ਸਰਕਾਰੀ ਸਕੂਲਾਂ ’ਚ ‘ਸਿੱਖਿਆ ਦਾ ਮਹਾਂ ਜਸ਼ਨ’ 30 ਨੂੰ
30 ਮਈ ਨੂੰ ਸਰਕਾਰੀ ਸਕੂਲਾਂ ਵਿੱਚ ਮਨਾਇਆ ਜਾਵੇਗਾ ‘ਸਿੱਖਿਆ ਦਾ ਮਹਾਂ ਜਸ਼ਨ’, ਮੈਗਾ ਪੀ.ਟੀ.ਐਮ. ਰਾਹੀਂ ਮਾਪਿਆਂ ਨਾਲ ਹੋਵੇਗਾ ਸਿੱਧਾ ਸੰਵਾਦ
Publish Date: Thu, 28 May 2026 08:09 PM (IST)
Updated Date: Fri, 29 May 2026 04:17 AM (IST)

ਮੈਗਾ ਪੀਟੀਐੱਮ ਰਾਹੀਂ ਮਾਪਿਆਂ ਨਾਲ ਹੋਵੇਗਾ ਸਿੱਧਾ ਸੰਵਾਦ ਨੀਤੀ ਆਯੋਗ ਰੈਂਕਿੰਗ ’ਚ ਪੰਜਾਬ ਨੂੰ ਦੇਸ਼ ਭਰ ਚੋਂ ਨੰਬਰ-1 ਸਥਾਨ ਮਿਲਣ ਦੀ ਖ਼ੁਸ਼ੀ ’ਚ ਵਿਸ਼ੇਸ਼ ਆਯੋਜਨ ਹੋਣਹਾਰ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਸਟਾਫ਼ ਨੂੰ ਕੀਤਾ ਜਾਵੇਗਾ ਸਨਮਾਨਿਤ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਉਂਦੀ 30 ਮਈ ਨੂੰ ਸਿੱਖਿਆ ਦਾ ਇੱਕ ਵੱਡਾ ਉਤਸਵ ਦੇਖਣ ਨੂੰ ਮਿਲੇਗਾ। ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ ਸਾਰੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸ਼ਨੀਵਾਰ ਨੂੰ “ਸਿੱਖਿਆ ਦਾ ਮਹਾਂ ਜਸ਼ਨ” ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਖ਼ਾਸ ਮੌਕੇ ਤੇ ਸਕੂਲਾਂ ਵਿੱਚ ਇੱਕ ਵਿਸ਼ਾਲ ਮੈਗਾ ਪੇਰੈਂਟਸ-ਟੀਚਰਜ਼ ਮੀਟਿੰਗ (ਪੀ.ਟੀ.ਐਮ.) ਅਤੇ ਵਿਸ਼ੇਸ਼ ਮਾਪੇ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ, ਜਿਸ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ। ਸਿੱਖਿਆ ਵਿਭਾਗ ਅਨੁਸਾਰ, ਇਹ ਆਯੋਜਨ ਨੀਤੀ ਆਯੋਗ ਦੀ ਸਕੂਲ ਸਿੱਖਿਆ ਗੁਣਵੱਤਾ ਰਿਪੋਰਟ 2026 ਅਤੇ ਕੇਂਦਰ ਸਰਕਾਰ ਦੇ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਵਿੱਚ ਪੰਜਾਬ ਨੂੰ ਦੇਸ਼ ਭਰ ਵਿੱਚੋਂ ਪਹਿਲਾ ਸਥਾਨ ਮਿਲਣ ਦੀ ਵੱਡੀ ਪ੍ਰਾਪਤੀ ਦੀ ਖ਼ੁਸ਼ੀ ਵਿੱਚ ਕੀਤਾ ਜਾ ਰਿਹਾ ਹੈ। ਵਿਭਾਗ ਦਾ ਮੰਨਣਾ ਹੈ ਕਿ ਇਸ ਇਤਿਹਾਸਕ ਸਫਲਤਾ ਵਿੱਚ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦਾ ਸਾਂਝਾ ਯੋਗਦਾਨ ਰਿਹਾ ਹੈ, ਇਸ ਲਈ ਇਸ ਦਾ ਜਸ਼ਨ ਸਕੂਲ ਪੱਧਰ ਤੇ ਮਨਾਇਆ ਜਾਣਾ ਲਾਜ਼ਮੀ ਹੈ। ਬਾਕਸ-- ਸਵੇਰੇ 8 ਵਜੇ ਸ਼ੁਰੂ ਹੋਵੇਗਾ ਪ੍ਰੋਗਰਾਮ, ਲੱਗਣਗੀਆਂ ਵਿਸ਼ੇਸ਼ ਵਰਕਸ਼ਾਪਾਂ ਐੱਸਸੀਈਆਰਟੀ ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਹ ਪ੍ਰੋਗਰਾਮ 30 ਮਈ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗਾ। ਇਸ ਦੌਰਾਨ ਮਾਪਿਆਂ ਲਈ ਵਿਸ਼ੇਸ਼ ਵਰਕਸ਼ਾਪਾਂ ਲਗਾਈਆਂ ਜਾਣਗੀਆਂ, ਜੋ 30 ਤੋਂ 40 ਲੋਕਾਂ ਦੇ ਛੋਟੇ-ਛੋਟੇ ਸਮੂਹਾਂ ਵਿੱਚ ਹੋਣਗੀਆਂ ਤਾਂ ਜੋ ਆਪਸੀ ਗੱਲਬਾਤ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਇਹ ਵਰਕਸ਼ਾਪਾਂ ਸਿਰਫ਼ ਰਸਮੀ ਭਾਸ਼ਣਾਂ ਤੱਕ ਸੀਮਤ ਨਹੀਂ ਹੋਣਗੀਆਂ, ਸਗੋਂ ਬੱਚਿਆਂ ਦੀ ਪੜ੍ਹਾਈ, ਉਨ੍ਹਾਂ ਦੇ ਵਿਵਹਾਰ, ਮਾਨਸਿਕ ਵਿਕਾਸ ਅਤੇ ਭਵਿੱਖ ਦੀ ਉੱਚ ਸਿੱਖਿਆ ਨੂੰ ਲੈ ਕੇ ਮਾਪਿਆਂ ਤੇ ਅਧਿਆਪਕਾਂ ਵਿਚਕਾਰ ਖੁੱਲ੍ਹ ਕੇ ਚਰਚਾ ਹੋਵੇਗੀ। ਬਾਕਸ-- ਹੋਣਹਾਰ ਵਿਦਿਆਰਥੀ ਅਤੇ ਅਧਿਆਪਕ ਹੋਣਗੇ ਸਨਮਾਨਿਤ ਸਮਾਗਮ ਦੌਰਾਨ ਬੋਰਡ ਪ੍ਰੀਖਿਆਵਾਂ ਵਿੱਚ ਸਕੂਲ ਪੱਧਰ ਤੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ, ਕਿਸੇ ਵਿਸ਼ੇ ਵਿੱਚ 100 ਪ੍ਰਤੀਸ਼ਤ ਅੰਕ ਲੈਣ ਵਾਲੇ ਵਿਦਿਆਰਥੀ ਅਤੇ ਜੇਈਈ, ਕਲੈਟ ਸਮੇਤ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਸਰਟੀਫਿਕੇਟ ਦੇ ਕੇ ਨਿਵਾਜਿਆ ਜਾਵੇਗਾ। ਇਸ ਦੇ ਨਾਲ ਹੀ, ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਸਿਖਰ ਤੇ ਪਹੁੰਚਾਉਣ ਵਾਲੇ ਮਿਹਨਤੀ ਅਧਿਆਪਕਾਂ ਅਤੇ ਸਕੂਲ ਸਟਾਫ਼ ਨੂੰ ਸਥਾਨਕ ਵਿਧਾਇਕਾਂ ਅਤੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਸਨਮਾਨਿਤ ਕੀਤਾ ਜਾਵੇਗਾ। ਬਾਕਸ-- ਮਾਪਿਆਂ ਦੀ ਵੱਧ ਤੋਂ ਵੱਧ ਹਾਜ਼ਰੀ ਲਈ ਲਾਊਡਸਪੀਕਰਾਂ ਰਾਹੀਂ ਹੋਵੇਗੀ ਮੁਨਾਦੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਹੁਸ਼ਿਆਰਪੁਰ, ਹਰਜਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲ ਮੁਖੀਆਂ ਨੂੰ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ: ਇਹ ਸਿਰਫ਼ ਇੱਕ ਰਸਮੀ ਪੀ.ਟੀ.ਐਮ. ਨਹੀਂ ਹੈ, ਸਗੋਂ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਮਾਪਿਆਂ ਨੂੰ ਸਕੂਲ ਪ੍ਰਬੰਧ ਨਾਲ ਸਿੱਧੇ ਤੌਰ ਤੇ ਜੋੜਨ ਦਾ ਇੱਕ ਵੱਡਾ ਉਪਰਾਲਾ ਹੈ। ਮਾਪਿਆਂ ਦੀ ਵੱਧ ਤੋਂ ਵੱਧ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਸਕੂਲਾਂ ਨੂੰ ਸੋਸ਼ਲ ਮੀਡੀਆ, ਵਟਸਐਪ ਗਰੁੱਪਾਂ, ਪੰਚਾਇਤਾਂ ਅਤੇ ਧਾਰਮਿਕ ਸਥਾਨਾਂ ਦੇ ਲਾਊਡਸਪੀਕਰਾਂ ਰਾਹੀਂ ਜਾਣਕਾਰੀ ਪ੍ਰਸਾਰਿਤ ਕਰਨ ਲਈ ਕਿਹਾ ਗਿਆ ਹੈ। ਪਿੰਡ ਪੱਧਰ ਤੇ ਵੀ ਅਧਿਆਪਕਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਦੇ ਨਿਰਦੇਸ਼ ਹਨ ਤਾਂ ਜੋ ਕੋਈ ਵੀ ਮਾਪੇ ਇਸ ਸਮਾਗਮ ਤੋਂ ਵਾਂਝੇ ਨਾ ਰਹਿਨ। ਬਾਕਸ-- ਨਿਯਮਤ ਕਲਾਸਾਂ ਰਹਿਣਗੀਆਂ ਬੰਦ, ਮੁੱਖ ਦਫ਼ਤਰ ਰੱਖੇਗਾ ਨਜ਼ਰ ਮੈਗਾ ਪੀਟੀਐੱਮ ਵਾਲੇ ਦਿਨ ਸਕੂਲਾਂ ਵਿੱਚ ਰੋਜ਼ਾਨਾ ਵਾਂਗ ਨਿਯਮਤ ਕਲਾਸਾਂ (ਪੜ੍ਹਾਈ) ਨਹੀਂ ਲੱਗਣਗੀਆਂ। ਵਿਦਿਆਰਥੀ ਆਪਣੇ ਮਾਪਿਆਂ ਦੇ ਨਾਲ ਸਕੂਲ ਆ ਕੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਗੇ। ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ (ਹੈੱਡਕੁਆਰਟਰ) ਪੱਧਰ ਤੋਂ ਇਸ ਪੂਰੇ ਪ੍ਰੋਗਰਾਮ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਉੱਚ ਅਧਿਕਾਰੀ ਅਚਾਨਕ ਫ਼ੋਨ ਕਾਲਾਂ ਰਾਹੀਂ ਮਾਪਿਆਂ ਤੋਂ ਸਿੱਧਾ ਫੀਡਬੈਕ ਵੀ ਲੈਣਗੇ। ਸਿੱਖਿਆ ਵਿਭਾਗ ਨੂੰ ਪੂਰੀ ਉਮੀਦ ਹੈ ਕਿ ‘ਸਿੱਖਿਆ ਦਾ ਮਹਾਂ ਜਸ਼ਨ’ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣ ਦੇ ਨਾਲ-ਨਾਲ ਮਾਪਿਆਂ ਅਤੇ ਸਕੂਲਾਂ ਵਿਚਕਾਰ ਬਿਹਤਰ ਤਾਲਮੇਲ ਸਥਾਪਤ ਕਰਕੇ ਸੂਬੇ ਦੇ ਸਿੱਖਿਆ ਢਾਂਚੇ ਨੂੰ ਹੋਰ ਮਜ਼ਬੂਤ ਕਰੇਗਾ।