ਨੇ ਦੱਸਿਆ ਕਿ ਅਚਾਨਕ ਗਰਮੀ ਵਧਣ ਦੇ ਬਾਅਦ ਵਿਭਾਗ ਵੱਲੋਂ ਲੂ ਤੋਂ ਬਚਾਅ ਲਈ ਮਸ਼ਵਰਾ ਜਾਰੀ ਕੀਤਾ ਗਿਆ ਹੈ। ਹਸਪਤਾਲ ਦੇ ਟ੍ਰੋਮਾ ਸੈਂਟਰ ’ਚ ਪੰਜ ਬੈੱਡ ਦਾ ਆਈਸੀਯੂ ਤਿਆਰ ਕੀਤਾ ਗਿਆ ਹੈ, ਜਿੱਥੇ ਲੂ ਦੇ ਮਰੀਜ਼ਾਂ ਦੇ ਇਲਾਜ ਦੀ ਵਿਵਸਥਾ ਕੀਤੀ ਜਾਵੇਗੀ। ਹਸਪਤਾਲ ਪ੍ਰਸ਼ਾਸਨ ਵੱਲੋਂ ਟ੍ਰੋਮਾ ਵਾਰਡ ’ਚ ਬਣਾਏ ਗਏ ਆਈਸੀਯੂ ’ਚ ਮਰੀਜ਼ਾਂ ਦੇ ਇਲਾਜ ਲਈ ਦੋ ਨਰਸਾਂ ਤੇ ਡੀਐੱਨਬੀ ਵਾਲੇ ਡਾਕਟਰਾਂ ਦੀ ਡਿਊਟੀ ਲਾਈ ਜਾਵੇਗੀ। ਹੰਗਾਮੀ ਸਥਿਤੀ ’ਚ ਮਾਹਿਰ ਡਾਕਟਰਾਂ ਨੂੰ ਵੀ ਮੌਕੇ 'ਤੇ ਪੁੱਜਣ ਦੀ ਹਦਾਇਤ ਦਿੱਤੀ ਗਈ ਹੈ। ਨਾਲ ਹੀ ਵੇਅਰਹਾਊਸ ਤੋਂ ਢੁੱਕਵੀਂ ਮਾਤਰਾ ਵਿਚ ਗਲੂਕੋਜ਼, ਦਸਤਾਨੇ, ਟੀਕੇ, ਓਆਰਐੱਸ ਘੋਲ ਦੇ ਪੈਕੇਟ, ਬੁਖਾਰ, ਦਸਤ ਤੇ ਉਲਟੀ ਦੀ ਦਵਾਈਆਂ ਵੱਡੀ ਮਾਤਰਾ ’ਚ ਮੰਗਵਾਈਆਂ ਗਈਆਂ ਹਨ।
ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਗਰਗ ਨੇ ਦੱਸਿਆ ਕਿ ਜਨਹਿਤ ਲਈ ਲੂ ਤੋਂ ਬਚਾਅ ਲਈ ਮਸ਼ਵਰਾ ਜਾਰੀ ਕੀਤਾ ਗਿਆ ਹੈ। ਇਹ ਜ਼ਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ ਤੇ ਆਮ ਆਦਮੀ ਕਲੀਨਿਕਾਂ ਵਿਚ ਪਹੁੰਚਾ ਦਿੱਤਾ ਗਿਆ ਹੈ ਅਤੇ ਡਿਊਟੀ ’ਤੇ ਤਾਇਨਾਤ ਡਾਕਟਰਾਂ ਨੂੰ ਉਥੇ ਆਉਣ ਵਾਲੇ ਮਰੀਜ਼ਾਂ ਤੱਕ ਪਹੁੰਚਾਉਣ ਦੀ ਹਦਾਇਤ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਦੇ ਸਿਹਤ ਕੇਂਦਰਾਂ ’ਚ ਮਰੀਜ਼ਾਂ ਦੇ ਇਲਾਜ ਲਈ ਵਰਤੋਂ ਹੋਣ ਵਾਲੀਆਂ ਦਵਾਈਆਂ ਦਾ ਸਟਾਕ ਪਹੁੰਚਾ ਦਿੱਤਾ ਗਿਆ ਹੈ। ਵਿਭਾਗ ਵੱਲੋਂ ਓਆਰਐੱਸ ਕਾਰਨਰ ਬਣਾਉਣ ਦੀ ਹਦਾਇਤ ਦਿੱਤੀ ਗਈ ਹੈ, ਜਿੱਥੋਂ ਲੋਕ ਓਆਰਐੱਸ ਦੇ ਪੈਕੇਟ ਲੈ ਕੇ ਘਰ ਜਾ ਸਕਦੇ ਹਨ।