ਬਾਰਿਸ਼, ਗੜੇਮਾਰੀ ਤੇ ਤੇਜ਼ ਹਵਾਵਾਂ ਨਾਲ ਵਧੀ ਠੰਢ
ਬਾਰਿਸ਼, ਗੜੇਮਾਰੀ ਅਤੇ ਤੇਜ਼ ਹਵਾਵਾਂ ਨਾਲ ਵਧੀ ਠੰਢ; ਕਣਕ ਦੀ ਫਸਲ ਨੂੰ ਨੁਕਸਾਨ ਦਾ ਖਦਸ਼ਾ, ਬਾਜ਼ਾਰਾਂ ਵਿੱਚ ਵੀ ਰਹੀ ਸੁਸਤਗੀ
Publish Date: Mon, 16 Mar 2026 05:21 PM (IST)
Updated Date: Tue, 17 Mar 2026 04:07 AM (IST)

ਕਣਕ ਦੀ ਫਸਲ ਨੂੰ ਨੁਕਸਾਨ ਦਾ ਖਦਸ਼ਾ, ਬਾਜ਼ਾਰਾਂ ਵਿੱਚ ਵੀ ਰਹੀ ਸੁਸਤਗੀ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੋਮਵਾਰ ਸਵੇਰੇ ਤੋਂ ਹੋ ਰਹੀ ਰੁਕ-ਰੁਕ ਕੇ ਬਾਰਿਸ਼ ਅਤੇ ਗੜੇਮਾਰੀ ਕਾਰਨ ਜਿੱਥੇ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਮੌਸਮ ਵਿੱਚ ਆਈ ਅਚਾਨਕ ਤਬਦੀਲੀ ਨੇ ਲੋਕਾਂ ਨੂੰ ਮੁੜ ਸਿਆਲ ਦਾ ਅਹਿਸਾਸ ਕਰਵਾ ਦਿੱਤਾ ਹੈ। ਮੌਸਮ ਦੇ ਅਚਾਨਕ ਬਦਲਾਅ ਨਾਲ ਆਮ ਜਨ-ਜੀਵਨ ਅਤੇ ਆਵਾਜਾਈ ‘ਤੇ ਵੀ ਅਸਰ ਪਿਆ। ਐਤਵਾਰ ਸਵੇਰੇ ਤੋਂ ਹੀ ਹੁਸ਼ਿਆਰਪੁਰ ਸ਼ਹਿਰ ਦਾ ਆਸਮਾਨ ਘਣੇ ਬੱਦਲਾਂ ਨਾਲ ਢੱਕਿਆ ਰਿਹਾ ਅਤੇ ਰੁਕ-ਰੁਕ ਕੇ ਹਲਕੀ ਬਾਰਿਸ਼ ਹੁੰਦੀ ਰਹੀ, ਜੋ ਸਾਰੀ ਰਾਤ ਇਸੇ ਤਰ੍ਹਾਂ ਜਾਰੀ ਰਹੀ। ਪਿਛਲੇ ਦਿਨੀਂ ਵਧ ਰਹੀ ਗਰਮੀ ਕਾਰਨ ਲੋਕਾਂ ਨੇ ਆਪਣੇ ਸਰਦੀਆਂ ਦੇ ਗਰਮ ਕੱਪੜੇ ਸੰਭਾਲ ਕੇ ਰੱਖ ਦਿੱਤੇ ਸਨ, ਪਰ ਸੋਮਵਾਰ ਨੂੰ ਹੋਈ ਤੇਜ਼ ਬਾਰਿਸ਼ ਅਤੇ ਗੜੇਮਾਰੀ ਨਾਲ ਤਾਪਮਾਨ ਵਿੱਚ ਆਈ ਗਿਰਾਵਟ ਕਾਰਨ ਠੰਢ ਦਾ ਅਹਿਸਾਸ ਕਾਫ਼ੀ ਵਧ ਗਿਆ। ਠੰਢ ਵਧਣ ਨਾਲ ਲੋਕਾਂ ਨੂੰ ਆਪਣੇ ਸੰਭਾਲ ਕੇ ਰੱਖੇ ਗਰਮ ਕੱਪੜੇ ਦੁਬਾਰਾ ਕੱਢ ਕੇ ਪਹਿਨਣੇ ਪਏ। ਕਈ ਲੋਕਾਂ ਨੂੰ ਬਾਜ਼ਾਰਾਂ ਅਤੇ ਸੜਕਾਂ ‘ਤੇ ਸਵੈਟਰ, ਜੈਕਟਾਂ ਅਤੇ ਹੋਰ ਗਰਮ ਕੱਪੜੇ ਪਹਿਨੇ ਹੋਏ ਵੀ ਦੇਖਿਆ ਗਿਆ। ਖ਼ਰਾਬ ਮੌਸਮ ਅਤੇ ਠੰਢ ਕਾਰਨ ਸ਼ਹਿਰ ਦੇ ਬਾਜ਼ਾਰਾਂ ਵਿੱਚ ਗਾਹਕਾਂ ਦੀ ਆਮਦ ਕਾਫ਼ੀ ਘੱਟ ਰਹੀ। ਬਹੁਤ ਸਾਰੇ ਦੁਕਾਨਦਾਰ ਸਾਰਾ ਦਿਨ ਵਿਹਲੇ ਬੈਠੇ ਗਾਹਕਾਂ ਦੀ ਉਡੀਕ ਕਰਦੇ ਰਹੇ। ਲੋਕ ਛਤਰੀਆਂ ਲੈ ਕੇ ਬੜੀ ਮੁਸ਼ਕਲ ਨਾਲ ਆਪਣੇ ਜ਼ਰੂਰੀ ਕੰਮਾਂ ਲਈ ਘਰਾਂ ਤੋਂ ਬਾਹਰ ਨਿਕਲਦੇ ਦਿਖਾਈ ਦਿੱਤੇ। ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਹਾਲ ਹੀ ਵਿੱਚ ਹੋ ਰਹੀ ਬਾਰਿਸ਼ ਅਤੇ ਗੜੇਮਾਰੀ ਨਾਲ ਖੜੀ ਕਣਕ ਦੀ ਫਸਲ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕਣਕ ਦਾ ਝਾੜ ਘੱਟ ਹੋਣ ਦੀ ਸੰਭਾਵਨਾ ਹੈ ਅਤੇ ਲਗਭਗ 8 ਤੋਂ 10 ਕੁਇੰਟਲ ਪ੍ਰਤੀ ਕਿੱਲੇ ਦਾ ਨੁਕਸਾਨ ਹੋ ਸਕਦਾ ਹੈ, ਜਿਸ ਨਾਲ ਕਿਸਾਨ ਨੂੰ ਤਕਰੀਬਨ 25 ਹਜ਼ਾਰ ਰੁਪਏ ਪ੍ਰਤੀ ਕਿੱਲੇ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ।ਉਨ੍ਹਾਂ ਦੱਸਿਆ ਕਿ ਜਿਹੜੀ ਆਲੂ ਦੀ ਫਸਲ ਹਜੇ ਖੇਤਾਂ ਵਿੱਚ ਖੜੀ ਹੈ, ਜੇ ਬਾਰਿਸ਼ ਹੋਰ ਵਧੀ ਤਾਂ ਉਸ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ ਅਤੇ ਆਲੂ ਦਾਗੀ ਹੋ ਸਕਦੇ ਹਨ। ਰਾਏ ਨੇ ਕਿਹਾ ਕਿ ਜਿਹੜੇ ਇਲਾਕਿਆਂ ਵਿੱਚ ਗੜੇਮਾਰੀ ਜ਼ਿਆਦਾ ਹੋਈ ਹੈ, ਉੱਥੇ ਪਸ਼ੂਆਂ ਦੇ ਚਾਰੇ ਨੂੰ ਵੀ ਨੁਕਸਾਨ ਹੋ ਸਕਦਾ ਹੈ। ਠੇਕੇ ਦੀ ਰਕਮ ਕੱਢਣੀ ਪੈ ਸਕਦੀ ਮੁਸ਼ਕਲ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਉਨ੍ਹਾਂ ਕੋਲ ਲਗਭਗ 12 ਕਿੱਲੇ ਆਪਣੀ ਜ਼ਮੀਨ ਹੈ ਅਤੇ ਕੁਝ ਜ਼ਮੀਨ ਠੇਕੇ ‘ਤੇ ਲਈ ਹੋਈ ਹੈ, ਜਿਸ ਵਿੱਚ ਕਰੀਬ 27-28 ਏਕੜ ਵਿੱਚ ਕਣਕ ਬੀਜੀ ਹੋਈ ਸੀ। ਤੇਜ਼ ਹਵਾ ਅਤੇ ਬਾਰਿਸ਼ ਕਾਰਨ ਚਾਰ-ਪੰਜ ਏਕੜ ਤੋਂ ਇਲਾਵਾ ਬਾਕੀ ਜ਼ਿਆਦਾਤਰ ਕਣਕ ਦੀ ਫਸਲ ਡਿੱਗ ਪਈ ਹੈ ਅਤੇ ਉਨ੍ਹਾਂ ਨੂੰ ਕਰੀਬ ਚਾਰ ਤੋਂ ਪੰਜ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਠੇਕੇ ‘ਤੇ ਜ਼ਮੀਨ ਲੈ ਕੇ ਕਣਕ ਬੀਜੀ ਸੀ, ਉਨ੍ਹਾਂ ਲਈ ਤਾਂ ਠੇਕੇ ਦੀ ਰਕਮ ਕੱਢਣੀ ਵੀ ਮੁਸ਼ਕਲ ਹੋ ਸਕਦੀ ਹੈ। ਮਾਲਵਾ ਖੇਤਰ ’ਚ ਵੀ ਪਏ ਗੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਨੇ ਕਿਹਾ ਕਿ ਬਾਰਿਸ਼ ਅਤੇ ਗੜੇਮਾਰੀ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਫਸਲਾਂ ਨੂੰ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਕੁਝ ਥਾਵਾਂ ‘ਤੇ ਨੁਕਸਾਨ ਘੱਟ ਹੈ ਅਤੇ ਕੁਝ ਥਾਵਾਂ ‘ਤੇ ਵੱਧ ਹੈ। ਉਨ੍ਹਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਮਾਲਵਾ ਖੇਤਰ ਵਿੱਚ ਫਾਜ਼ਿਲਕਾ ਇਲਾਕੇ ਵਿੱਚ ਕਾਫ਼ੀ ਗੜੇ ਪਏ ਹਨ। ਭੁੱਲਾ ਨੇ ਕਿਹਾ ਕਿ ਗੰਨੇ ਦੀ ਫਸਲ ਤੋਂ ਇਲਾਵਾ ਲਗਭਗ ਸਾਰੀਆਂ ਫਸਲਾਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੁਆਬਾ ਖੇਤਰ ਵਿੱਚ ਮੁੱਖ ਫਸਲ ਕਣਕ ਦੀ ਹੈ ਅਤੇ ਬਾਰਿਸ਼ ਤੇ ਗੜੇਮਾਰੀ ਨਾਲ ਇਸ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਖੇਤੀਬਾੜੀ ਵਿਭਾਗ ਵੱਲੋਂ ਨੁਕਸਾਨ ਦੀਆਂ ਰਿਪੋਰਟਾਂ ਇਕੱਠੀਆਂ ਮੁੱਖ ਖੇਤੀਬਾੜੀ ਅਫ਼ਸਰ ਦਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਜਿੱਥੇ ਬਾਰਿਸ਼ ਅਤੇ ਗੜੇਮਾਰੀ ਹੋਈ ਹੈ ਅਤੇ ਉਸ ਤੋਂ ਬਾਅਦ ਤੇਜ਼ ਹਵਾ ਚੱਲਦੀ ਹੈ, ਉੱਥੇ ਫਸਲ ਨੂੰ ਨੁਕਸਾਨ ਹੋਣ ਦਾ ਖਦਸ਼ਾ ਵੱਧ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਹਾਲੇ ਤੱਕ ਨੁਕਸਾਨ ਸਬੰਧੀ ਰਿਪੋਰਟਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਰਿਪੋਰਟਾਂ ਆਉਣ ਤੋਂ ਬਾਅਦ ਹੀ ਅਸਲ ਨੁਕਸਾਨ ਦਾ ਅੰਕਲਨ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਮੁੱਖ ਤੌਰ ‘ਤੇ ਕਣਕ ਦੀ ਫਸਲ ਖੜੀ ਹੈ, ਜਦਕਿ ਕੁਝ ਥਾਵਾਂ ‘ਤੇ ਹੀ ਦੇਰ ਨਾਲ ਬੀਜੇ ਆਲੂ ਖੇਤਾਂ ਵਿੱਚ ਮੌਜੂਦ ਹਨ। ਉਨ੍ਹਾਂ ਕਿਹਾ ਕਿ ਹਰੇ ਚਾਰੇ ਨੂੰ ਆਮ ਤੌਰ ‘ਤੇ ਘੱਟ ਨੁਕਸਾਨ ਹੁੰਦਾ ਹੈ ਕਿਉਂਕਿ ਪਸ਼ੂ ਪਾਲਕ ਇਸ ਨੂੰ ਵਰਤ ਲੈਂਦੇ ਹਨ।