ਗੈਰ-ਕਾਨੂੰਨੀ ਢੰਗ ਨਾਲ ਵੋਟਾਂ ਬਣਾਉਣ ਦੇ ਦੋਸ਼
ਗੜ੍ਹਸ਼ੰਕਰ ਦੇ ਵਾਰਡ ਨੰਬਰ 4 'ਚ ਗੈਰ-ਕਾਨੂੰਨੀ ਢੰਗ ਨਾਲ ਵੋਟਾਂ ਬਣਾਉਣ ਦੇ ਦੋਸ਼
Publish Date: Thu, 21 May 2026 06:49 PM (IST)
Updated Date: Fri, 22 May 2026 04:14 AM (IST)

ਕਿੱਤਣਾ ਵਲੋਂ ਰਾਜ ਚੋਣ ਕਮਿਸ਼ਨ ਪੰਜਾਬ ਕੋਲ ਸ਼ਿਕਾਇਤ ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ : 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਲਈ ਗੜ੍ਹਸ਼ੰਕਰ ਦਾ ਵਾਰਡ ਨੰਬਰ 4 ਇਸ ਸਮੇਂ ਚਰਚਾ ਵਿਚ ਹੈ ਕਿਉਂਕਿ ਵਾਰਡ ਨੰਬਰ 4 ਵਿਚ ਗੈਰ-ਕਾਨੂੰਨੀ ਢੰਗ ਨਾਲ ਵੋਟਾਂ ਬਣਾਉਣ ਦੇ ਦੂਜੀ ਵਾਰ ਗੰਭੀਰ ਦੋਸ਼ ਸਾਹਮਣੇ ਆਏ ਹਨ। ਇਸ ਸਬੰਧੀ ਆਰਟੀਆਈ ਤੇ ਸੋਸ਼ਲ ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਵਲੋਂ ਰਾਜ ਚੋਣ ਕਮਿਸ਼ਨ ਪੰਜਾਬ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਹੈ। ਕਿੱਤਣਾ ਨੇ ਸ਼ਿਕਾਇਤ ਚ ਦੱਸਿਆ ਕਿ ਗੜ੍ਹਸ਼ੰਕਰ ਦੇ ਕੁੱਝ ਰਾਜਸੀ ਆਗੂਆਂ ਅਤੇ ਸਰਕਾਰੀ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ਼ ਵਾਰਡ ਨੰਬਰ 4 ਵਿਚ ਅਜਿਹੇ ਵਿਅਕਤੀਆਂ ਦੀਆਂ ਵੋਟਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਦੀਆਂ ਵੋਟਾਂ ਪਹਿਲਾ ਹੀ ਉਨ੍ਹਾਂ ਦੇ ਜੱਦੀ ਪੁਸ਼ਤੀ ਪਿੰਡਾਂ ਅਤੇ ਹੋਰ ਥਾਵਾਂ ਤੇ ਮੌਜੂਦ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਕਾਰਵਾਈ ਇਕ ਖ਼ਾਸ ਉਮੀਦਵਾਰ ਨੂੰ ਫ਼ਾਇਦਾ ਪਹੁੰਚਾਉਣ ਲਈ ਕੀਤੀ ਗਈ ਹੈ। ਪਰਵਿੰਦਰ ਸਿੰਘ ਕਿੱਤਣਾ ਨੇ ਦੱਸਿਆ ਕਿ ਕਈ ਵੋਟਾਂ ਵਿਚ ਮਕਾਨ ਨੰਬਰ 0 (ਜ਼ੀਰੋ) ਦਰਜ ਕੀਤਾ ਗਿਆ ਹੈ, ਜਿਸ ਨਾਲ ਪੂਰੀ ਪ੍ਰਕਿਰਿਆ ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਵੋਟਾਂ ਬਣਾਉਣ ਲਈ ਸਬੰਧਤ ਵਿਅਕਤੀਆਂ ਦੀ ਸਹਿਮਤੀ ਲਈ ਗਈ ਸੀ ਜਾਂ ਨਹੀਂ। ਇਸ ਸਬੰਧੀ ਇਕ ਉਮੀਦਵਾਰ ਵਲੋਂ ਐੱਸ.ਡੀ.ਐੱਮ. ਗੜ੍ਹਸ਼ੰਕਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਕਿੱਤਣਾ ਨੇ ਸ਼ਿਕਾਇਤ ਵਿਚ ਐੱਸਡੀਐੱਮ ਗੜ੍ਹਸ਼ੰਕਰ ਅਤੇ ਉਸ ਦੇ ਸਟਾਫ਼ ਦੀ ਭੂਮਿਕਾ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਰਾਜ ਚੋਣ ਕਮਿਸ਼ਨ ਕੋਲ ਕੀਤੀਆਂ ਮੁੱਖ ਮੰਗਾਂ ਵਿਚ ਨਵੀਆਂ ਬਣੀਆਂ ਵੋਟਾਂ ਦੀ ਜਾਂਚ, ਗੈਰ ਕਾਨੂੰਨੀ ਢੰਗ ਨਾਲ ਬਣੀਆਂ ਵੋਟਾਂ ਦੀ ਵਰਤੋਂ ਤੇ ਰੋਕ, ਜ਼ਿੰਮੇਵਾਰ ਆਗੂਆਂ ਅਤੇ ਅਧਿਕਾਰੀਆਂ ਖਿਲਾਫ਼ ਕਾਰਵਾਈ ਅਤੇ ਪੂਰੀ ਪ੍ਰਕਿਰਿਆ ਦੀ ਨਿਰਪੱਖ ਜਾਂਚ ਸ਼ਾਮਿਲ ਹੈ। ਆਰ.ਟੀ.ਆਈ. ਤੇ ਸੋਸ਼ਲ ਐਕਟਿਵਿਸਿਟ ਪਰਵਿੰਦਰ ਸਿੰਘ ਕਿੱਤਣਾ ਨੇ ਕਿਹਾ ਕਿ ਲੋਕਤੰਤਰ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਰਪੱਖ ਬਣਾਉਣਾ ਬਹੁਤ ਜ਼ਰੂਰੀ ਹੈ ਅਤੇ ਜੇਕਰ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਇਹ ਮਾਮਲਾ ਹੋਰ ਉੱਚ ਅਧਿਕਾਰੀਆਂ ਅਤੇ ਅਦਾਲਤਾਂ ਤੱਕ ਵਿਚ ਲਿਆਂਦਾ ਜਾ ਸਕਦਾ ਹੈ।