ਸਾਬਕਾ ਕੇਂਦਰੀ ਰਾਜ ਮੰਤਰੀ ਸੰਤੋਸ਼ ਚੌਧਰੀ ਦੇ ਘਰ ਭੰਨਤੋੜ ਤੇ ਚੋਰੀ
ਹੁਸ਼ਿਆਰਪੁਰ 'ਚ ਸਾਬਕਾ ਕੇਂਦਰੀ ਰਾਜ ਮੰਤਰੀ ਸੰਤੋਸ਼ ਚੌਧਰੀ ਦੇ ਘਰ ਚੋਰਾਂ ਵੱਲੋਂ ਭੰਨਤੋੜ ਅਤੇ ਚੋਰੀ; ਪੁਲਿਸ ਵੱਲੋਂ ਮਾਮਲਾ ਦਰਜ
Publish Date: Thu, 21 May 2026 06:59 PM (IST)
Updated Date: Fri, 22 May 2026 04:14 AM (IST)

ਪੁਲਿਸ ਨੇ ਮਾਮਲਾ ਕੀਤਾ ਦਰਜ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਾਬਕਾ ਕੇਂਦਰੀ ਰਾਜ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸੰਤੋਸ਼ ਚੌਧਰੀ ਦੇ ਹੁਸ਼ਿਆਰਪੁਰ ਦੇ ਬਾਹਰਵਾਰ ਹੁਸ਼ਿਆਰਪੁਰ-ਜਲੰਧਰ ਸੜਕ ਨਾਲ ਲੱਗਦੇ ਪਿੱਪਲਾਂਵਾਲਾ ਇਲਾਕੇ ’ਚ ਸਥਿਤ ਘਰ ’ਚ ਅਣਪਛਾਤੇ ਸ਼ਰਾਰਤੀ ਤੱਤਾਂ ਵੱਲੋਂ ਵੜ ਕੇ ਭੰਨਤੋੜ ਕਰਨ ਤੇ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਸੰਤੋਸ਼ ਚੌਧਰੀ ਬੁੱਧਵਾਰ ਨੂੰ ਜਲੰਧਰ ਗਏ ਹੋਏ ਸਨ ਤੇ ਸ਼ਾਮ ਕਰੀਬ 7:30 ਵਜੇ ਵਾਪਸ ਆਪਣੇ ਘਰ ਹੁਸ਼ਿਆਰਪੁਰ ਪਹੁੰਚੇ। ਘਰ ਪਹੁੰਚਣ ‘ਤੇ ਉਨ੍ਹਾਂ ਦੇ ਸਹਾਇਕ ਵੱਲੋਂ ਜਦੋਂ ਮੇਨ ਗੇਟ ਦਾ ਤਾਲਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਤਾਲਾ ਟੁੱਟਿਆ ਹੋਇਆ ਮਿਲਿਆ। ਇਸ ‘ਤੇ ਸ਼ੱਕ ਹੋਣ ‘ਤੇ ਜਦੋਂ ਉਹ ਘਰ ਅੰਦਰ ਦਾਖ਼ਲ ਹੋਏ ਤਾਂ ਉਨ੍ਹਾਂ ਨੇ ਵੇਖਿਆ ਕਿ ਘਰ ਦੇ ਅੰਦਰ ਕਾਫ਼ੀ ਭੰਨਤੋੜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਟਾਫ ਦੇ ਬਾਥਰੂਮ ਸਮੇਤ ਉੱਪਰਲੀ ਮੰਜ਼ਿਲ ‘ਤੇ ਮੌਜੂਦ ਦੋ ਬਾਥਰੂਮਾਂ ਵਿੱਚ ਵੱਡੇ ਪੱਧਰ ‘ਤੇ ਨੁਕਸਾਨ ਕੀਤਾ ਗਿਆ। ਉੱਥੇ ਲੱਗੀਆਂ ਟੂਟੀਆਂ, ਟਾਇਲਟ ਜੈੱਟ ਆਦਿ ਸਮਾਨ ਤੋੜ ਦਿੱਤਾ ਗਿਆ ਜਾਂ ਚੋਰੀ ਕਰ ਲਿਆ ਗਿਆ। ਉਨ੍ਹਾਂ ਮੁਤਾਬਕ ਇਸ ਘਟਨਾ ਨਾਲ ਕਰੀਬ 50 ਤੋਂ 60 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਸੰਤੋਸ਼ ਚੌਧਰੀ ਨੇ ਕਿਹਾ ਕਿ ਇਹ ਘਟਨਾ ਗੰਭੀਰ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਜੇਕਰ ਸਾਬਕਾ ਕੇਂਦਰੀ ਮੰਤਰੀ ਦਾ ਘਰ ਵੀ ਸੁਰੱਖਿਅਤ ਨਹੀਂ, ਤਾਂ ਆਮ ਲੋਕਾਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹਦੇ ਹਨ। ਉਨ੍ਹਾਂ ਦੱਸਿਆ ਕਿ ਉਹ ਘਰ ਵਿੱਚ ਇਕੱਲੇ ਰਹਿੰਦੇ ਹਨ ਅਤੇ ਇਸ ਸਮੇਂ ਉਨ੍ਹਾਂ ਕੋਲ ਕੋਈ ਸੁਰੱਖਿਆ ਨਹੀਂ ਹੈ, ਜਦਕਿ ਪਹਿਲਾਂ ਉਨ੍ਹਾਂ ਨੂੰ ਸੁਰੱਖਿਆ ਪ੍ਰਾਪਤ ਸੀ ਜੋ ਹੁਣ ਵਾਪਸ ਲੈ ਲਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਸਾਬਕਾ ਕੇਂਦਰੀ ਰਾਜ ਮੰਤਰੀ ਰਹਿ ਚੁੱਕੀਆਂ ਹਨ, ਤਿੰਨ ਵਾਰ ਲੋਕ ਸਭਾ ਦੀ ਮੈਂਬਰ ਰਹੇ ਹਨ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਚੇਅਰਪਰਸਨ ਵਜੋਂ ਸੇਵਾਮੁਕਤ ਹੋਏ ਹਨ ਅਤੇ ਨੈਸ਼ਨਲ ਕਮਿਸ਼ਨ ਫਾਰ ਸਫਾਈ ਕਰਮਚਾਰੀਆਂ ਦੀ ਵੀ ਚੇਅਰਪਰਸਨ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਵਾਰਦਾਤ ਸਮੇਂ ਉਹ ਘਰ ਹੁੰਦੇ ਤਾਂ ਕੋਈ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰ ਵਿੱਚ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਪਰ ਆਸ-ਪਾਸ ਦੇ ਕੈਮਰਿਆਂ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕਦੀ ਹੈ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਲੋਕਾਂ ਵਿੱਚ ਵਿਸ਼ਵਾਸ ਬਣਾਇਆ ਜਾਵੇ। ਇਸ ਮਾਮਲੇ ‘ਚ ਹੁਸ਼ਿਆਰਪੁਰ ਦੇ ਡਿਪਟੀ ਸੁਪਰਡੈਂਟ ਆਫ ਪੁਲਿਸ ਕੁਲਭੂਸ਼ਣ ਸ਼ਰਮਾ ਨੇ ਦੱਸਿਆ ਕਿ ਸੰਤੋਸ਼ ਚੌਧਰੀ ਦੇ ਘਰ ਵਿੱਚ ਦਾਖ਼ਲ ਹੋ ਕੇ ਕੁਝ ਵਿਅਕਤੀਆਂ ਵੱਲੋਂ ਵਾਸ਼ਬੇਸਿਨ ਅਤੇ ਹੋਰ ਸਮਾਨ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਟੂਟੀਆਂ, ਟਾਇਲਟ ਜੈੱਟ ਆਦਿ ਚੋਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਇਲਾਕੇ ਦੀਆਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।