ਅਸਮਾਨੀ ਬਿਜਲੀ ਡਿੱਗਣ ਨਾਲ ਸਕੂਲ ਦੇ ਉਪਕਰਨ ਨੁਕਸਾਨੇ
ਅਸਮਾਨੀ ਬਿਜਲੀ ਡਿੱਗਣ ਨਾਲ ਸਰਕਾਰੀ ਮਿਡਲ ਸਕੂਲ ਹਲੇੜ ਜਨਾਰਧਨ ਦੇ ਬਿਜਲੀ ਉਪਕਰਨ ਨੁਕਸਾਨੇ
Publish Date: Mon, 16 Mar 2026 05:26 PM (IST)
Updated Date: Tue, 17 Mar 2026 04:07 AM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੇ ਖ਼ਰਾਬ ਮੌਸਮ ਕਾਰਨ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਤੇਜ਼ ਹਨੇਰੀ-ਝੱਖੜ ਤੇ ਮੀਂਹ ਨਾਲ ਫ਼ਸਲਾਂ ਨੂੰ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਸੋਮਵਾਰ ਸਵੇਰੇ ਕਰੀਬ 9 ਵਜੇ ਸਰਕਾਰੀ ਮਿਡਲ ਸਕੂਲ ਹਲੇੜ ਜਨਾਰਧਨ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਸਕੂਲ ਦੇ ਬਿਜਲੀ ਉਪਕਰਨਾਂ ਦਾ ਵੱਡਾ ਨੁਕਸਾਨ ਹੋ ਗਿਆ। ਹਾਲਾਂਕਿ ਇਸ ਘਟਨਾ ਦੌਰਾਨ ਸਕੂਲ ਦਾ ਸਟਾਫ਼ ਅਤੇ ਵਿਦਿਆਰਥੀ ਬਾਲ-ਬਾਲ ਬਚ ਗਏ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਸ ਸੰਬੰਧੀ ਸਕੂਲ ਇੰਚਾਰਜ ਜੀਵਨ ਸ਼ਰਮਾ ਨੇ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਸਨ। ਜਿਵੇਂ ਹੀ ਉਹ ਅਤੇ ਹੋਰ ਸਟਾਫ਼ ਮੈਂਬਰ ਸਕੂਲ ਪੁੱਜ ਕੇ ਪ੍ਰੀਖਿਆ ਲੈਣ ਦੀ ਤਿਆਰੀ ਵਿੱਚ ਰੁੱਝੇ ਹੋਏ ਸਨ ਤਾਂ ਅਚਾਨਕ ਅਸਮਾਨੀ ਬਿਜਲੀ ਡਿੱਗਣ ਦੀ ਘਟਨਾ ਵਾਪਰੀ, ਜਿਸ ਨਾਲ ਕੁੱਝ ਸਮੇਂ ਲਈ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਬਿਜਲੀ ਡਿੱਗਣ ਕਾਰਨ ਸਕੂਲ ਦੀ ਬਿਜਲੀ ਦਾ ਮੇਨ ਸਵਿੱਚ, ਬਿਜਲੀ ਦੀਆਂ ਤਾਰਾਂ ਅਤੇ ਛੱਤ ਵਾਲੇ ਪੱਖੇ ਨੁਕਸਾਨੇ ਗਏ ਹਨ। ਖੁਸ਼ਕਿਸਮਤੀ ਨਾਲ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਸ ਮੌਕੇ ਪਿੰਡ ਵਾਸੀ ਅਜਮੇਰ ਸਿੰਘ, ਰਾਜੂ, ਬਿਕਰਮ ਰਾਣਾ, ਨੰਬਰਦਾਰ ਉਪਿੰਦਰ ਸਿੰਘ, ਸਕੂਲ ਕਮੇਟੀ ਮੈਂਬਰ ਸੁਲਿੰਦਰ ਸਿੰਘ, ਕਿਰਨ ਬਾਲਾ, ਅਮਰਜੀਤ ਕੌਰ, ਰੇਨੂੰ ਬਾਲਾ, ਸੰਦੀਪ ਕੁਮਾਰ, ਦੀਪਕ ਕੁਮਾਰ, ਗੁਰਨਾਮ ਸਿੰਘ, ਨੀਲਮ, ਸ਼ਿਖਾ ਸ਼ਰਮਾ, ਕਵਿਤਾ ਦੇਵੀ, ਤ੍ਰਿਪਤਾ, ਰਿੰਪੀ ਅਤੇ ਰੂਥਾਂ ਆਦਿ ਨੇ ਸਥਾਨਕ ਪ੍ਰਸ਼ਾਸਨ, ਸਿੱਖਿਆ ਵਿਭਾਗ ਅਤੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਸਕੂਲ ਵਿੱਚ ਹੋਏ ਨੁਕਸਾਨ ਦੀ ਭਰਪਾਈ ਜਲਦ ਤੋਂ ਜਲਦ ਕਰਵਾਈ ਜਾਵੇ ਤਾਂ ਜੋ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਬਿਨਾਂ ਕਿਸੇ ਰੁਕਾਵਟ ਦੇ ਸੁਚਾਰੂ ਢੰਗ ਨਾਲ ਕਰਵਾਈਆਂ ਜਾ ਸਕਣ।