ਕੁਲਵਿੰਦਰ ਸਿੰਘ, ਜਲੰਧਰ : ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਹਿੰਦੂ ਦੇਵੀ- ਦੇਵਤਿਆਂ ਦੇ ਬਾਰੇ ਵਿਚ ਗਲਤ ਸ਼ਬਦਾਵਲੀ ਵਰਤਣ ਵਾਲੇ ਵਕੀਲ ਪਿ੍ਰਤਪਾਲਜੀਤ ਸਿੰਘ 'ਤੇ ਸਖ਼ਤੀ ਵਿਖਾਉਂਦੇ ਹੋਏ 9 ਅਗਸਤ ਨੂੰ ਪੰਜਾਬ ਪੁਲਿਸ ਦੇ ਡੀਜੀਪੀ ਤੇ ਐੱਸਐੱਸਪੀ ਤੋਂ ਸਟੇਟਸ ਰਿਪੋਰਟ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਕਮਿਸ਼ਨ ਨੇ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਨੂੰ ਵੀ ਨੋਟਿਸ ਜਾਰੀ ਕਰਦੇ ਹੋਏ ਬਾਰ ਕੌਂਸਲ ਆਫ ਇੰਡੀਆ ਐਕਟ ਦੇ ਕਾਨੂੰਨ ਤਹਿਤ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰ ਕੇ ਰਿਪੋਰਟ ਪੇਸ਼ ਕਰਨ ਦਾ ਸਖ਼ਤ ਹੁਕਮ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿ੍ਰਤਪਾਲਜੀਤ ਸਿੰਘ ਵੱਲੋਂ ਵਕੀਲਾਂ ਦੇ ਵਿਰੋਧ ਦੇ ਬਾਵਜੂਦ ਹਿੰਦੂ ਦੇਵੀ-ਦੇਵਤਿਆਂ ਖ਼ਿਲਾਫ਼ ਕਾਫੀ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ। ਇਸ ਦੇ ਕਾਰਨ ਭਾਜਪਾ ਮੀਡੀਆ ਇੰਚਾਰਜ ਅਸ਼ੋਕ ਸਰੀਨ ਹਿੱਕੀ ਨੇ ਪਿ੍ਰਤਪਾਲਜੀਤ ਸਿੰਘ ਖ਼ਿਲਾਫ਼ ਹੁਸ਼ਿਆਰਪੁਰ ਦੇ ਸਿਟੀ ਥਾਣੇ ਵਿਚ ਮੁਕੱਦਮਾ ਨੰਬਰ 112ਧਾਰਾ 153ਏ , 295 ਏ ਤਹਿਤ ਦਰਜ ਕਰਵਾਇਆ ਸੀ। ਇਸ ਬਾਰੇ ਵੱਖ-ਵੱਖ ਸ਼ਹਿਰਾਂ ਤੋਂ ਵਕੀਲ ਦੀ ਗਿ੍ਫ਼ਤਾਰੀ ਲਈ ਮੰਗ ਪੱਤਰ ਦਿੱਤੇ ਗਏ ਤੇ ਇਸ ਮਾਮਲੇ ਵਿਚ ਸਹੀ ਜਾਂਚ ਕਰਨ ਦੀ ਮੰਗ ਕੀਤੀ ਗਈ ਸੀ, ਤਾਂ ਜੋ ਇਸ ਮਾਮਲੇ ਸ਼ਾਮਲ ਵਿਅਕਤੀਆਂ 'ਤੇ ਵੀ ਕਾਰਵਾਈ ਹੋ ਸਕੇ।