'ਅਗੇਤੀ ਚਿਤਾਵਨੀ ਪ੍ਰਣਾਲੀ' ਸਿਸਟਮ ਲਾਇਆ
ਬਿਆਸ ਕਿਨਾਰੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਬੀ.ਬੀ.ਐਮ.ਬੀ ਦਾ ਵੱਡਾ ਕਦਮ; ਲਗਾਇਆ 'ਅਗੇਤੀ ਚਿਤਾਵਨੀ ਪ੍ਰਣਾਲੀ' ਸਿਸਟਮ
Publish Date: Mon, 06 Apr 2026 05:17 PM (IST)
Updated Date: Tue, 07 Apr 2026 04:03 AM (IST)
-ਬਿਆਸ ਕਿਨਾਰੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਬੀਬੀਐਮਬੀ ਦਾ ਵੱਡਾ ਕਦਮ
ਹੁਸ਼ਿਆਰਪੁਰ : ਭਾਖੜਾ ਬਿਆਸ ਪ੍ਰਬੰਧ ਬੋਰਡ (ਬੀ.ਬੀ.ਐਮ.ਬੀ) ਵੱਲੋਂ ਬਿਆਸ ਨਦੀ ਕਿਨਾਰੇ ਅਗੇਤੀ ਚਿਤਾਵਨੀ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ, ਜਿਸ ਨਾਲ ਹੁਣ ਡੈਮ ਤੋਂ ਪਾਣੀ ਛੱਡੇ ਜਾਣ ਦੀ ਸਥਿਤੀ ਵਿੱਚ ਨਦੀ ਕਿਨਾਰੇ ਰਹਿੰਦੇ ਲੋਕਾਂ ਨੂੰ ਤੁਰੰਤ ਸੂਚਨਾ ਮਿਲ ਸਕੇਗੀ।
ਇਸ ਪ੍ਰਣਾਲੀ ਦਾ ਉਦਘਾਟਨ ਬੋਰਡ ਦੇ ਚੇਅਰਮੈਨ ਇੰਜਨੀਅਰ ਮਨੋਜ ਤ੍ਰਿਪਾਠੀ ਵੱਲੋਂ ਆਨਲਾਈਨ ਤਰੀਕੇ ਨਾਲ ਕੀਤਾ ਗਿਆ। ਇਸ ਪ੍ਰੋਜੈਕਟ ਤਹਿਤ ਕੁੱਲ 6 ਅਗੇਤੀ ਚਿਤਾਵਨੀ ਸਿਸਟਮ ਲਗਾਏ ਗਏ ਹਨ।
ਚੇਅਰਮੈਨ ਮਨੋਜ ਤ੍ਰਿਪਾਠੀ ਨੇ ਦੱਸਿਆ ਕਿ ਪਹਿਲਾਂ ਅਪਾਤ ਸਥਿਤੀ ਵਿੱਚ ਪੋਂਗ ਡੈਮ ਤੋਂ ਪਾਣੀ ਛੱਡਣ ਸਮੇਂ ਟੀਮਾਂ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਪਿੰਡਾਂ ਵਿੱਚ ਜਾ ਕੇ ਲਾਊਡਸਪੀਕਰਾਂ ਰਾਹੀਂ ਲੋਕਾਂ ਨੂੰ ਚੇਤਾਵਨੀ ਦਿੱਤੀ ਜਾਂਦੀ ਸੀ, ਜਿਸ ਨਾਲ ਸੂਚਨਾ ਪਹੁੰਚਣ ਵਿੱਚ ਸਮਾਂ ਲੱਗਦਾ ਸੀ। ਹੁਣ ਨਵੀਂ ਪ੍ਰਣਾਲੀ ਨਾਲ ਇਹ ਸੂਚਨਾ ਤੁਰੰਤ ਲੋਕਾਂ ਤੱਕ ਪਹੁੰਚੇਗੀ ਅਤੇ ਹਾਦਸਿਆਂ ਦੇ ਖ਼ਤਰੇ ਵਿੱਚ ਕਮੀ ਆਵੇਗੀ।
ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਨੇ ਦੱਸਿਆ ਕਿ 52 ਗੇਟ ਬੈਰਾਜ ਤੋਂ ਮਿਰਥਲ ਤੱਕ ਲਗਭਗ 50 ਕਿਲੋਮੀਟਰ ਖੇਤਰ ਵਿੱਚ ਇਹ 6 ਚਿਤਾਵਨੀ ਕੇਂਦਰ ਸਥਾਪਿਤ ਕੀਤੇ ਗਏ ਹਨ। ਇਹ ਪੇਖਾਂ, ਸੰਸਾਰਪੁਰ ਟੈਰੇਸ, ਸ਼ਾਹ ਬੈਰਾਜ ਦੇ ਸੱਜੇ ਪਾਸੇ, ਰਿਆਲੀ (ਫਤਿਹਪੁਰ), ਬੇਲਾ ਸੜਿਆਣਾ (ਮੁਕੇਰੀਆਂ), ਪਰਲ (ਇੰਦੋਰਾ) ਅਤੇ ਅਰਨੀ ਯੂਨੀਵਰਸਿਟੀ ਇੰਦੋਰਾ ਨੇੜੇ ਲਗਾਏ ਗਏ ਹਨ।
ਉਨ੍ਹਾਂ ਕਿਹਾ ਕਿ ਇਹ ਸਿਸਟਮ ਆਬਾਦੀ ਵਾਲੇ ਖੇਤਰਾਂ ਦੇ ਨੇੜੇ ਲਗਾਏ ਗਏ ਹਨ ਅਤੇ ਜਿਵੇਂ ਹੀ ਡੈਮ ਤੋਂ ਪਾਣੀ ਛੱਡਿਆ ਜਾਵੇਗਾ, ਇਨ੍ਹਾਂ ਕੇਂਦਰਾਂ ਤੋਂ ਅਗਾਉਂ ਅਲਰਟ ਜਾਰੀ ਹੋਵੇਗਾ, ਜਿਸ ਨਾਲ ਲੋਕ ਸਮੇਂ ਸਿਰ ਨਦੀ ਦੇ ਬੈਡ ਤੋਂ ਦੂਰ ਹੋ ਸਕਣਗੇ।
ਇਸ ਮੌਕੇ ਬਿਆਸ ਡੈਮ ਦੇ ਮੁੱਖ ਇੰਜਨੀਅਰ ਰਾਕੇਸ਼ ਗੁਪਤਾ, ਉਪ ਮੁੱਖ ਇੰਜਨੀਅਰ ਵਿਮਲ ਕੁਮਾਰ ਮੀਨਾ, ਨਿਗਰਾਨ ਇੰਜਨੀਅਰ ਮਨਵੀਨ ਚੌਧਰੀ, ਕਾਰਜਕਾਰੀ ਇੰਜਨੀਅਰ ਵਿਨੈ ਕੁਮਾਰ, ਐਸਡੀਓ ਪਰਮਿੰਦਰ ਸਿੰਘ, ਜੂਨੀਅਰ ਇੰਜਨੀਅਰ ਜਸਵਿੰਦਰ ਸਿੰਘ ਅਤੇ ਮਨੀਸ਼ ਸ਼ਰਮਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।