ਪਿੰਡ ਮਨੋਲੀਆ ਦੇ ਇਕ ਘਰ ’ਤੇ ਦੋ ਮੋਟਰਸਾਈਕਲ ਸਵਾਰ ਅਣਪਛਾਤਿਆਂ ਨੇ ਚਲਾਈਆਂ ਗੋਲ਼ੀਆਂ
ਪਿੰਡ ਮਨੋਲੀਆ ਦੇ ਇਕ ਘਰ’ਤੇ ਅਣਪਛਾਤਿਆ ਦੋ ਮੋਟਰਸਾਈਕਲ ਸਵਾਰ ਨੌਜਵਾਨਾ ਵੱਲੋ ਚਲਾਈਆਂ ਤਾਬੜਤੋੜ ਗੋਲੀਆ
Publish Date: Sun, 24 May 2026 06:21 PM (IST)
Updated Date: Mon, 25 May 2026 04:08 AM (IST)

* ਪੁਲਿਸ ਨੇ ਤਿੰਨ ਗੋਲ਼ੀਆਂ ਦੇ ਖੋਲ ਕਬਜ਼ੇ ’ਚ ਲਏ * ਨੇੜੇ ਲੱਗੇ ਸੀਸੀਟੀਵੀ ਨੂੰ ਖੰਗਾਲਦੇ ਹੋਏ ਪੁਲਿਸ ਨੇ ਅਗਲੀ ਕਾਰਵਾਈ ਵਿੱਢੀ ਸਤਨਾਮ ਲੋਈ, ਪੰਜਾਬੀ ਜਾਗਰਣ ਮਾਹਿਲਪੁਰ : ਬੀਤੀ ਦੇਰ ਰਾਤ ਬਲਾਕ ਮਾਹਿਲਪੁਰ ਦੇ ਪਿੰਡ ਮਨੋਲੀਆ ’ਚ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਦੋ ਮੋਟਰਸਾਈਕਲ ’ਤੇ ਸਵਾਰ ਅਣਪਛਾਤੇ ਇਕ ਘਰ ’ਤੇ ਚਾਰ ਦੇ ਕਰੀਬ ਗੋਲ਼ੀਆਂ ਚਲਾ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਜਗੀਰ ਕੌਰ ਪਤਨੀ ਸਵ. ਸੂਬੇਦਾਰ ਸਾਧੂ ਸਿੰਘ ਵਾਸੀ ਮਨੋਲੀਆ ਨੇ ਸਰਪੰਚ ਗੁਰਦੇਵ ਸਿੰਘ, ਮਹਿੰਦਰ ਕੁਮਾਰ ਪੰਚ, ਸੁਖਵੰਤ ਸਿੰਘ ਪੰਚ, ਅਮਰਜੀਤ ਬਿੱਲੂ, ਨੰਬਰਦਾਰ ਦੇਸ ਰਾਜ, ਡਾ. ਟੇਕ ਚੰਦ ਦੀ ਹਾਜ਼ਰੀ ’ਚ ਦੱਸਿਆ ਕਿ ਉਹ ਬੀਤੀ ਰਾਤ ਆਪਣੀ ਨੂੰਹ ਰਣਜੀਤ ਕੌਰ ਤੇ ਪੋਤੀ ਰਵਨੀਤ ਕੌਰ ਸਮੇਤ ਘਰ ’ਚ ਸੁੱਤੇ ਪਏ ਸਨ ਅਤੇ ਉਸ ਦਾ ਭਤੀਜਾ ਪਾਖਰ ਸਿੰਘ ਬਾਹਰ ਵਿਹੜੇ ’ਚ ਸੁੱਤਾ ਪਿਆ। ਉਸ ਦਾ ਪੁੱਤਰ ਕੁਲਦੀਪ ਸਿੰਘ ਵਾੜ (ਹਵੇਲੀ)’ ਚ ਸੁੱਤਾ ਸੀ। ਉਸ ਨੇ ਦੱਸਿਆ ਕਿ ਲੰਘੀ ਰਾਤ ਤਕਰੀਬਨ 1.15 ਵਜੇ ਚਾਰ ਦੇ ਕਰੀਬ ਗੋਲ਼ੀਆਂ ਚੱਲਣ ਦੀ ਆਵਾਜ਼ ਆਈ। ਉਸ ਨੇ ਦੱਸਿਆ ਕਿ ਉਨ੍ਹਾਂ ਸਮਝਿਆ ਕਿ ਕੋਈ ਬੁਲਟ ਮੋਟਰਸਾਈਕਲ ਨਾਲ ਪਟਾਕੇ ਮਾਰਦਾ ਹੈ ਤੇ ਉਹ ਨਹੀਂ ਉੱਠੇ। ਉਸ ਨੇ ਦੱਸਿਆ ਕਿ ਜਦੋਂ ਸਵੇਰੇ ਉੱਠੇ ਤਾਂ ਘਰ ਦੇ ਮੇਨ ਦਰਵਾਜ਼ੇ ਸਾਹਮਣੇ ਰੇਤ ਡਿੱਗੀ ਹੋਈ ਸੀ। ਉਸ ਨੇ ਦੱਸਿਆ ਕਿ ਜਦੋਂ ੳਨ੍ਹਾਂ ਧਿਆਨ ਨਾਲ ਦੇਖਿਆ ਤਾਂ ਮੁੱਖ ਦਰਵਾਜ਼ੇ ਦੀ ਕੰਧ ’ਤੇ ਗੋਲ਼ੀਆਂ ਦੇ ਨਿਸ਼ਾਨ ਲੱਗੇ ਹੋਏ ਸਨ ਅਤੇ ਮੇਨ ਗੇਟ ਦੀ ਲੱਗੀ ਪਲਾਸਟਿਕ ਦੀ ਚਾਦਰ ’ਤੇ ਵੀ ਗੋਲ਼ੀਆਂ ਦੇ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੁਰੰਤ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਤੇ ਸਮੂਹ ਪੰਚਾਇਤ ਮੈਂਬਰਾਂ ਨੂੰ ਕੰਧ ਤੇ ਗੇਟ ਦੀ ਚਾਦਰ ’ਤੇ ਲੱਗੀਆਂ ਗੋਲ਼ੀਆਂ ਸਬੰਧੀ ਜਾਣਕਾਰੀ ਦਿੱਤੀ ਤੇ ਸਰਪੰਚ ਗੁਰਦੇਵ ਸਿੰਘ ਨੇ ਇਹ ਸਾਰੇ ਮਾਮਲਾ ਥਾਣਾ ਮਾਹਿਲਪੁਰ ਦੀ ਪੁਲਿਸ ਦੇ ਧਿਆਨ ’ਚ ਲਿਆਂਦਾ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਤਿੰਨ ਗੋਲ਼ੀਆਂ ਦੇ ਖੋਲ ਕਬਜ਼ੇ ’ਚ ਲਏ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਨੂੰ ਖੰਗਾਲਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਥਾਣਾ ਮੁਖੀ ਰਮਨਦੀਪ ਕੌਰ ਨੇ ਫੋਨ ਨਹੀਂ ਚੁੱਕਿਆ। ਥਾਣੇਦਾਰ ਰਛਪਾਲ ਸਿੰਘ ਨੇ ਦੱਸਿਆ ਕਿ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।