ਹੁਸ਼ਿਆਰਪੁਰ ’ਚ ਵੋਟਾਂ ਦੌਰਾਨ ਹੋਈ ਵੱਡੀ ਧਾਂਦਲੀ : ਤੀਕਸ਼ਣ ਸੂਦ
ਗਲਤ ਵੋਟਰ ਸੂਚੀਆਂ ਅਤੇ ਵਾਰਡ ਨਕਸ਼ੇ ਤਿਆਰ ਕੀਤੇ ਬਿਨਾਂ ਨਗਰ ਨਿਗਮ ਚੋਣਾਂ ਲੜਨ ਲਈ ਪ੍ਰਸ਼ਾਸਨ ਤਿਆਰ: ਤੀਕਸ਼ਣ ਸੂਦ
Publish Date: Thu, 28 May 2026 05:58 PM (IST)
Updated Date: Fri, 29 May 2026 04:09 AM (IST)

ਕਿਹਾ- ਗਲਤ ਵੋਟਰ ਸੂਚੀਆਂ ਤੇ ਵਾਰਡ ਨਕਸ਼ੇ ਤਿਆਰ ਕੀਤੇ ਬਿਨਾਂ ਨਿਗਮ ਚੋਣਾਂ ਲੜਨ ਲਈ ਪ੍ਰਸ਼ਾਸਨ ਤਿਆਰ ਮਾਮਲਾ ਰਾਜ ਚੋਣ ਕਮਿਸ਼ਨ ਕੋਲ ਲਿਜਾਣ ਤੇ ਲੋੜ ਪੈਣ ’ਤੇ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਚੇਤਾਵਨੀ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਤੀਕਸ਼ਣ ਸੂਦ ਨੇ ਪ੍ਰਸ਼ਾਸਨ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਚੋਣਾਂ ਵਿੱਚ ਵੱਡੀ ਧਾਂਦਲੀ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਚੋਣਾਂ ਨੂੰ ਲੁੱਟਣ (ਚੋਰੀ ਕਰਨ) ਦੇ ਇਰਾਦੇ ਨਾਲ ਬਿਨਾਂ ਕਿਸੇ ਪੁਖ਼ਤਾ ਤਿਆਰੀ ਦੇ ਚੋਣ ਮੈਦਾਨ ਵਿੱਚ ਉਤਰਨ ਦੀ ਫਿਰਾਕ ਵਿੱਚ ਹੈ। ਬਾਕਸ-- ਬਿਨਾਂ ਪ੍ਰਮਾਣਿਤ ਨਕਸ਼ਿਆਂ ਦੇ ਵੋਟਰ ਸੂਚੀਆਂ ਬਣਾਉਣ ਦਾ ਦਾਅਵਾ ਤੀਕਸ਼ਣ ਸੂਦ ਨੇ ਦੱਸਿਆ ਕਿ ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਲਈ ਵੋਟਰ ਸੂਚੀਆਂ ਨੂੰ ਅੰਤਿਮ ਰੂਪ ਦੇਣ ਲਈ ਐਤਰਾਜ਼ ਅਤੇ ਦਾਵਿਆਂ ਦੀ ਮਿਆਦ ਮੁਕੰਮਲ ਹੋ ਚੁੱਕੀ ਹੈ, ਪਰ ਮੈਦਾਨੀ ਪੱਧਰ ’ਤੇ ਕਿਸੇ ਵੀ ਕਿਸਮ ਦੀ ਸੁਚੱਜੀ ਤਿਆਰੀ ਨਜ਼ਰ ਨਹੀਂ ਆ ਰਹੀ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਆਗੂ ਆਪਣੀ ਸਹੂਲਤ ਮੁਤਾਬਕ ਵਾਰਡ ਹੱਦਬੰਦੀ ਦੀ ਨੋਟੀਫਿਕੇਸ਼ਨ ਜਾਰੀ ਨਹੀਂ ਕਰਵਾ ਸਕੇ, ਜਿਸ ਕਰਕੇ ਹੁਣ ਬਿਨਾਂ ਮਨਜ਼ੂਰਸ਼ੁਦਾ ਨਕਸ਼ਿਆਂ ਦੇ ਆਧਾਰ ’ਤੇ ਵੋਟਰ ਸੂਚੀਆਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਦ ਨੇ ਦੱਸਿਆ ਕਿ ਪਹਿਲਾਂ ਵੀ ਭਾਜਪਾ ਵੱਲੋਂ ਕੀਤੇ ਗਏ ਸਖ਼ਤ ਐਤਰਾਜ਼ਾਂ ਦੇ ਚਲਦੇ ਸਰਕਾਰ ਨੂੰ ਵੋਟਰ ਸੂਚੀਆਂ ਮੁੜ ਤਿਆਰ ਕਰਵਾਉਣੀਆਂ ਪਈਆਂ ਹਨ। ਭਾਜਪਾ ਆਗੂ ਨੇ ਖ਼ੁਲਾਸਾ ਕੀਤਾ ਕਿ ਜਦੋਂ ਲੋਕ ਵਾਰਡ ਨਕਸ਼ਿਆਂ ਦੀਆਂ ਕਾਪੀਆਂ ਲੈਣ ਲਈ ਨਗਰ ਨਿਗਮ ਦਫ਼ਤਰ ਜਾਂਦੇ ਹਨ, ਤਾਂ ਉਨ੍ਹਾਂ ਨੂੰ ਨਕਸ਼ੇ ਨਾ ਬਣੇ ਹੋਣ ਦਾ ਹਵਾਲਾ ਦੇ ਕੇ ਮੋੜ ਦਿੱਤਾ ਜਾਂਦਾ ਹੈ। ਚੋਣ ਨਿਯਮਾਂ ਅਨੁਸਾਰ ਸਰਕਾਰੀ ਨੋਟੀਫਿਕੇਸ਼ਨ ਵਿੱਚ ਦਰਸਾਏ ਗਏ ਵਾਰਡ ਢਾਂਚੇ ਮੁਤਾਬਕ ਸਹੀ ਨਕਸ਼ੇ ਪੇਸ਼ ਕਰਕੇ ਹੀ ਵੋਟਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਬਾਕਸ-- ਆਰਟੀਆਈ ’ਚ ਹੋਇਆ ਵੱਡਾ ਖ਼ੁਲਾਸਾ ਉਨ੍ਹਾਂ ਕਿਹਾ ਕਿ ਇੱਕ ਆਰ.ਟੀ.ਆਈ. ਤਹਿਤ ਮੰਗੀ ਗਈ ਜਾਣਕਾਰੀ ਦੇ ਜਵਾਬ ਵਿੱਚ ਖੁਦ ਨਗਰ ਨਿਗਮ ਨੇ ਮੰਨਿਆ ਹੈ ਕਿ ਇਸ ਚੋਣ ਲਈ ਨਾ ਤਾਂ ਕੋਈ ਨਵੀਂ ਜਨਗਣਨਾ ਕੀਤੀ ਗਈ ਹੈ ਅਤੇ ਨਾ ਹੀ ਕੋਈ ਅਧਿਕਾਰਤ ਨਕਸ਼ੇ ਤਿਆਰ ਕੀਤੇ ਗਏ ਹਨ। ਬਾਕਸ- ਵਾਰਡਬੰਦੀ ਦੇ ਨਿਯਮਾਂ ਦੀ ਉਲੰਘਣਾ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਨਵੀਂ ਵਾਰਡ ਸੀਮਾਬੰਦੀ ਸਿਰਫ਼ ਉਦੋਂ ਹੀ ਹੋ ਸਕਦੀ ਹੈ ਜਦੋਂ ਨਿਗਮ ਦੀਆਂ ਸੀਮਾਵਾਂ ਦਾ ਵਿਸਥਾਰ ਹੋਇਆ ਹੋਵੇ ਜਾਂ ਆਬਾਦੀ ਵਿੱਚ ਵਾਧਾ ਦਰਜ ਕੀਤਾ ਗਿਆ ਹੋਵੇ। ਨਿਗਮ ਦੇ ਆਪਣੇ ਜਵਾਬ ਮੁਤਾਬਕ ਇਹ ਦੋਵੇਂ ਗੱਲਾਂ ਨਹੀਂ ਹੋਈਆਂ, ਇਸ ਲਈ ਨਵੀਂ ਵਾਰਡਬੰਦੀ ਮੂਲ ਰੂਪ ਵਿੱਚ ਕੀਤੀ ਹੀ ਨਹੀਂ ਜਾ ਸਕਦੀ। ਉਨ੍ਹਾਂ ਨਿਗਮ ਅਧਿਕਾਰੀਆਂ ਦੀ ਸਫ਼ਾਈ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਦਾਅਵਾ ਕਰਨਾ ਬਿਲਕੁਲ ਗਲਤ ਹੈ ਕਿ ਵਾਰਡ 2021 ਦੀਆਂ ਚੋਣਾਂ ਵਾਲੇ ਹੀ ਹਨ ਅਤੇ ਸਿਰਫ਼ ਉਨ੍ਹਾਂ ਦੇ ਨੰਬਰ ਬਦਲੇ ਗਏ ਹਨ। ਹਕੀਕਤ ਇਹ ਹੈ ਕਿ ਸਾਰੇ ਨਵੇਂ ਵਾਰਡਾਂ, ਮੁਹੱਲਿਆਂ ਅਤੇ ਗਲੀਆਂ ਦੀਆਂ ਹੱਦਾਂ ਵਿੱਚ ਵੱਡੇ ਫੇਰਬਦਲ ਕੀਤੇ ਗਏ ਹਨ। ਬਾਕਸ-- ਅਦਾਲਤ ਜਾਣ ਦੀ ਚੇਤਾਵਨੀ ਇਨ੍ਹਾਂ ਸਾਰੀਆਂ ਤਰੁੱਟੀਆਂ ਤੇ ਗੜਬੜੀਆਂ ਕਾਰਨ ਹੁਸ਼ਿਆਰਪੁਰ ਨਗਰ ਨਿਗਮ ਦੀਆਂ ਚੋਣਾਂ ਦੇ ਨਿਰਪੱਖ ਅਤੇ ਪਾਰਦਰਸ਼ੀ ਹੋਣ ਤੇ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਤੀਕਸ਼ਣ ਸੂਦ ਨੇ ਸਪੱਸ਼ਟ ਕੀਤਾ ਕਿ ਇਸ ਪੂਰੇ ਮਾਮਲੇ ਨੂੰ ਜਲਦੀ ਹੀ ਰਾਜ ਚੋਣ ਕਮਿਸ਼ਨ ਦੇ ਸਾਹਮਣੇ ਚੁੱਕਿਆ ਜਾਵੇਗਾ, ਜੇਕਰ ਉੱਥੇ ਵੀ ਕੋਈ ਇਨਸਾਫ਼ ਨਾ ਮਿਲਿਆ ਅਤੇ ਸੁਧਾਰ ਨਾ ਹੋਇਆ, ਤਾਂ ਭਾਜਪਾ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।