ਆਮ ਆਦਮੀ ਕਲੀਨਿਕ ਮਰੀਜ਼ ਫੀਡਬੈਕ ’ਚ ਜ਼ਿਲ੍ਹੇ ਦਾ ਪੰਜਾਬ ਭਰ ’ਚ ਸਰਵੋਤਮ ਪ੍ਰਦਰਸ਼ਨ
ਆਮ ਆਦਮੀ ਕਲੀਨਿਕ ਮਰੀਜ਼ ਫੀਡਬੈਕ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦਾ ਪੰਜਾਬ ਭਰ ਵਿੱਚ ਸਰਵੋਤਮ ਪ੍ਰਦਰਸ਼ਨ
Publish Date: Wed, 18 Feb 2026 05:31 PM (IST)
Updated Date: Thu, 19 Feb 2026 04:04 AM (IST)

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਚੰਡੀਗੜ੍ਹ ’ਚ ਕੀਤਾ ਸਨਮਾਨਿਤ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਿਹਤ ਵਿਭਾਗ ਦੀ ਟੀਮ ਨੂੰ ਦਿੱਤੀ ਵਧਾਈ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ਦੇ ਸਿਹਤ ਖੇਤਰ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦੇ ਚਲਦਿਆਂ ਹੁਸ਼ਿਆਰਪੁਰ ਨੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਆਮ ਆਦਮੀ ਕਲੀਨਿਕਾਂ ਦੇ ਮਰੀਜ਼ਾਂ ਦੇ ਫੀਡਬੈਕ ਵਿੱਚ ਹੁਸ਼ਿਆਰਪੁਰ ਜ਼ਿਲ੍ਹਾ ਪੰਜਾਬ ਭਰ ਵਿੱਚ ਪਹਿਲੇ ਸਥਾਨ ’ਤੇ ਰਿਹਾ ਹੈ। ਇਸ ਮੌਕੇ ਚੰਡੀਗੜ੍ਹ ਵਿੱਚ ਆਯੋਜਿਤ ਸਿਵਲ ਸਰਜਨ ਅਤੇ ਡਿਪਟੀ ਮੈਡੀਕਲ ਕਮਿਸ਼ਨਰਾਂ ਦੀ ਦੋ ਦਿਨਾਂ ਕਾਨਫਰੰਸ ਦੌਰਾਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਹੁਸ਼ਿਆਰਪੁਰ ਨੂੰ ਸਰਵੋਤਮ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਜ਼ਿਲ੍ਹੇ ਦੀ ਐਕਟਿੰਗ ਸਿਵਲ ਸਰਜਨ ਅਤੇ ਆਮ ਆਦਮੀ ਕਲੀਨਿਕ ਦੀ ਨੋਡਲ ਅਫਸਰ ਡਾ. ਸੀਮਾ ਗਰਗ ਨੇ ਪ੍ਰਾਪਤ ਕੀਤਾ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਸ ਉਪਲਬਧੀ ’ਤੇ ਸਿਹਤ ਵਿਭਾਗ ਦੀ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਨਮਾਨ ਜ਼ਿਲ੍ਹੇ ਦੇ ਮਜ਼ਬੂਤ ਸਿਹਤ ਢਾਂਚੇ, ਟੀਮ ਵਰਕ ਅਤੇ ਲੋਕਾਂ ਦੇ ਭਰੋਸੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਰਾਹੀਂ ਸਰਕਾਰ ਪ੍ਰਾਇਮਰੀ ਸਿਹਤ ਸੇਵਾਵਾਂ ਨੂੰ ਲੋਕਾਂ ਦੇ ਘਰ-ਦੁਆਰ ਤੱਕ ਪਹੁੰਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਤੌਰ ’ਤੇ ਡਾ. ਸੀਮਾ ਗਰਗ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੁਚੱਜੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਯਕੀਨੀ ਬਣੀ ਹੈ। ਕਲੀਨਿਕਾਂ ਵਿੱਚ ਇਲਾਜ ਤੋਂ ਬਾਅਦ ਕਾਲ ਸੈਂਟਰ ਰਾਹੀਂ ਮਰੀਜ਼ਾਂ ਤੋਂ ਸਿੱਧੀ ਰਾਏ ਲਈ ਜਾਂਦੀ ਹੈ, ਜਿਸ ਵਿੱਚ ਡਾਕਟਰਾਂ ਦਾ ਵਿਵਹਾਰ, ਦਵਾਈਆਂ ਦੀ ਉਪਲਬਧਤਾ ਅਤੇ ਸਾਫ਼-ਸਫਾਈ ਬਾਰੇ ਪੁੱਛਿਆ ਜਾਂਦਾ ਹੈ। ਇਸੇ ਪਾਰਦਰਸ਼ੀ ਪ੍ਰਣਾਲੀ ਕਾਰਨ ਹੁਸ਼ਿਆਰਪੁਰ ਅੱਜ ਪੰਜਾਬ ਭਰ ਵਿੱਚੋਂ ਪਹਿਲੇ ਨੰਬਰ ਤੇ ਆਇਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 74 ਆਮ ਆਦਮੀ ਕਲੀਨਿਕ ਚੱਲ ਰਹੇ ਹਨ, ਜਿੱਥੇ ਲੋਕਾਂ ਨੂੰ ਮੁਫ਼ਤ ਅਤੇ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਹਰ ਕਲੀਨਿਕ ਵਿੱਚ ਮੈਡੀਕਲ ਅਫਸਰ, ਫਾਰਮੇਸੀ ਅਫਸਰ, ਕਲੀਨਿਕਲ ਅਸਿਸਟੈਂਟ ਅਤੇ ਸਹਾਇਕ ਸਟਾਫ ਤੈਨਾਤ ਹੈ। ਇੱਥੇ ਜ਼ਰੂਰੀ ਜਾਂਚਾਂ ਅਤੇ 102 ਕਿਸਮਾਂ ਦੀਆਂ ਦਵਾਈਆਂ ਮੁਫ਼ਤ ਉਪਲਬਧ ਕਰਵਾਈਆਂ ਜਾਂਦੀਆਂ ਹਨ। ਡਾ. ਸੀਮਾ ਗਰਗ ਨੇ ਦੱਸਿਆ ਕਿ ਗਰਭਵਤੀ ਮਹਿਲਾਵਾਂ ਲਈ ਪੈਨਲ ਵਿੱਚ ਸ਼ਾਮਲ ਅਲਟ੍ਰਾਸਾਊਂਡ ਕੇਂਦਰਾਂ ’ਤੇ ਮੁਫ਼ਤ ਅਲਟ੍ਰਾਸਾਊਂਡ ਅਤੇ ਲੈਵਲ-2 ਸਕੈਨ ਸੇਵਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ।