ਐਸਕੇਐਮ ਦੇ ਬੈਨਰ ਹੇਠ ਕਿਸਾਨਾਂ-ਮਜ਼ਦੂਰਾਂ ਦਾ ਰੋਸ ਧਰਨਾ
ਹੁਸ਼ਿਆਰਪੁਰ ਵਿੱਚ ਐਸਕੇਐਮ ਦੇ ਬੈਨਰ ਹੇਠ ਕਿਸਾਨਾਂ-ਮਜ਼ਦੂਰਾਂ ਦਾ ਧਰਨਾ, ਮੰਗਾਂ ਸਬੰਧੀ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ
Publish Date: Mon, 06 Apr 2026 05:08 PM (IST)
Updated Date: Tue, 07 Apr 2026 04:03 AM (IST)
-ਮੰਗਾਂ ਸਬੰਧੀ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ
ਹੁਸ਼ਿਆਰਪੁਰ : ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਸੋਮਵਾਰ ਨੂੰ ਇੱਥੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅੱਗੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਵਰਗਾਂ ਵੱਲੋਂ ਧਰਨਾ ਦਿੱਤਾ ਗਿਆ। ਇਹ ਧਰਨਾ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਜਾਰੀ ਰਿਹਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਭਾਗ ਲਿਆ। ਇਸ ਮੌਕੇ ਸਰਦਾਰ ਹਰਬੰਸ ਸਿੰਘ ਸੰਘਾ ਨੇ ਦੱਸਿਆ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਫਸਲਾਂ ’ਤੇ ਸੀ-2 ਪਲੱਸ 50 ਫੀਸਦੀ ਮੁਨਾਫ਼ੇ ਦੇ ਅਧਾਰ ’ਤੇ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਵੇ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਦਿੱਲੀ ਧਰਨੇ ਦੌਰਾਨ ਦਰਜ ਕੀਤੇ ਕੇਸ ਵਾਪਸ ਲਏ ਜਾਣ ਅਤੇ ਜ਼ਬਤ ਸਮਾਨ ਵਾਪਸ ਕੀਤਾ ਜਾਵੇ। ਇਸ ਤੋਂ ਇਲਾਵਾ ਬੀਜ ਅਤੇ ਬਿਜਲੀ ਸੰਬੰਧੀ ਬਿਲਾਂ ਨੂੰ ਰੱਦ ਕਰਨ, ਸਿੱਖਿਆ ਨੀਤੀ 2020 ਨੂੰ ਵਾਪਸ ਲੈ ਕੇ ਰੁਜ਼ਗਾਰ ਕੇਂਦਰਿਤ ਨੀਤੀ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ। ਉਨ੍ਹਾਂ ਨੇ ਹਾਲ ਹੀ ਵਿੱਚ ਹੋਈ ਬਾਰਿਸ਼ ਅਤੇ ਗੜੇਮਾਰੀ ਕਾਰਨ ਨੁਕਸਾਨੀ ਫਸਲਾਂ ਦੀ ਪੂਰੀ ਭਰਪਾਈ ਕਰਨ ਦੀ ਮੰਗ ਕੀਤੀ। ਨਾਲ ਹੀ ਯੂਰੀਆ ਦੇ ਬੈਗ ਦਾ ਵਜ਼ਨ ਮੁੜ 50 ਕਿਲੋ ਕਰਨ ਅਤੇ ਖਾਦਾਂ ’ਤੇ ਸਬਸਿਡੀ ਪਹਿਲਾਂ ਦੀ ਤਰ੍ਹਾਂ ਕੰਪਨੀਆਂ ਨੂੰ ਦੇ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ। ਕਿਸਾਨ ਆਗੂਆਂ ਨੇ ਖਨੌਰੀ ਅਤੇ ਸ਼ੰਭੂ ਬਾਰਡਰ ’ਤੇ ਕਿਸਾਨਾਂ ਦੇ ਚੋਰੀ ਹੋਏ ਸਮਾਨ ਅਤੇ ਟਰਾਲੀਆਂ ਦੀ ਭਰਪਾਈ ਕਰਨ ਦੀ ਮੰਗ ਵੀ ਰੱਖੀ।
ਧਰਨੇ ਨੂੰ ਬਲਵਿੰਦਰ ਸਿੰਘ ਗਿੱਲ, ਭੁਪਿੰਦਰ ਸਿੰਘ ਭੁੰਗਾ, ਮਲਕੀਤ ਸਿੰਘ, ਗੁਰਜਪਾਲ ਸਿੰਘ, ਗੁਰਮੇਸ਼ ਸਿੰਘ, ਤਲਵਿੰਦਰ ਸਿੰਘ ਉਗਰਾਹਾਂ, ਕਾਮਰੇਡ ਗੰਗਾ ਪ੍ਰਸ਼ਾਦ, ਗੁਰਨਾਮ ਸਿੰਘ ਚੱਕ ਰਾਜੂ, ਚਰਨਜੀਤ ਸਿੰਘ ਭਿੰਡ ਅਤੇ ਹਰਮੇਸ਼ ਸਿੰਘ ਢੇਸੀ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਸ਼ੇਰ ਜੰਗ ਬਹਾਦਰ ਸਿੰਘ ਨੇ ਚਲਾਈ, ਜਦਕਿ ਅੰਤ ਵਿੱਚ ਸ਼ਿੰਗਾਰਾ ਸਿੰਘ ਨੇ ਸਾਰੇ ਹਾਜ਼ਰ ਕਿਸਾਨਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਧਰਨੇ ਤੋਂ ਬਾਅਦ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ।