ਕਾਰ ਦਾ ਦਰਵਾਜ਼ਾ ਖੁੱਲ੍ਹਣ ਨਾਲ ਵਾਪਰਿਆ ਦਰਦਨਾਕ ਹਾਦਸਾ, ਔਰਤ ਦੀ ਮੌਤ
ਕਾਰ ਦਾ ਦਰਵਾਜ਼ਾ ਖੁੱਲਣ ਨਾਲ ਵਾਪਰਿਆ ਦਰਦਨਾਕ ਹਾਦਸਾ, ਮਹਿਲਾ ਦੀ ਮੌਤ; ਦੋ ਨਾਮਜ਼ਦ ਸਮੇਤ ਇੱਕ ਅਣਪਛਾਤੇ ਖ਼ਿਲਾਫ ਮਾਮਲਾ ਦਰਜ
Publish Date: Thu, 28 May 2026 06:44 PM (IST)
Updated Date: Fri, 29 May 2026 04:11 AM (IST)

ਪਤੀ ਤੇ 3 ਸਾਲਾ ਮਾਸੂਮ ਪੁੱਤਰ ਗੰਭੀਰ ਜ਼ਖ਼ਮੀ, ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਪਿੱਪਲਾਵਾਲਾ ਇਲਾਕੇ ’ਚ ਇੱਕ ਦਿਲ ਕੰਬਾਊ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਕਾਰ ਚਾਲਕ ਤੇ ਉਸ ਵਿੱਚ ਬੈਠੇ ਨੌਜਵਾਨ ਦੀ ਇੱਕ ਲਾਪਰਵਾਹੀ ਨੇ ਹੱਸਦਾ-ਵੱਸਦਾ ਪਰਿਵਾਰ ਉਜਾੜ ਦਿੱਤਾ। ਇਸ ਹਾਦਸੇ ’ਚ ਇੱਕ 28 ਸਾਲਾ ਔਰਤ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ, ਜਦਕਿ ਉਸ ਦਾ ਪਤੀ ਤੇ 3 ਸਾਲਾ ਮਾਸੂਮ ਪੁੱਤਰ ਗੰਭੀਰ ਜ਼ਖ਼ਮੀ ਹੋ ਗਏ। ਮਾਡਲ ਟਾਊਨ ਪੁਲਿਸ ਨੇ ਇਸ ਮਾਮਲੇ ’ਚ 4 ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਬਾਕਸ-- ਕਿਵੇਂ ਵਾਪਰਿਆ ਇਹ ਭਿਆਨਕ ਹਾਦਸਾ? ਪੁਲਿਸ ਮੁਤਾਬਕ ਵਿਜੈ ਕੁਮਾਰ (34) ਪੁੱਤਰ ਸਵਰਨ ਦਾਸ, ਵਾਸੀ ਪਿੰਡ ਮਲਕੋ, ਜ਼ਿਲ੍ਹਾ ਜਲੰਧਰ ਲੰਘੀ 27 ਮਈ ਨੂੰ ਆਪਣੀ ਪਤਨੀ ਮਧੂ ਬਾਲਾ (28) ਤੇ 3 ਸਾਲ ਦੇ ਬੇਟੇ ਦਕਸ਼ ਕੁਮਾਰ ਨਾਲ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਲੰਧਰ ਤੋਂ ਆਪਣੇ ਸਹੁਰੇ ਪਿੰਡ ਥੱਥਲਾ (ਹੁਸ਼ਿਆਰਪੁਰ) ਜਾ ਰਿਹਾ ਸੀ, ਜਦੋਂ ਉਹ ਪਿੱਪਲਾਵਾਲਾ ਨੇੜੇ ਇੱਕ ਵਰਕਸ਼ਾਪ ਦੇ ਸਾਹਮਣੇ ਪਹੁੰਚੇ ਤਾਂ ਸੜਕ ਕਿਨਾਰੇ ਇੱਕ ਸਵਿਫਟ ਡਿਜ਼ਾਇਰ ਕਾਰ ਖੜ੍ਹੀ ਸੀ। ਬਾਕਸ-- ਲਾਪਰਵਾਹੀ ਦੀ ਹੱਦ : ਬਿਨਾਂ ਪਿੱਛੇ ਦੇਖੇ ਖੋਲ੍ਹ ਦਿੱਤੀ ਬਾਰੀ ਪੁਲਿਸ ਅਨੁਸਾਰ ਦੋਸ਼ ਹੈ ਕਿ ਕਾਰ ਦੇ ਡਰਾਈਵਰ ਗੁਰਦੀਪ ਸਿੰਘ ਪੁੱਤਰ ਮੰਗਲ ਸਿੰਘ, ਵਾਸੀ ਸਥਾਨਕ ਕੀਰਤੀ ਨਗਰ ਨੇ ਗੱਡੀ ਨੂੰ ਬਹੁਤ ਹੀ ਗਲਤ ੍ਯਤੇ ਅਣਗਹਿਲੀ ਨਾਲ ਸੜਕ ’ਤੇ ਪਾਰਕ ਕੀਤਾ ਹੋਇਆ ਸੀ। ਇਸੇ ਦੌਰਾਨ ਕਾਰ ਦੀ ਪਿਛਲੀ ਸੀਟ ’ਤੇ ਬੈਠੇ ਸੰਦੀਪ ਕੁਮਾਰ ਉਰਫ਼ ਬੰਟੀ ਗੁੱਜਰ ਪੁੱਤਰ ਜੋਗਿੰਦਰ ਪਾਲ, ਵਾਸੀ ਸਥਨਕ ਨਿਊ ਫਤਿਹਗੜ੍ਹ ਨੇ ਬਿਨਾਂ ਪਿੱਛੇ ਦੇਖੇ ਅਚਾਨਕ ਡਰਾਈਵਰ ਸਾਈਡ ਦਾ ਪਿਛਲਾ ਦਰਵਾਜ਼ਾ ਖੋਲ੍ਹ ਦਿੱਤਾ। ਵਿਜੈ ਕੁਮਾਰ ਦਾ ਮੋਟਰਸਾਈਕਲ ਸਿੱਧਾ ਕਾਰ ਦੇ ਉਸੇ ਦਰਵਾਜ਼ੇ ’ਚ ਜਾ ਵੱਜਿਆ, ਜਿਸ ਕਾਰਨ ਮੋਟਰਸਾਈਕਲ ਬੇਕਾਬੂ ਹੋ ਗਿਆ ਤੇ ਉਹ ਤਿੰਨੋਂ ਸੜਕ ’ਤੇ ਡਿੱਗ ਗਏ। ਬਾਕਸ-- ਟਿੱਪਰ ਹੇਠਾਂ ਆਈ ਪਤਨੀ, ਮੌਕੇ ’ਤੇ ਨਿਕਲੀ ਜਾਨ ਹਾਦਸਾ ਇੰਨਾ ਅਚਾਨਕ ਅਤੇ ਖ਼ੌਫ਼ਨਾਕ ਸੀ ਕਿ ਸੜਕ ’ਤੇ ਡਿੱਗਦੇ ਸਾਰ ਹੀ ਵਿਜੈ ਕੁਮਾਰ ਦੀ ਪਤਨੀ ਮਧੂ ਬਾਲਾ ਪਿੱਛੋਂ ਆ ਰਹੇ ਇੱਕ ਟਿੱਪਰ ਦੇ ਟਾਇਰਾਂ ਹੇਠਾਂ ਆ ਗਈ, ਜਿਸ ਕਾਰਨ ਮਧੂ ਬਾਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ’ਚ ਵਿਜੈ ਕੁਮਾਰ ਤੇ ਉਸ ਦੇ 3 ਸਾਲ ਦੇ ਮਾਸੂਮ ਬੱਚੇ ਦੇ ਵੀ ਗੰਭੀਰ ਸੱਟਾਂ ਲਗੀਆਂ। ਬਾਕਸ-- ਹਸਪਤਾਲ ਪਹੁੰਚਾ ਕੇ ਮੌਕਾ ਦੇਖ ਕੇ ਖਿਸਕਿਆ ਕਾਰ ਚਾਲਕ ਹਾਦਸੇ ਤੋਂ ਤੁਰੰਤ ਬਾਅਦ ਦਰਵਾਜ਼ਾ ਖੋਲ੍ਹਣ ਵਾਲਾ ਸੰਦੀਪ ਕੁਮਾਰ ਤੇ ਅਣਪਛਾਤਾ ਟਿੱਪਰ ਚਾਲਕ ਮੌਕੇ ਤੋਂ ਗੱਡੀ ਸਣੇ ਫ਼ਰਾਰ ਹੋ ਗਏ। ਹਾਲਾਂਕਿ, ਸਵਿਫਟ ਡਿਜ਼ਾਇਰ ਕਾਰ ਦੇ ਡਰਾਈਵਰ ਨੇ ਜ਼ਖ਼ਮੀ ਪਿਓ-ਪੁੱਤ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ। ਪੁਲਿਸ ਮੁਤਾਬਕ ਹਸਪਤਾਲ ਪਹੁੰਚਣ ਤੋਂ ਬਾਅਦ ਕਾਰ ਡਰਾਈਵਰ ਗੁਰਦੀਪ ਸਿੰਘ ਵੀ ਮੌਕਾ ਦੇਖ ਕੇ ਆਪਣੀ ਸਵਿਫਟ ਡਿਜ਼ਾਇਰ ਕਾਰ ਸਮੇਤ ਉੱਥੋਂ ਰਫ਼ੂ-ਚੱਕਰ ਹੋ ਗਿਆ। ਬਾਕਸ- ਪੁਲਿਸ ਦੀ ਕਾਰਵਾਈ ਮਾਡਲ ਟਾਊਨ ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਗੁਰਦੀਪ ਸਿੰਘ, ਸੰਦੀਪ ਕੁਮਾਰ ਬੰਟੀ ਤੇ ਫ਼ਰਾਰ ਟਿੱਪਰ ਚਾਲਕ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਫਰਾਰ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।